ਕੈਨੇਡਾ ਦੇ ਬੰਧੂਆ ਮਜ਼ਦੂਰਾਂ ਨੇ ਸੁਣਾਈ ਦਿਲ ਕੰਬਾਊ ਹੱਡਬੀਤੀ
ਕੈਨੇਡਾ ਦੇ ਬੰਧੂਆ ਮਜ਼ਦੂਰਾਂ ਬਾਰੇ ਸਾਹਮਣੇ ਆਈ ਹੈਰਾਨਕੁੰਨ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਿਰਤੀਆਂ ਨਾਲ ਜਾਨਵਰਾਂ ਤੋਂ ਵੀ ਬਦਤਰ ਸਲੂਕ ਕੀਤਾ ਜਾਂਦਾ ਹੈ।;
ਟੋਰਾਂਟੋ : ਕੈਨੇਡਾ ਦੇ ਬੰਧੂਆ ਮਜ਼ਦੂਰਾਂ ਬਾਰੇ ਸਾਹਮਣੇ ਆਈ ਹੈਰਾਨਕੁੰਨ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਿਰਤੀਆਂ ਨਾਲ ਜਾਨਵਰਾਂ ਤੋਂ ਵੀ ਬਦਤਰ ਸਲੂਕ ਕੀਤਾ ਜਾਂਦਾ ਹੈ। ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਭ ਤੋਂ ਵੱਧ ਜ਼ੁਲਮ ਬਰਦਾਸ਼ਤ ਕਰਨਾ ਪੈਂਦਾ ਹੈ ਜਿਨ੍ਹਾਂ ਤੋਂ ਭਰਤੀ ਫ਼ੀਸ ਦੇ ਰੂਪ ਵਿਚ ਹਜ਼ਾਰਾਂ ਡਾਲਰ ਵਸੂਲ ਕਰਦਿਆਂ ਖਾਣ ਵਾਸਤੇ ਰੱਜਵੀਂ ਰੋਟੀ ਵੀ ਨਹੀਂ ਦਿਤੀ ਜਾਂਦੀ। ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਵਿਚ ਇਕ ਔਰਤ ਦੀ ਹੱਡਬੀਤੀ ਬਿਆਨ ਕੀਤੀ ਗਈ ਹੈ ਜੋ 10 ਹਜ਼ਾਰ ਡਾਲਰ ਦੀ ਫ਼ੀਸ ਅਦਾ ਕਰ ਕੇ ਕੈਨੇਡਾ ਪੁੱਜੀ ਅਤੇ ਉਸ ਤੋਂ ਹਫ਼ਤੇ ਵਿਚ 70 ਤੋਂ 80 ਘੰਟੇ ਕੰਮ ਕਰਵਾਇਆ ਜਾਂਦਾ ਸੀ।
ਹਫ਼ਤੇ ਵਿਚ 70 ਤੋਂ 80 ਘੰਟੇ ਕਰਵਾਇਆ ਜਾਂਦਾ ਸੀ ਕੰਮ
ਇਸ ਵੇਲੇ ਪਰਮਾਨੈਂਟ ਰੈਜ਼ੀਡੈਂਟ ਬਣ ਚੁੱਕੀ ਇਸ ਬੀਬੀ ਦੀ ਦਾਸਤਾਨ ਰੂਹ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਜਿਸ ਦਾ ਕਹਿਣਾ ਹੈ ਕਿ ਸ਼ਾਇਦਾ ਜਾਨਵਰਾਂ ਨੂੰ ਵੀ ਉਸ ਤੋਂ ਵੱਧ ਸਹੂਲਤਾਂ ਮਿਲਦੀਆਂ ਹੋਣਗੀਆਂ ਪਰ ਉਹ ਲੰਮਾ ਸਮਾਂ ਸ਼ੋਸ਼ਣ ਦਾ ਸ਼ਿਕਾਰ ਬਣੀ। ਹੈਰਾਨੀ ਇਸ ਗੱਲ ਦੀ ਔਰਤਾਂ ਵੱਲੋਂ ਸੈਕਸ਼ੁਅਲ ਹੈਰਾਸਮੈਂਟ ਦੀਆਂ ਸ਼ਿਕਾਇਤਾਂ ਦਰਜ ਕਰਵਾਏ ਜਾਣ ਦੀ ਬਾਵਜੂਦ ਇੰਪਲੌਇਰ ਨੂੰ ਮੁੜ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਦੀ ਇਜਾਜ਼ਤ ਦੇ ਦਿਤੀ ਗਈ। ਇਕ ਹੋਰ ਔਰਤ ਨੇ ਆਪਣੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਬੀ.