ਕੈਨੇਡਾ ਦੇ ਹਾਈਜੈਕਰ ਨੂੰ ਹੋਵੇਗੀ ਉਮਰ ਕੈਦ

ਕੈਨੇਡਾ ਵਿਚ ਜਹਾਜ਼ ਹਾਈਜੈਕ ਕਰਨ ਵਾਲੇ ਦੀ ਪਛਾਣ ਜਨਤਕ ਕਰ ਦਿਤੀ ਗਈ ਜਿਸ ਨੂੰ ਦੋਸ਼ੀ ਕਰਾਰ ਦਿਤੇ ਜਾਣ ’ਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।

Update: 2025-07-17 12:33 GMT

ਵੈਨਕੂਵਰ : ਕੈਨੇਡਾ ਵਿਚ ਜਹਾਜ਼ ਹਾਈਜੈਕ ਕਰਨ ਵਾਲੇ ਦੀ ਪਛਾਣ ਜਨਤਕ ਕਰ ਦਿਤੀ ਗਈ ਜਿਸ ਨੂੰ ਦੋਸ਼ੀ ਕਰਾਰ ਦਿਤੇ ਜਾਣ ’ਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਪੁਲਿਸ ਮੁਤਾਬਕ 39 ਸਾਲ ਦੇ ਸ਼ਾਹੀਰ ਕਾਸਿਮ ਨੇ ਵਿਕਟੋਰੀਆ ਫਲਾਈਂਗ ਕਲੱਬ ਤੋਂ ਛੋਟਾ ਜਹਾਜ਼ ਚੋਰੀ ਕੀਤਾ ਅਤੇ ਕੁਝ ਸਮਾਂ ਹਵਾ ਵਿਚ ਰਹਿਣ ਮਗਰੋਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਕਰ ਗਿਆ। ਸਾਰੇ ਘਟਨਾਕ੍ਰਮ ਦੌਰਾਨ ਹਵਾਈ ਅੱਡਾ ਪ੍ਰਬੰਧਕਾਂ ਨੂੰ ਭਾਜੜਾਂ ਪੈ ਗਈਆਂ ਅਤੇ ਕਾਸਿਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸੁਖ ਦਾ ਸਾਹ ਲਿਆ। ਉਧਰ ਪ੍ਰੌਸੀਕਿਊਸ਼ਨ ਸਰਵਿਸ ਆਫ਼ ਕੈਨੇਡਾ ਦਾ ਕਹਿਣਾ ਹੈ ਕਿ ਹਾਈਜੈਕਿੰਗ ਦੇ ਦੋਸ਼ਾਂ ਵਿਚ ਅਤਿਵਾਦ ਨਾਲ ਸਬੰਧਤ ਧਾਰਾਵਾਂ ਜੁੜੀਆਂ ਹੁੰਦੀਆਂ ਹਨ।

ਪੁਲਿਸ ਵੱਲੋਂ 39 ਸਾਲ ਦੇ ਸ਼ਾਹੀਰ ਕਾਸਿਮ ਵਿਰੁੱਧ ਦੋਸ਼ ਆਇਦ

ਮੀਡੀਆ ਰਿਪੋਰਟਾਂ ਮੁਤਾਬਕ ਕਾਸਿਮ ਅਤੀਤ ਵਿਚ ਕਲਾਈਮੇਟ ਐਕਟੀਵਿਸਟ ਰਿਹਾ ਹੈ ਅਤੇ 2012 ਵਿਚ ਗਲੋਬਲ ਵਾਰਮਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਸਾਈਕਲ ਰੈਲੀ ਵਿਚ ਸ਼ਾਮਲ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਸਿਮ ਦੀ ਦਿਮਾਗੀ ਹਾਲਤ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਉਸ ਵਿਰੁੱਧ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਵੇਗੀ। ਦੂਜੇ ਪਾਸੇ ਉਨਟਾਰੀਓ ਦੇ ਬਰੈਂਟਫਰਡ ਵਿਖੇ 28 ਸਾਲ ਦੇ ਅਲਵੀਨ ਅਹਿਮਦ ਨੂੰ ਇਰਾਦਾ ਕਤਲ ਅਤੇ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਨ੍ਹਾਂ ਵੱਲੋਂ ਹੁਣ ਤੱਕ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਇਥੇ ਦਸਣਾ ਬਣਦਾ ਹੈ ਕਿ ਬੀਤੇ ਐਤਵਾਰ ਨੂੰ ਸਵੇਰੇ ਤਕਰੀਬਨ 10.15 ਵਜੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਇਕ ਅਫ਼ਸਰ ਨੂੰ ਇਕ ਔਰਤ ਹਾਈਵੇਅ 403 ਨੇੜੇ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ। ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਹੁਣ ਉਸ ਨੂੰ ਛੁੱਟੀ ਮਿਲ ਚੁੱਕੀ ਹੈ। ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕੁਈਨ ਸਟ੍ਰੀਟ ਨੇੜੇ ਇਕ ਸ਼ਖਸ ਨੇ ਔਰਤ ਨੂੰ ਆਪਣੀ ਗੱਡੀ ਬਿਠਾਇਆ ਅਤੇ ਵਾਰਦਾਤ ਵਾਲੀ ਥਾਂ ’ਤੇ ਲੈ ਗਿਆ। ਔਰਤ ਉਤੇ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖਮੀ ਕਰ ਦਿਤਾ ਅਤੇ ਆਪਣੀ ਗੱਡੀ ਵਿਚ ਫ਼ਰਾਰ ਹੋ ਗਿਆ।

ਬਰੈਂਟਫਰਡ ਵਿਖੇ ਅਲਵੀਨ ਅਹਿਮਦ ਇਰਾਦਾ ਕਤਲ ਮਾਮਲੇ ਵਿਚ ਗ੍ਰਿਫ਼ਤਾਰ

ਇਹ ਗੱਡੀ ਬਾਅਦ ਵਿਚ ਬਰੈਂਟਫੋਰਡ ਦੇ ਬਾਹਰੀ ਇਲਾਕੇ ਵਿਚ ਮਿਲੀ। ਸ਼ੱਕੀ ਦੀ ਭਾਲ ਕਰਦਿਆਂ ਮੰਗਲਵਾਰ ਨੂੰ ਪੁਲਿਸ ਨੇ ਅਲਵੀਨ ਅਹਿਮਦ ਨੂੰ ਕਾਬੂ ਕੀਤਾ ਅਤੇ ਇਰਾਦਾ ਕਤਲ, ਹਥਿਆਰ ਨਾਲ ਹਮਲਾ ਕਰਨ, ਅਗਵਾ ਕਰਨ ਅਤੇ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕਰ ਦਿਤੇ। ਪੁਲਿਸ ਵੱਲੋਂ ਸ਼ੱਕੀ ਦੀ ਤਸਵੀਰ ਜਨਤਕ ਕੀਤੀ ਗਈ ਹੈ ਤਾਂ ਕਿ ਹੋਰ ਪੀੜਤ ਹੋਣ ਦੀ ਸੂਰਤ ਵਿਚ ਪਛਾਣ ਕੀਤੀ ਜਾ ਸਕੇ। ਬਰੈਂਟਫਰਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ੱਕੀ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 519 756 7050 ’ਤੇ ਕਾਲ ਕੀਤੀ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 519 750 8477 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Tags:    

Similar News