ਕੈਨੇਡਾ ਦੇ ਟੈਕਸ ਚੋਰ ਟ੍ਰਾਂਸਪੋਰਟਰਾਂ ਦੀ ਹੁਣ ਖ਼ੈਰ ਨਹੀਂ

ਕੈਨੇਡਾ ਵਿਚ ਟੈਕਸ ਚੋਰ ਟ੍ਰਾਂਸਪੋਰਟੇਸ਼ਨ ਕੰਪਨੀਆਂ ਦੀ ਹੁਣ ਖੈਰ ਨਹੀਂ ਅਤੇ ਫ਼ੈਡਰਲ ਸਰਕਾਰ ਨੇ ਸ਼ਿਕੰਜਾ ਕਸਣ ਦੀ ਵਿਉਂਤਬੰਦੀ ਕਰ ਲਈ ਹੈ

Update: 2025-10-31 12:36 GMT

ਔਟਵਾ : ਕੈਨੇਡਾ ਵਿਚ ਟੈਕਸ ਚੋਰ ਟ੍ਰਾਂਸਪੋਰਟੇਸ਼ਨ ਕੰਪਨੀਆਂ ਦੀ ਹੁਣ ਖੈਰ ਨਹੀਂ ਅਤੇ ਫ਼ੈਡਰਲ ਸਰਕਾਰ ਨੇ ਸ਼ਿਕੰਜਾ ਕਸਣ ਦੀ ਵਿਉਂਤਬੰਦੀ ਕਰ ਲਈ ਹੈ। ਜੀ ਹਾਂ, ਕੈਨੇਡੀਅਨ ਟ੍ਰਕਿੰਗ ਅਲਾਇੰਸ ਵੱਲੋਂ ਇਕ ਅਰਬ ਡਾਲਰ ਦਾ ਘਪਲਾ ਹੋਣ ਬਾਰੇ ਦਿਤੇ ਜਾ ਰਹੇ ਹੋਕੇ ਨੂੰ ਵੇਖਦਿਆਂ ਮਾਰਕ ਕਾਰਨੀ ਸਰਕਾਰ 4 ਨਵਬੰਰ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਨਵੇਂ ਨਿਯਮ ਲਿਆ ਰਹੀ ਹੈ। ਟ੍ਰਾਂਸਪੋਰਟੇਸ਼ਨ ਕੰਪਨੀਆਂ ਵੱਲੋਂ ਆਪਣੇ ਟਰੱਕ ਡਰਾਈਵਰਾਂ ਨੂੰ ਠੇਕੇਦਾਰ ਦੱਸ ਕੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ ਅਤੇ ਇਸ ਤਰੀਕੇ ਨਾਲ ਸਿਰਫ਼ ਸਰਕਾਰੀ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਟਰੱਕ ਡਰਾਈਵਰਾਂ ਦਾ ਵੀ ਸ਼ੋਸ਼ਣ ਕੀਤਾ ਜਾਂਦਾ ਹੈ। ਰੁਜ਼ਗਾਰ ਮੰਤਰੀ ਪੈਟੀ ਹੈਦੂ ਨੇ ਵੀਰਵਾਰ ਨੂੰ ਇਕ ਪਾਰਲੀਮਾਨੀ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਡਰਾਈਵਰਾਂ ਬਾਰੇ ਗਲਤ ਜਾਣਕਾਰੀ ਸਿੱਧੇ ਤੌਰ ’ਤੇ ਸ਼ੋਸ਼ਣ ਹੈ ਅਤੇ ਕਿਰਤੀਆਂ ਦੇ ਹੱਕਾਂ ’ਤੇ ਡਾਕਾ ਮਾਰਨ ਦੀ ਹਰਕਤ ਵੀ। ਇਮਾਨਦਾਰੀ ਨਾਲ ਕੰਮ ਕਰਨ ਵਾਲੀਆਂ ਟ੍ਰਾਂਸਪੋਰਟ ਕੰਪਨੀਆਂ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਕੈਨੇਡਾ ਵਿਚ ਨਵੇਂ ਆਏ ਪ੍ਰਵਾਸੀ ਖੁਦ ਨੂੰ ਮਕੜਜਾਲ ਵਿਚ ਫਸਿਆ ਮਹਿਸੂਸ ਕਰਦੇ ਹਨ।