ਸੀ. ਦੇ ਇਕ ਬਾਗ ਵਿਚ ਦਰੱਖਤ ਤੋਂ ਸੇਬ ਤੋੜਦਿਆਂ ਉਹ ਪੌੜੀ ਤੋਂ ਡਿੱਗ ਗਈ ਅਤੇ ਗੰਭੀਰ ਸੱਟ ਵੱਜੀ। ਉਸ ਹਸਪਤਾਲ ਲਿਜਾਣ ਦੀ ਬਜਾਏ ਨਸਲੀ ਟਿੱਪਣੀਆਂ ਸੁਣਨੀਆਂ ਪਈਆਂ ਅਤੇ ਵਾਪਸ ਭੇਜਣ ਦੀ ਧਮਕੀ ਵੀ ਦਿਤੀ ਗਈ। ਐਮਨੈਸਟੀ ਇੰਟਰਨੈਸ਼ਨਲ ਕੈਨੇਡਾ ਦੀ ਹਿਊਮਨ ਰਾਈਟਸ ਲਾਅ ਐਂਡ ਪੌਲਿਸੀ ਕੈਂਪੇਨਰ ਜੂਲੀਆ ਸੈਂਡ ਨੇ ਕਿਹਾ ਕਿ ਪ੍ਰਵਾਸੀਆਂ ਦੀ ਹੱਡਬੀਤੀ ਸੁਣ ਕੇ ਰੂਹ ਕੰਬ ਗਈ। ਹਰ ਕੋਈ ਸੋਚ ਕੇ ਹੈਰਾਨ ਕਿ ਆਖਰਕਾਰ ਕੈਨੇਡਾ ਵਰਗੇ ਮੁਲਕ ਵਿਚ ਐਨਾ ਜ਼ੁਲਮ ਕਿਵੇਂ ਹੋ ਸਕਦਾ ਹੈ।
10 ਹਜ਼ਾਰ ਡਾਲਰ ਖਰਚ ਕੇ ਕੈਨੇਡਾ ਪੁੱਜੀ ਔਰਤ ਨੂੰ ਰੋਟੀ ਵੀ ਨਾ ਮਿਲੀ
ਐਮਨੈਸਟੀ ਇੰਟਰਨੈਸ਼ਨਲ ਕੈਨੇਡਾ ਦੀ ਸਕੱਤਰ ਜਨਰਲ ਕੈਟੀ ਨਿਵਯਾਬੰਦੀ ਨੇ ਕਿਹਾ ਕਿ ਵਿਦੇਸ਼ੀ ਕਾਮਿਆਂ ’ਤੇ ਨਿਰਭਰ ਰਹਿਣ ਵਾਲੇ ਖੇਤਰਾਂ ਵਿਚ ਹੀ ਸਭ ਤੋਂ ਵੱਧ ਸ਼ੋਸ਼ਣ ਦੇਖਣ ਨੂੰ ਮਿਲਿਆ। ਉਧਰ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਨਿਗਰਾਨੀ ਕਰਨ ਵਾਲੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨੇ ਕਿਹਾ ਕਿ ਕਿਰਤੀਆਂ ਦੀ ਸਿਹਤ ਅਤੇ ਸੁਰੱਖਿਆ ਯਕੀਨੀ ਬਣਾਉਣੀ ਮਹਿਕਮੇ ਦਾ ਫ਼ਰਜ਼ ਹੈ ਜਿਸ ਦੇ ਮੱਦੇਨਜ਼ਰ ਇੰਪਲੌਇਰਜ਼ ਵਾਸਤੇ ਜੁਰਮਾਨੇ ਅਤੇ ਸਜ਼ਾ ਨੂੰ ਸਖਤ ਕੀਤਾ ਗਿਆ ਹੈ ਅਤੇ ਸਾਲ 2024-25 ਦੌਰਾਨ 21 ਲੱਖ ਡਾਲਰ ਦੇ ਜੁਰਮਾਨੇ ਕੀਤੇ ਗਏ। ਇਥੇ ਦਸਣਾ ਬਣਦਾ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਰਿਪੋਰਟ ਤਿਆਰ ਕਰਦਿਆਂ 14 ਮੁਲਕਾਂ ਨਾਲ ਸਬੰਧਤ 40 ਤੋਂ ਵੱਧ ਪ੍ਰਵਾਸੀ ਕਾਮਿਆਂ ਨਾਲ ਗੱਲਬਾਤ ਕੀਤੀ ਗਈ ਜੋ ਕੈਨੇਡੀਅਨ ਰੁਜ਼ਗਾਰ ਖੇਤਰ ਦਾ ਸਿਆਹ ਪੱਖ ਪੇਸ਼ ਕਰਦੀ ਹੈ। ਇਸੇ ਦੌਰਾਨ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਕਿਹਾ ਕਿ 24/7 ਟਿਪ ਲਾਈਨ ਸ਼ੁਰੂ ਕੀਤੀ ਗਈ ਹੈ ਜਿਥੇ ਆਰਜ਼ੀ ਵਿਦੇਸ਼ੀ ਕਾਮੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਖਤਰੇ ਦੇ ਜ਼ਦ ਵਿਚ ਮਹਿਸੂਸ ਹੋ ਰਹੇ 2,700 ਕਾਮਿਆਂ ਨੂੰ ਓਪਨ ਵਰਕ ਪਰਮਿਟ ਜਾਰੀ ਕੀਤੇ ਗਏ ਤਾਂਕਿ ਉਹ ਆਪਣੀ ਜ਼ਿੰਦਗੀ ਸੌਖੇ ਤਰੀਕੇ ਨਾਲ ਅੱਗੇ ਵਧਾ ਸਕਣ।