ਕੈਨੇਡਾ ਸਰਕਾਰ ਨੇ ਚੋਣਾਂ ਦੌਰਾਨ 22 ਉਮੀਦਵਾਰਾਂ ਨੂੰ ਦਿਤੀ ਸੁਰੱਖਿਆ
ਸਿਆਸਤਦਾਨਾਂ ਲਈ ਵਧਦੇ ਖਤਰਿਆਂ ਦੇ ਮੱਦੇਨਜ਼ਰ ਕੈਨੇਡਾ ਵਿਚ ਇਸ ਵਾਰ ਫੈਡਰਲ ਚੋਣਾਂ ਦੌਰਾਨ 22 ਉਮੀਦਵਾਰਾਂ ਲਈ ਸੁਰੱਖਿਆ ਬੰਦੋਬਸਤ ਕੀਤੇ ਗਏ।
ਔਟਵਾ : ਸਿਆਸਤਦਾਨਾਂ ਲਈ ਵਧਦੇ ਖਤਰਿਆਂ ਦੇ ਮੱਦੇਨਜ਼ਰ ਕੈਨੇਡਾ ਵਿਚ ਇਸ ਵਾਰ ਫੈਡਰਲ ਚੋਣਾਂ ਦੌਰਾਨ 22 ਉਮੀਦਵਾਰਾਂ ਲਈ ਸੁਰੱਖਿਆ ਬੰਦੋਬਸਤ ਕੀਤੇ ਗਏ। ਨੈਸ਼ਨਲ ਪੋਸਟ ਦੀ ਰਿਪੋਰਟ ਮੁਤਾਬਕ ਪ੍ਰਿਵੀ ਕੌਂਸਲ ਦਫ਼ਤਰ ਦੇ ਬੁਲਾਰੇ ਡੈਨੀਅਲ ਸੈਵਾ ਨੇ ਦੱਸਿਆ ਕਿ ਪੂਰੇ ਚੋਣ ਪ੍ਰਚਾਰ ਦੌਰਾਨ 15 ਉਮੀਦਵਾਰਾਂ ਨੂੰ ਰੋਜ਼ਾਨਾ ਸਰਗਰਮੀਆਂ ਵਾਸਤੇ ਬੌਡੀਗਾਰਡ ਦੇ ਰੂਪ ਵਿਚ ਪ੍ਰਾਈਵੇਟ ਸਕਿਉਰਿਟੀ ਦਿਤੀ ਗਈ ਜਦਕਿ 2 ਉਮੀਦਵਾਰਾਂ ਦੇ ਘਰਾਂ ਵਿਚ ਗੈਰ ਹਥਿਆਰਬੰਦ ਗਾਰਡ ਤੈਨਾਤ ਕੀਤੇ ਗਏ। ਇਸ ਤੋਂ ਇਲਾਵਾ ਪੰਜ ਉਮੀਦਵਾਰਾਂ ਨੂੰ ਬੌਡੀ ਗਾਰਡ ਅਤੇ ਘਰ ਵਿਚ ਗਾਰਡਜ਼ ਦੀ ਤੈਨਾਤੀ ਦੀਆਂ ਦੋਵੇਂ ਸੇਵਾਵਾਂ ਦਿਤੀਆਂ ਗਈਆਂ।
ਪਹਿਲੀ ਵਾਰ ਚੋਣ ਲੜਨ ਵਾਲਿਆਂ ਲਈ ਕੀਤੇ ਸੁਰੱਖਿਆ ਬੰਦੋਬਸਤ
ਕੈਨੇਡੀਅਨ ਖੁਫ਼ੀਆ ਏਜੰਸੀ ਦੀ ਸਾਬਕਾ ਕੌਮੀ ਸੁਰੱਖਿਆ ਵਿਸ਼ਲੇਸ਼ਕ ਸਟੈਫ਼ਨੀ ਕਾਰਵਿਨ ਨੇ ਹੈਰਾਨੀ ਜ਼ਾਹਰ ਕੀਤੀ ਕਿ ਐਨੀ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਨੌਬਤ ਆਈ। ਬਿਨਾਂ ਸ਼ੱਕ ਸੁਰੱਖਿਆ ਬੰਦੋਬਸਤ ਵਿਚ ਦਿੱਕਤਾਂ ਨਹੀਂ ਆਈਆਂ ਪਰ ਇਨ੍ਹਾਂ ਦੀ ਜ਼ਰੂਰਤ ਮਹਿਸੂਸ ਹੋਣਾ ਬੇਹੱਦ ਮੰਦਭਾਗਾ ਰਿਹਾ। ਉਧਰ ਡੈਨੀਅਲ ਸੈਵਾ ਨੂੰ ਜਦੋਂ ਉਮੀਦਵਾਰਾਂ ਦੇ ਨਾਂ ਪੁੱਛੇ ਗਏ ਤਾਂ ਉਨ੍ਹਾਂ ਪਛਾਣ ਜ਼ਾਹਰ ਕਰਨ ਤੋਂ ਨਾਂਹ ਕਰ ਦਿਤੀ। ਡੈਨੀਅਲ ਨੇ ਸਿਰਫ਼ ਐਨਾ ਦੱਸਿਆ ਕਿ ਸੁਰੱਖਿਆ ਹਾਸਲ ਕਰਨ ਵਾਲੇ 11 ਉਮੀਦਵਾਰ ਉਨਟਾਰੀਓ ਵਿਚ ਸਨ ਜਦਕਿ ਪੰਜ ਕਿਊਬੈਕ ਅਤੇ ਚਾਰ ਬੀ.ਸੀ. ਵਿਚ ਚੋਣ ਲੜ ਰਹੇ ਸਨ। ਇਸ ਤੋਂ ਇਲਾਵਾ ਇਕ ਮੈਨੀਟੋਬਾ ਅਤੇ ਨੋਵਾ ਸਕੋਸ਼ੀਆ ਦੇ ਇਕ-ਇਕ ਉਮੀਦਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਪਈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਸੁਰੱਖਿਆ ਹਾਸਲ ਕਰਨ ਵਾਲਿਆਂ ਦੀ ਗਿਣਤੀ 22 ਰਹੀ ਪਰ ਆਉਣ ਵਾਲੇ ਸਮੇਂ ਦੌਰਾਨ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ ਕਿਉਂਕਿ ਜਨਤਾ ਵਿਚ ਵਿਚਰਨ ਵਾਲਿਆਂ ਸ਼ਖਸੀਅਤਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ।