30 ਦਿਨ ਦੇ ਅੰਦਰ ਮਿਲੇਗਾ ਕੈਨੇਡੀਅਨ ਪਾਸਪੋਰਟ

30 ਦਿਨ ਦੇ ਅੰਦਰ ਕੈਨੇਡੀਅਨ ਪਾਸਪੋਰਟ ਨਾ ਮਿਲਿਆ ਤਾਂ ਸਾਰੀ ਫ਼ੀਸ ਮੁਆਫ਼ ਅਤੇ ਸਰਵਿਸ ਕੈਨੇਡਾ ਮੁਫ਼ਤ ਪਾਸਪੋਰਟ ਦੇਣ ਦਾ ਪਾਬੰਦ ਹੋਵੇਗਾ।;

Update: 2025-03-08 11:59 GMT

ਟੋਰਾਂਟੋ : 30 ਦਿਨ ਦੇ ਅੰਦਰ ਕੈਨੇਡੀਅਨ ਪਾਸਪੋਰਟ ਨਾ ਮਿਲਿਆ ਤਾਂ ਸਾਰੀ ਫ਼ੀਸ ਮੁਆਫ਼ ਅਤੇ ਸਰਵਿਸ ਕੈਨੇਡਾ ਮੁਫ਼ਤ ਪਾਸਪੋਰਟ ਦੇਣ ਦਾ ਪਾਬੰਦ ਹੋਵੇਗਾ। ਜੀ ਹਾਂ, ਪਾਸਪੋਰਟ ਨਵਿਆਉਣ ਦੇ ਇੱਛਕ ਲੋਕਾਂ ਨੂੰ ਤੇਜ਼-ਤਰਾਰ ਸੇਵਾ ਦੀ ਨਵੀਂ ਗਾਰੰਟੀ ਦਿੰਦਿਆਂ ਸਰਵਿਸ ਕੈਨੇਡਾ ਵੱਲੋਂ ਉਡੀਕ ਸਮਾਂ ਘਟਾਉਣ ਦਾ ਯਤਨ ਕੀਤਾ ਗਿਆ ਹੈ। 30 ਦਿਨ ਵਾਲੀ ਸ਼ਰਤ ਪਾਸਪੋਰਟ ਦੀਆਂ ਆਨਲਾਈਨ ਅਰਜ਼ੀਆਂ, ਡਾਕ ਰਾਹੀਂ ਭੇਜੀਆਂ ਅਰਜ਼ੀਆਂ ਜਾਂ ਸਰਵਿਸ ਕੈਨੇਡਾ ਦੇ ਦਫ਼ਤਰ ਵਿਚ ਜਾ ਕੇ ਦਾਖਲ ਕੀਤੀਆਂ ਅਰਜ਼ੀਆਂ ’ਤੇ ਲਾਗੂ ਹੋਵੇਗੀ। ਡਾਕ ਰਾਹੀਂ ਭੇਜੀਆਂ ਅਰਜ਼ੀਆਂ ਦੇ ਮਾਮਲੇ ਵਿਚ ਰਾਹ ਵਿਚ ਲੱਗਣ ਵਾਲਾ ਸਮਾਂ ਨਹੀਂ ਗਿਣਿਆ ਜਾਵੇਗਾ। ਨਾਗਰਿਕ ਸੇਵਾਵਾਂ ਬਾਰੇ ਮੰਤਰੀ ਟੈਰੀ ਬੀਚ ਨੇ ਦੱਸਿਆ ਕਿ ਸਿਰਫ ਪਾਸਪੋਰਟ ਦਾ ਉਡੀਕ ਸਮਾਂ ਨਹੀਂ ਘਟਾਇਆ ਜਾ ਰਿਹਾ ਸਗੋਂ ਫੈਡਰਲ ਸਰਕਾਰ ਵੱਲੋਂ ਦਿਤੇ ਜਾਣ ਵਾਲੇ ਆਰਥਿਕ ਲਾਭ ਅਤੇ ਸੋਸ਼ਲ ਇੰਸ਼ੋਰੈਂਸ ਨੰਬਰ ਦੇ ਮਾਮਲੇ ਵਿਚ ਵੀ ਪ੍ਰੋਸੈਸਿੰਗ ਦਾ ਕੰਮ ਤੇਜ਼ ਕੀਤਾ ਗਿਆ ਹੈ।

