ਕੈਨੇਡਾ ਪੁਲਿਸ ਨੇ ਟੰਗੇ ਕਾਰਾਂ ਦੀਆਂ ਰੇਸਾਂ ਲਾਉਣ ਵਾਲੇ
ਬਰੈਂਪਟਨ-ਮਿਸੀਸਾਗਾ ਦੀਆਂ ਸੜਕਾਂ ’ਤੇ ਕਾਰ ਰੇਸਿੰਗ ਅਤੇ ਸਟੰਟ ਡਰਾਈਵਿੰਗ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੀਲ ਪੁਲਿਸ ਵੱਲੋਂ 130 ਤੋਂ ਵੱਧ ਸ਼ੱਕੀਆ ਨੂੰ ਕਾਬੂ ਕੀਤਾ ਜਾ ਚੁੱਕਾ ਹੈ
ਬਰੈਂਪਟਨ : ਬਰੈਂਪਟਨ ਅਤੇ ਮਿਸੀਸਾਗਾ ਦੀਆਂ ਸੜਕਾਂ ’ਤੇ ਕਾਰ ਰੇਸਿੰਗ ਅਤੇ ਸਟੰਟ ਡਰਾਈਵਿੰਗ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੀਲ ਰੀਜਨਲ ਪੁਲਿਸ ਵੱਲੋਂ 130 ਤੋਂ ਵੱਧ ਸ਼ੱਕੀਆ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਅਤੇ 2,100 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ। ਜਾਂਚਕਰਤਾਵਾਂ ਨੇ ਦੱਸਿਆ ਪ੍ਰੌਜੈਕਟ ਈਰੇਜ਼ ਯਾਨੀ ਐਲੀਮੀਨੇਟਿੰਗ ਰੇਸਿੰਗ ਐਕਟੀਵਿਟਿਜ਼ ਔਨ ਸਟ੍ਰੀਟਸ ਐਵਰੀਵੇਅਰ ਅਧੀਨ ਗਰੇਟਰ ਟੋਰਾਂਟੋ ਏਰੀਆਂ ਵਿਚ ਵੱਖ ਵੱਖ ਥਾਵਾਂ ’ਤੇ ਕਾਰਵਾਈ ਦੌਰਾਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
ਬਰੈਂਪਟਨ ਅਤੇ ਮਿਸੀਸਾਗਾ ਵਿਚ 130 ਤੋਂ ਵੱਧ ਡਰਾਈਵਰ ਕਾਬੂ
ਮਈ ਅਤੇ ਜੂਨ ਮਹੀਨੇ ਦੌਰਾਨ ਪੀਲ ਰੀਜਨਲ ਪੁਲਿਸ ਨੇ ਤਕਰੀਬਨ 100 ਗੱਡੀਆਂ ਜ਼ਬਤ ਕੀਤੀਆਂ ਜਦਕਿ ਸਟੰਟ ਡਰਾਈਵਿੰਗ ਦੇ 86 ਅਤੇ ਉਚੀ ਆਵਾਜ਼ ਪੈਦਾ ਕਰਨ ਦੇ 125 ਦੋਸ਼ ਆਇਦ ਕੀਤੇ ਗਏ। ਇ ਮਾਮਲੇ ਵਿਚ ਡਰਾਈਵਰ ਨੂੰ 209 ਕਿਲੋਮੀਟਰ ਪ੍ਰਤੀ ਘੰਟਾ ਦੇ ਰਫ਼ਤਾਰ ਨਾਲ ਜਾਂਦਿਆਂ ਦੇਖਿਆ ਗਿਆ ਜਿਸ ਵਿਰੁੱਧ ਸਟੰਟ ਡਰਾਈਵਿੰਗ ਦੇ ਦੋਸ਼ ਲੱਗੇ। ਇਸ ਤੋਂ ਇਲਾਵਾ ਇਕ ਡਰਾਈਵਰ ਵੱਲੋਂ ਲਾਲ ਬੱਤੀ ਦੀ ਉਲੰਘਣਾ ਕੀਤੇ ਜਾਣ ਕਰ ਕੇ ਜਿਥੇ ਪਿਕਅੱਪ ਟਰੱਕ ਨੇ ਟੱਕਰ ਮਾਰ ਦਿਤੀ, ਉਥੇ ਹੀ ਉਸ ਦੀ ਗੱਡੀ ਮੂਧੀ ਵੱਜ ਗਈ। ਇਹ ਹਾਦਸਾ ਵੀ ਕਾਰ ਰੇਸਿੰਗ ਕਰ ਕੇ ਵਾਪਰਿਆ ਅਤੇ ਕਾਰ ਡਰਾਈਵਰ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਸਟੰਟ ਡਰਾਈਵਿੰਗ ਕਰਨ ਅਤੇ ਰੇਸਿੰਗ ਦੇ ਦੋਸ਼ ਆਇਦ ਕੀਤੇ ਗਏ।
ਪੀਲ ਰੀਜਨਲ ਪੁਲਿਸ ਨੇ 2,100 ਤੋਂ ਵੱਧ ਦੋਸ਼ ਆਇਦ ਕੀਤੇ
ਪੀਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਦੱਸਿਆ ਕਿ ਸੜਕਾਂ ’ਤੇ ਹੋਣ ਵਾਲੀ ਕਾਰ ਰੇਸਿੰਗ ਉਥੋਂ ਲੰਘਣ ਵਾਲਿਆਂ ਦੀ ਜਾਨ ਖਤਰੇ ਵਿਚ ਪਾ ਦਿੰਦੀ ਹੈ। ਪ੍ਰੌਜੈਕਟ ਈਰੇਜ਼ ਵਰਗੇ ਉਦਮ ਰਾਹੀਂ ਖਤਰਨਾਕ ਡਰਾਈਵਿੰਗ ਕਰਨ ਵਾਲਿਆਂ ਦੀ ਨਕੇਲ ਕਸੀ ਜਾਂਦੀ ਹੈ ਅਤੇ ਸੜਕਾਂ ’ਤੇ ਆਵਾਜਾਈ ਸੁਰੱਖਿਅਤ ਬਣਾਉਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਪੀਲ ਪੁਲਿਸ ਦੇ ਅਫ਼ਸਰ 24 ਘੰਟੇ ਚੌਕਸ ਰਹਿੰਦੇ ਹਨ ਅਤੇ ਸਟ੍ਰੀਟ ਰੇਸਿੰਗ ਜਾਂ ਖਤਰਨਾਕ ਡਰਾਈਵਿੰਗ ਦਾ ਕੋਈ ਤਰੀਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।