ਕੈਨੇਡੀਅਨ ਅਰਥਚਾਰੇ ਨੂੰ ਝਟਕਾ, 40 ਹਜ਼ਾਰ ਨੌਕਰੀਆਂ ਖ਼ਤਮ
ਕੈਨੇਡਾ ਦੇ ਰੁਜ਼ਗਾਰ ਖੇਤਰ ਨੂੰ ਵੱਡਾ ਝਟਕਾ ਲੱਗਾ ਜਦੋਂ ਜੁਲਾਈ ਮਹੀਨੇ ਦੌਰਾਨ 40 ਹਜ਼ਾਰ ਤੋਂ ਵੱਧ ਨੌਕਰੀਆਂ ਖਤਮ ਹੋ ਗਈਆਂ ਤੇ ਕੰਮ ਕਰ ਰਹੇ ਲੋਕਾਂ ਦੀ ਗਿਣਤੀ ਅੱਠ ਮਹੀਨੇ ਦੇ ਹੇਠਲੇ ਪੱਧਰ ’ਤੇ ਪੁੱਜ
ਟੋਰਾਂਟੋ : ਕੈਨੇਡਾ ਦੇ ਰੁਜ਼ਗਾਰ ਖੇਤਰ ਨੂੰ ਵੱਡਾ ਝਟਕਾ ਲੱਗਾ ਜਦੋਂ ਜੁਲਾਈ ਮਹੀਨੇ ਦੌਰਾਨ 40 ਹਜ਼ਾਰ ਤੋਂ ਵੱਧ ਨੌਕਰੀਆਂ ਖਤਮ ਹੋ ਗਈਆਂ ਅਤੇ ਕੰਮ ਕਰ ਰਹੇ ਲੋਕਾਂ ਦੀ ਗਿਣਤੀ ਅੱਠ ਮਹੀਨੇ ਦੇ ਹੇਠਲੇ ਪੱਧਰ ’ਤੇ ਪੁੱਜ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦਰ 6.9 ਫੀ ਸਦੀ ਦੇ ਪੱਧਰ ’ਤੇ ਸਥਿਰ ਰਹੀ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ 7 ਫ਼ੀ ਸਦੀ ਦਾ ਅੰਕੜਾ ਪਾਰ ਕਰਦਿਆਂ ਦੇਰ ਨਹੀਂ ਲੱਗਣੀ। ਬੈਂਕ ਆਫ਼ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਰੁਜ਼ਗਾਰ ਖੇਤਰ ਦੇ ਕਮਜ਼ੋਰ ਅੰਕੜੇ ਅਰਥਚਾਰੇ ਵਿਚ ਨਰਮੀ ਦੇ ਸੰਕੇਤ ਦੇ ਰਹੇ ਹਨ। ਨੌਕਰੀਆਂ ਦਾ ਸਭ ਤੋਂ ਵੱਧ ਨੁਕਸਾਨ ਇਨਫ਼ਰਮੇਸ਼ਨ, ਕਲਚਰ ਅਤੇ ਰੀਕ੍ਰੀਏਸ਼ਨ ਇੰਡਸਟਰੀ ਵਿਚ ਹੋਇਆ ਜਿਥੇ ਰੁਜ਼ਗਾਰ ਦੇ 29 ਹਜ਼ਾਰ ਮੌਕੇ ਖਤਮ ਹੋ ਗਏ ਜਦਕਿ ਕੰਸਟ੍ਰਕਸ਼ਨ ਸੈਕਟਰ ਨੂੰ ਵੀ 22 ਹਜ਼ਾਰ ਨੌਕਰੀਆਂ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ। ਦੂਜੇ ਪਾਸੇ ਟ੍ਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਵਰਗੇ ਖੇਤਰਾਂ ਵਿਚ 26 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ।
ਜੁਲਾਈ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 6.9 ਫ਼ੀ ਸਦੀ ਰਹੀ
ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬੀ.ਸੀ. ਨੂੰ ਜੂਨ ਦੇ ਮੁਕਾਬਲੇ ਜੁਲਾਈ ਦੌਰਾਨ ਨੁਕਸਾਨ ਬਰਦਾਸ਼ਤ ਕਰਨਾ ਪਿਆ। ਸੂਬੇ ਦੇ ਕਿਰਤ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਗੁਆਂਢੀ ਮੁਲਕ ਦੇ ਰਾਸ਼ਟਰਪਤੀ ਵੱਲੋਂ ਐਲਾਨੀਆਂ ਟੈਰਿਫ਼ਸ ਕਰ ਕੇ ਹਾਲਾਤ ਸਾਜ਼ਗਾਰ ਮਹਿਸੂਸ ਨਹੀਂ ਹੋ ਰਹੇ ਪਰ ਸੂਬਾ ਸਰਕਾਰ ਕਿਰਤੀਆਂ ਅਤੇ ਕਾਰੋਬਾਰੀਆਂ ਦੇ ਹਿਤਾਂ ਦੀ ਰਾਖੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਬੀ.ਸੀ. ਵਿਚ ਬੇਰੁਜ਼ਗਾਰੀ ਦਰ 5.9 ਫ਼ੀ ਸਦੀ ਦਰਜ ਕੀਤੀ ਗਈ ਜੋ ਕੌਮੀ ਔਸਤ ਤੋਂ ਘੱਟ ਬਣਦੀ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ 21 ਹਜ਼ਾਰ 400 ਫੁੱਲ ਟਾਈਮ ਨੌਕਰੀਆਂ ਪੈਦਾ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਬੀ.ਸੀ. ਵਿਚ ਪ੍ਰਤੀ ਘੰਟਾ ਉਜਰਤ ਦਰ 37.75 ਡਾਲਰ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 2.9 ਫੀ ਸਦੀ ਵੱਧ ਬਣਦੀ ਹੈ। ਉਧਰ ਐਲਬਰਟਾ ਵਿਚ ਜੁਲਾਈ ਮਹੀਨੇ ਦੌਰਾਨ 17 ਹਜ਼ਾਰ ਨੌਕਰੀਆਂ ਖਤਮ ਹੋਈਆਂ ਅਤੇ ਸੂਬੇ ਦੇ ਕੰਸਟ੍ਰਕਸ਼ਨ ਸੈਕਟਰ ਵਿਚੋਂ ਰੁਜ਼ਗਾਰ ਦੇ 20 ਹਜ਼ਾਰ ਤੋਂ ਵੱਧ ਮੌਕੇ ਖ਼ਤਮ ਹੋ ਗਏ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੁਲਕ ਦੇ ਰੁਜ਼ਗਾਰ ਅੰਕੜਿਆਂ ’ਤੇ ਟਿੱਪਣੀ ਕਰਦਿਆਂ ਸਟੀਲ, ਲੰਬਰ ਅਤੇ ਆਟੋ ਸੈਕਟਰ ਦੀ ਸਹਾਇਤਾ ਵਾਸਤੇ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾ।
ਐਲਬਰਟਾ ਅਤੇ ਬੀ.ਸੀ. ਵਿਚ ਸਭ ਤੋਂ ਵੱਧ ਨੁਕਸਾਨ
ਦੱਸ ਦੇਈਏ ਕਿ ਨੌਕਰੀਆਂ ਦੇ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ 15 ਸਾਲ ਤੋਂ 24 ਸਾਲ ਉਮਰ ਵਾਲਿਆਂ ਵਿਚ ਰੁਜ਼ਗਾਰ ਦਾ ਪੱਧਰ ਘਟਣਾ ਦੱਸਿਆ ਜਾ ਰਿਹਾ ਹੈ ਅਤੇ 1998 ਤੋਂ ਬਾਅਦ ਪਹਿਲੀ ਵਾਰ ਇਸ ਉਮਰ ਵਰਗ ਦੇ 53.6 ਫੀ ਸਦੀ ਕਿਰਤੀ ਹੀ ਕੰਮ ਕਰ ਰਹੇ ਹਨ। ਕੈਨੇਡਾ ਵਿਚ ਜੂਨ ਮਹੀਨੇ ਦੌਰਾਨ 83 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਅ ਅਤੇ ਰੁਜ਼ਗਾਰ ਦੇ ਸਭ ਤੋਂ ਵੱਧ ਮੌਕੇ ਹੋਲਸੇਲ ਤੇ ਰਿਟੇਲ ਸੈਕਟਰ ਵਿਚ ਸਾਹਮਣੇ ਆਏ ਜਦਕਿ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਟਸ ਵਾਲੇ ਖੇਤਰਾਂ ਵਿਚ ਵੀ ਜ਼ਿਕਰਯੋਗ ਵਾਧਾ ਹੋਇਆ। ਜੂਲ ਦੌਰਾਨ 16 ਲੱਖ ਕਿਰਤੀ ਬੇਰੁਜ਼ਗਾਰ ਮੰਨੇ ਗਏ ਅਤੇ ਵਿਦਿਆਰਥੀਆਂ ਵਿਚ ਬੇਰੁਜ਼ਗਾਰੀ ਦੀ ਦਰ 17.4 ਫੀ ਸਦੀ ਦਰਜ ਕੀਤੀ ਗਈ।