ਨਹੀਂ ਤਾਂ ਫੀਸ ਮੁਆਫ਼ ਕਰੇਗਾ ਸਰਵਿਸ ਕੈਨੇਡਾ

ਨਾਗਰਿਕ ਸੇਵਾਵਾਂ ਮੰਤਰਾਲੇ ਦੇ ਪਾਰਲੀਮਾਨੀ ਸਕੱਤਰ ਸਟੀਫ਼ਨ ਲਾਊਜ਼ਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਸਪੋਰਟ ਹਾਸਲ ਕਰਨ ਦੇ ਰਾਹ ਵਿਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕੀਤੇ ਜਾ ਰਹੇ ਹਨ ਅਤੇ ਖਰਚਾ ਵੀ ਘਟਾਇਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈਕਿ ਮਹਾਂਮਾਰੀ ਦੌਰਾਨ ਪਾਸਪੋਰਟ ਅਰਜ਼ੀਆਂ ਦਾ ਬੈਕਲਾਗ ਵਧਣ ਕਾਰਨ ਲੋਕਾਂ ਨੂੰ ਯਾਤਰਾ ਦਸਤਾਵੇਜ਼ ਹਾਸਲ ਕਰਨ ਲਈ ਲੰਮੀ ਉਡੀਕ ਕਰਨੀ ਪਈ। ਵੱਡੇ ਪੱਧਰ ’ਤੇ ਕੀਤੀ ਯੋਜਨਾਬੰਦੀ ਦੇ ਬਾਵਜੂਦ ਪਾਸਪੋਰਟ ਦੀ ਮੰਗ ਵਿਚ ਹੋਏ ਵਾਧੇ ਨਾਲ ਨਜਿੱਠਣਾ ਔਖਾ ਹੋ ਗਿਆ। 2021 ਤੋਂ 2022 ਦਰਮਿਆਨ ਲੋਕਾਂ ਵੱਲੋਂ ਪਾਸਪੋਰਟ ਅਰਜ਼ੀਆਂ ਨਾਲ ਸਬੰਧਤ ਫੋਨ ਕਾਲਜ਼ ਚਾਰ ਗੁਣਾ ਵਧ ਗਈਆਂ ਅਤੇ ਕਿਸੇ ਕੋਲ ਢੁਕਵਾਂ ਜਵਾਬ ਨਹੀਂ ਸੀ ਹੁੰਦਾ। 2021-22 ਦੇ ਵਰ੍ਹੇ ਦੌਰਾਨ ਸਰਵਿਸ ਕੈਨੇਡਾ ਵੱਲੋਂ 13 ਲੱਖ ਪਾਸਪੋਰਟ ਜਾਰੀ ਕੀਤੇ ਗਏ ਜਦਕਿ 2018-19 ਵਿਚ 30 ਲੱਖ ਪਾਸਪੋਰਟ ਜਾਰੀ ਕੀਤੇ ਗਏ ਸਨ। ਹਾਲਾਤ ਦੇ ਮੱਦੇਨਜ਼ਰ ਨਾਗਰਿਕ ਸੇਵਾਵਾਂ ਵਿਭਾਗ ਵੱਲੋਂ ਪ੍ਰੋਸੈਸਿੰਗ ਤੇਜ਼ ਕਰਨ ਖਾਤਰ ਵਸੀਲਿਆਂ ਵਿਚ ਵਾਧਾ ਕੀਤਾ ਗਿਆ ਅਤੇ ਲੋਕਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ ਆਟੋਮੈਟਿਕ ਪ੍ਰਣਾਲੀ ਲਿਆਂਦੀ। ਸਿਰਫ ਐਨਾ ਹੀ ਨਹੀਂ ਆਨਲਾਈਨ ਪਾਸਪੋਰਟ ਨਵਿਆਉਣ ਦੀ ਸਹੂਲਤ ਆਰੰਭੀ ਗਈ ਅਤੇ ਇਸ ਨੂੰ ਕੁਝ ਥਾਵਾਂ ਤੋਂ ਸ਼ੁਰੂ ਕਰਦਿਆਂ ਘੇਰਾ ਲਗਾਤਾਰ ਵਧਾਇਆ ਜਾ ਰਿਹਾ ਹੈ। ਪਾਸਪੋਰਟ ਤੋਂ ਅੱਗੇ ਵਧਦਿਆਂ ਸਰਵਿਸ ਕੈਨੇਡਾ ਵੱਲੋਂ ਇੰਪਲੌਇਮੈਂਟ ਇੰਸ਼ੋਰੈਂਸ, ਓਲਡ ਏਜ ਸਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲੈਨ ਵਰਗੀਆਂ ਸੇਵਾਵਾਂ ਵੀ ਤੇਜ਼ ਕੀਤੀਆਂ ਜਾ ਰਹੀਆਂ ਹਨ। ਟੈਰੀ ਬੀਚ ਨੇ ਅੱਗੇ ਕਿਹਾ ਕਿ ਆਨਲਾਈਨ ਪਾਸਪੋਰਟ ਨਵਿਆਉਣ, ਸੋਸ਼ਲ ਇੰਸ਼ੋਰੈਂਸ ਨੰਬਰ ਆਨਲਾਈਨ ਹਾਸਲ ਕਰਨ ਅਤੇ ਡਿਜੀਟਲ ਕ੍ਰਿਡੈਂਸ਼ੀਅਲਜ਼ ਰਾਹੀਂ ਸਮੇਂ ਦੀ ਬੱਚਤ ਕੀਤੀ ਜਾ ਸਕਦੀ ਹੈ।

