ਪੰਜਾਬੀਆਂ ਤੋਂ ਬਗੈਰ ਸੁੰਨੀਆਂ ਹੋਈਆਂ ਕੈਨੇਡਾ ਦੀਆਂ ਬੱਸਾਂ

ਪੰਜਾਬੀਆਂ ਤੋਂ ਬਗੈਰ ਕੈਨੇਡਾ ਦੀਆਂ ਬੱਸਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ ਅਤੇ ਪਬਲਿਕ ਟ੍ਰਾਂਜ਼ਿਟ ਵਿਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ

Update: 2025-12-08 13:43 GMT

ਬਰੈਂਪਟਨ : ਪੰਜਾਬੀਆਂ ਤੋਂ ਬਗੈਰ ਕੈਨੇਡਾ ਦੀਆਂ ਬੱਸਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ ਅਤੇ ਪਬਲਿਕ ਟ੍ਰਾਂਜ਼ਿਟ ਵਿਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ। ਜੀ ਹਾਂ, ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਪਬਲਿਕ ਟ੍ਰਾਂਜ਼ਿਟ ਅਖਵਾਉਣ ਵਾਲੇ ਬਰੈਂਪਟਨ ਟ੍ਰਾਂਜ਼ਿਟ ਦੀ ਕਮਾਈ ਵਿਚ 26 ਮਿਲੀਅਨ ਡਾਲਰ ਦੀ ਕਮੀ ਦਰਜ ਕੀਤੀ ਗਈ ਹੈ। ਸਿਟੀ ਕੌਂਸਲ ਕੋਲ ਪੁੱਜੀ ਰਿਪੋਰਟ ਮੁਤਾਬਕ ਬੱਸਾਂ ਵਾਲਾ ਮਹਿਕਮਾ 30 ਸਤੰਬਰ ਤੱਕ 17.5 ਮਿਲੀਅਨ ਡਾਲਰ ਘਾਟੇ ਵਿਚ ਚੱਲ ਰਿਹਾ ਸੀ ਅਤੇ ਆਉਣ ਵਾਲੇ ਸਮੇਂ ਦੌਰਾਨ ਮੁਸਾਫ਼ਰਾਂ ਦੀ ਗਿਣਤੀ ਘਟਣ ਮਗਰੋਂ ਘਾਟਾ ਹੋਰ ਵਧ ਸਕਦਾ ਹੈ।

ਬਰੈਂਪਟਨ ਦਾ ਟ੍ਰਾਂਜ਼ਿਟ ਮਹਿਕਮਾ 17.5 ਮਿਲੀਅਨ ਡਾਲਰ ਦੇ ਘਾਟੇ ਵਿਚ ਗਿਆ

ਬਰੈਂਪਟਨ ਗਾਰਡੀਅਨ ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿਚ ਆਈ ਕਮੀ ਇਸ ਘਾਟੇ ਦਾ ਵੱਡਾ ਕਾਰਨ ਬਣਦੀ ਹੈ। ਸਿਟੀ ਸਟਾਫ਼ ਨੇ ਵੀ ਫੈਡਰਲ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਸਟੱਡੀ ਵੀਜ਼ਿਆਂ ਦੀ ਗਿਣਤੀ ਵਿਚ ਕਟੌਤੀ ਕਰ ਕੇ ਟ੍ਰਾਂਜ਼ਿਟ ਸਿਸਟਮ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਸਿਟੀ ਸਟਾਫ਼ ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਕਰ ਕੇ ਕੌਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿਚ ਕਮੀ ਆਈ ਹੈ ਜਿਸ ਦਾ ਖਮਿਆਜ਼ਾ ਟ੍ਰਾਂਜ਼ਿਟ ਮੁਸਾਫ਼ਰਾਂ ਦੀ ਗਿਣਤੀ ਘਟ ਗਈ ਜਦਕਿ 2021 ਤੋਂ ਬਾਅਦ ਬਰੈਂਪਟਨ ਸ਼ਹਿਰ ਵਿਚ ਮੁਸਾਫ਼ਰਾਂ ਦੀ ਗਿਣਤੀ ਮੁਲਕ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਸੀ।

ਕਮਾਈ ਵਿਚ 26 ਮਿਲੀਅਨ ਡਾਲਰ ਦੀ ਕਮੀ ਦਰਜ

2024 ਦੌਰਾਨ ਟ੍ਰਾਂਜ਼ਿਟ ਮੁਸਾਫ਼ਰਾਂ ਦੀ ਗਿਣਤੀ ਵਿਚ 30 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਜੋ ਅੱਜ ਤੱਕ ਕਦੇ ਨਹੀਂ ਹੋਇਆ। ਦੱਸ ਦੇਈਏ ਕਿ ਮਈ 2024 ਵਿਚ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਸੀਮਤ ਕੀਤੀ ਗਈ ਅਤੇ ਸਤੰਬਰ 2024 ਵਿਚ ਸ਼ੁਰੂ ਹੋਏ ਅਕਾਦਮਿਕ ਵਰ੍ਹੇ ਦੌਰਾਨ 35 ਫ਼ੀ ਸਦੀ ਘੱਟ ਵਿਦਿਆਰਥੀ ਵਿਦੇਸ਼ਾਂ ਤੋਂ ਆਏ। ਦੂਜੇ ਪਾਸੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਿਟੀ ਕੌਂਸਲ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਜਿਸ ਨਾਲ ਸ਼ਹਿਰ ਵਿਚ ਰਿਹਾਇਸ਼ ਦੇ ਸੰਕਟ ਨਾਲ ਨਜਿੱਠਿਆ ਜਾ ਸਕਦਾ ਹੈ। ਤਾਜ਼ਾ ਬਿਆਨ ਵਿਚ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਟ੍ਰਾਂਜ਼ਿਟ ਮੁਸਾਫ਼ਰਾਂ ਦੀ ਗਿਣਤੀ ਵਿਚ 20 ਫ਼ੀ ਸਦੀ ਕਟੌਤੀ ਹੈਰਾਨਕੁੰਨ ਹੈ।

Tags:    

Similar News