ਕੈਨੇਡਾ ਸਰਕਾਰ ਨੇ ਐਲਾਨੀ ਨਵੀਂ ਬਾਰਡਰ ਯੋਜਨਾ

ਕੈਨੇਡਾ-ਅਮਰੀਕਾ ਬਾਰਡਰ ’ਤੇ 24 ਘੰਟੇ ਨਿਗਰਾਨੀ ਰੱਖਣ ਅਤੇ ਨਵੀਂ ਫੋਰਸ ਗਠਤ ਕਰਨ ਦਾ ਐਲਾਨ ਫੈਡਰਲ ਸਰਕਾਰ ਵੱਲੋਂ ਕੀਤਾ ਗਿਆ ਹੈ।;

Update: 2024-12-18 12:51 GMT

ਔਟਵਾ : ਕੈਨੇਡਾ-ਅਮਰੀਕਾ ਬਾਰਡਰ ’ਤੇ 24 ਘੰਟੇ ਨਿਗਰਾਨੀ ਰੱਖਣ ਅਤੇ ਨਵੀਂ ਫੋਰਸ ਗਠਤ ਕਰਨ ਦਾ ਐਲਾਨ ਫੈਡਰਲ ਸਰਕਾਰ ਵੱਲੋਂ ਕੀਤਾ ਗਿਆ ਹੈ। ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਉਣ ਦੀਆਂ ਧਮਕੀਆਂ ਦੇ ਮੱਦੇਨਜ਼ਰ ਆਰ.ਸੀ.ਐਮ.ਪੀ. ਨੂੰ ਹੈਲੀਕਾਪਟਰਾਂ, ਡਰੋਨਜ਼ ਅਤੇ ਚਲਦੇ-ਫਿਰਦੇ ਨਿਗਰਾਨੀ ਟਾਵਰਾਂ ਨਾਲ ਲੈਸ ਕਰਨ ਵਰਗੇ ਕੋਈ ਹੋਰ ਵੱਡੇ ਕਦਮ ਵੀ ਉਠਾਏ ਜਾਣਗੇ। ਨਵੇਂ ਵਿੱਤ ਮੰਤਰੀ ਡੌਮੀਨਿਕ ਲਾਬਲੈਂਕ ਨੇ ਆਪਣੇ ਕੈਬਨਿਟ ਸਾਥੀਆਂ ਦੀ ਮੌਜੂਦਗੀ ਵਿਚ ਦੱਸਿਆ ਕਿ ਕੈਨੇਡਾ-ਯੂ.ਐਸ. ਬਾਰਡਰ ਨੂੰ ਸੁਰੱਖਿਆ ਬਣਾਉਣ ਲਈ 130 ਕਰੋੜ ਡਾਲਰ ਖਰਚ ਕੀਤੇ ਜਾਣਗੇ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਤੇ ਨਸ਼ਿਆਂ ਬਾਰੇ ਡੌਨਲਡ ਟਰੰਪ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾਣਗੀਆਂ।

24 ਘੰਟੇ ਨਿਗਰਾਨੀ ਅਤੇ ਨਵੀਂ ਫੋਰਸ ਦਾ ਹੋਵੇਗਾ ਗਠਨ

ਫੈਡਰਲ ਸਰਕਾਰ ਵੱਲੋਂ ਪੰਜ ਨੁਕਾਤੀ ਯੋਜਨਾ ਤਹਿਤ ਫੈਂਟਾਨਿਲ ਦੀ ਤਸਕਰੀ ਨੂੰ ਠੱਪ ਕੀਤਾ ਜਾਵੇਗਾ ਜਦਕਿ ਲਾਅ ਐਨਫੋਰਸਮੈਂਟ ਦੇ ਨਵੇਂ ਤੌਰ ਤਰੀਕੇ ਵਰਤਦਿਆਂ ਇੰਮੀਗ੍ਰੇਸ਼ਨ ਅਤੇ ਅਸਾਇਲਮ ਸਿਸਟਮ ਨੂੰ ਹੋਰ ਸਖ਼ਤ ਕੀਤਾ ਜਾਵੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਵਧੇਰੇ ਫੰਡ ਮਿਲਣਗੇ ਤਾਂਕਿ ਨਸ਼ੇ ਫੜਨ ਵਿਚ ਮਦਦ ਕਰਨ ਵਾਲੇ ਕੁੱਤਿਆਂ ਨੂੰ ਸਿਖਲਾਈ ਦਿਤੀ ਜਾ ਸਕੇ। ਸਿਰਫ ਐਨਾ ਹੀ ਨਹੀਂ ਨਸ਼ਿਆਂ ਦੇ ਸਰੋਤ ਦਾ ਪਤਾ ਕਰਦਿਆਂ ਸ਼ੱਕੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਅਮਰੀਕਾ ਨਾਲ ਰਲ ਕੇ ਨੌਰਥ ਅਮੈਰਿਕਨ ਜੁਆਇੰਟ ਸਟ੍ਰਾਈਕ ਫੋਰਸ ਬਣਾਈ ਜਾਵੇਗੀ ਜਿਸ ਰਾਹੀਂ ਅਪਰਾਧਕ ਗਿਰੋਹਾਂ ਦੀ ਪੈੜ ਨੱਪੀ ਜਾ ਸਕੇਗੀ। ਉਧਰ ਆਰ.ਸੀ.ਐਮ.ਪੀ. ਦੇ ਕਮਿਸ਼ਨਰ ਮਾਈਕ ਡਹੀਮ ਨੇ ਕਿਹਾ ਕਿ ਜਲਦ ਤੋਂ ਜਲਦ ਹੈਲੀਕਾਪਟਰਾਂ ਦੀ ਤੈਨਾਤੀ ਵਾਸਤੇ ਇਹ ਕਿਰਾਏ ’ਤੇ ਲੈਣੇ ਹੀ ਬਿਹਤਰ ਹੋਣਗੇ। ਉਨ੍ਹਾਂ ਦੱਸਿਆ ਕਿ ਬਾਰਡਰ ’ਤੇ ਗਸ਼ਤ ਵਧਾਉਣ ਲਈ 150 ਨਵੇਂ ਅਫ਼ਸਰਾਂ ਦੀ ਭਰਤੀ ਕੀਤੀ ਜਾਵੇਗੀ। 

Tags:    

Similar News