ਹਵਾਈ ਅੱਡਿਆਂ ’ਤੇ ਮਿਲਣਗੇ ਸੋਸ਼ਲ ਇੰਸ਼ੋਰੈਂਸ ਨੰਬਰ

ਰੁਜ਼ਗਾਰ ਬੀਮੇ ਦੇ ਜ਼ਿਆਦਾਤਰ ਦਾਅਵੇ ਆਟੋਮੈਟਿਕ ਪ੍ਰਣਾਲੀ ਅਧੀਨ ਆ ਚੁੱਕੇ ਹਨ ਅਤੇ ਕੈਨੇਡਾ ਡੈਂਟਲ ਕੇਅਰ ਪਲੈਨ ਨੂੰ ਵੀ ਆਟੋਮੇਟਡ ਐਪਲੀਕੇਸ਼ਨ ਸਿਸਟਮ ਅਧੀਨ ਲਿਆਂਦਾ ਗਿਆ ਹੈ। ਨਵੀਂ ਯੋਜਨਾ ਤਹਿਤ ਸਰਵਿਸ ਕੈਨੇਡਾ ਦੇ ਦਫ਼ਤਰਾਂ ਵਿਚ ਖੁਦ ਪੇਸ਼ ਹੋਣ ਦੀ ਸ਼ਰਤ ਖਤਮ ਕਰ ਦਿਤੀ ਗਈ ਹੈ ਅਤੇ ਹੁਣ ਲੰਮੀਆਂ ਕਤਾਰਾਂ ਨਹੀਂ ਲਗਦੀਆਂ। ਨੇੜ ਭਵਿੱਖ ਵਿਚ ਨਵੇਂ ਆਉਣ ਵਾਲਿਆਂ ਨੂੰ ਕੈਨੇਡੀਅਨ ਹਵਾਈ ਅੱਡਿਆਂ ’ਤੇ ਹੀ ਸੋਸ਼ਲ ਇੰਸ਼ੋਰੈਂਸ ਨੰਬਰ ਮੁਹੱਈਆ ਕਰਵਾ ਦਿਤਾ ਜਾਵੇਗਾ। ਨਾਗਰਿਕ ਸੇਵਾਵਾਂ ਵਿਭਾਗ ਵੱਲੋਂ ਸਿਨ ਐਟ ਲੈਂਡਿੰਗ ਪ੍ਰੋਗਰਾਮ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਦੂਜੇ ਪਾਸੇ ਸੋਸ਼ਲ ਇੰਸ਼ੋਰੈਂਸ ਨੰਬਰ ਦੀਆਂ ਅਰਜ਼ੀਆਂ ਨੂੰ ਇੰਮੀਗ੍ਰੇਸ਼ਨ ਦੇ ਹੋਰਨਾਂ ਦਸਤਾਵੇਜ਼ਾਂ ਨਾਲ ਹੀ ਨੱਥੀ ਕਰ ਦਿਤਾ ਜਾਵੇਗਾ ਅਤੇ ਇਸ ਤਰੀਕੇ ਨਾਲ ਸਰਵਿਸ ਕੈਨੇਡਾ ਦੇ ਦਫ਼ਤਰਾਂ ਵੱਲ ਲਗਦੇ ਗੇੜਿਆਂ ਵਿਚ 50 ਫੀ ਸਦੀ ਤੱਕ ਕਮੀ ਲਿਆਂਦੀ ਜਾ ਸਕਦੀ ਹੈ।

Tags:    

Similar News