ਟੀ-4-ਏ ਟੈਕਸ ਸਲਿਪਸ ਵਿਚ ਹੇਰਾਫੇਰੀ ’ਤੇ ਹੋਣਗੇ ਭਾਰੀ ਜੁਰਮਾਨੇ

ਨਵੇਂ ਨਿਯਮਾਂ ਤਹਿਤ ਕੈਨੇਡਾ ਰੈਵੇਨਿਊ ਏਜੰਸੀ ਦੀਆਂ ਤਾਕਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਟੀ-4-ਏ ਟੈਕਸ ਸਲਿਪਸ ਵਿਚ ਹੇਰਾਫੇਰੀ ਕਰਨ ਵਾਲੀਆਂ ਕੰਪਨੀਆਂ ਨੂੰ ਮੋਟੇ ਜੁਰਮਾਨੇ ਕੀਤੇ ਜਾ ਸਕਣਗੇ। ਉਧਰ ਬਲੌਕ ਕਿਊਬੈਕਵਾ ਨੇ ਦਾਅਵਾ ਕੀਤਾ ਹੈ ਕਿ ਬਜਟ ਨਾਲ ਸਬੰਧਤ 18 ਗੁਜ਼ਾਰਿਸ਼ਾਂ ਵਿਚੋਂ ਇਹ ਇਕ ਸੀ ਅਤੇ ਫੈਡਰਲ ਸਰਕਾਰ ਨੇ ਇਸ ਨੂੰ ਪ੍ਰਵਾਨ ਕਰ ਲਿਆ ਹੈ। ਪਾਰਲੀਮਾਨੀ ਕਮੇਟੀ ਦੀ ਮੀਟਿੰਗ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਸਟੀਵਨ ਮੈਕਿਨਨ ਵੱਲੋਂ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਬਲੌਕ ਕਿਊਬੈਕਵਾ ਦੀ ਗੁਜ਼ਾਰਿਸ਼ ’ਤੇ ਟ੍ਰਾਂਸਪੋਰਟੇਸ਼ਨ ਸੈਕਟਰ ਵਿਚ ਟੈਕਸ ਸੁਧਾਰ ਲਾਗੂ ਕੀਤੇ ਜਾ ਰਹੇ ਹਨ। ਬਲੌਕ ਦੇ ਟ੍ਰਾਂਸਪੋਰਟ ਮਾਮਲਿਆਂ ਬਾਰੇ ਆਲੋਚਕ ਜ਼ੇਵੀਅਰ ਡੂਵਲ ਨੇ ਤਸੱਲੀ ਜ਼ਾਹਰ ਕੀਤਾ ਕਿ ਲਿਬਰਲ ਸਰਕਾਰ ਕਾਰਵਾਈ ਕਰ ਰਹੀ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਇਸੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਫ਼ਿਲਿਪ ਲਾਰੈਂਸ ਨੇ ਰੁਜ਼ਗਾਰ ਮੰਤਰੀ ਪੈਟੀ ਹੈਦੂ ਉਤੇ ਦਬਾਅ ਪਾਉਂਦਿਆਂ ਡਰਾਈਵਰ ਇਨਕਾਰਪੋਰੇਸ਼ਨ ਦੇ ਖਾਤਮੇ ਦੀ ਪੱਕੀ ਤਰੀਕ ਦੱਸਣ ਵਾਸਤੇ ਆਖਿਆ। ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਹੋਏ ਇਕ ਗਵਾਹ ਨੇ ਮੰਨਿਆ ਕਿ ਸਖ਼ਤ ਕਾਰਵਾਈ ਰਾਹੀਂ ਸਰਕਾਰ ਟ੍ਰਾਂਸਪੋਰਟ ਸੈਕਟਰ ਦੇ ਟੈਕਸ ਚੋਰਾਂ ਨੂੰ ਕਾਬੂ ਕਰ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਸੂਬਾ ਸਰਕਾਰਾਂ ਵੱਲੋਂ ਵੀ ਟ੍ਰਾਂਸਪੋਰਟ ਕੰਪਨੀਆਂ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਆਪਣੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਫੈਡਰਲ ਬਜਟ ਵਿਚ ਲਿਆਂਦੇ ਜਾ ਰਹੇ ਸੁਧਾਰ ਨਿਯਮ

ਐਲਬਰਟਾ ਵਿਚ ਟਰੱਕ ਡਰਾਈਵਰਾਂ ਦੀ ਸਿਖਲਾਈ ਵਾਸਤੇ 125 ਘੰਟੇ ਤੋਂ 133 ਘੰਟੇ ਦੀ ਡਰਾਈਵਿੰਗ ਲਾਜ਼ਮੀ ਕਰ ਦਿਤੀ ਗਈ ਹੈ। ਡਰਾਈਵਰ ਟੇ੍ਰਨਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖ਼ਤ ਕੀਤੀਆਂ ਗਈਆਂ ਹਨ ਅਤੇ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਉਨਟਾਰੀਓ ਸਰਕਾਰ 185 ਟਰੱਕ ਡਰਾਈਵਰਾਂ ਦੇ ਲਾਇਸੰਸ ਮੁਅੱਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਵੱਲੋਂ ਹਾਸਲ ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾਕਾਫ਼ੀ ਹੈ। ਕੈਨੇਡੀਅਨ ਟ੍ਰਕਿੰਗ ਅਲਾਇਸੰਸ ਦੇ ਪ੍ਰਧਾਨ ਸਟੀਫ਼ਨ ਲੈਸਕੋਵਸਕੀ ਵੱਲੋਂ ਫੈਡਰਲ ਸਰਕਾਰ ਦਾ ਤਾਜ਼ਾ ਐਲਾਨ ਦਾ ਸਵਾਗਤ ਕੀਤਾ ਗਿਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਡਰਾਈਵਰਜ਼ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਟ੍ਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ ਬਚ ਜਾਂਦੀਆਂ ਹਨ। ਇਸ ਦੇ ਉਲਟ ਡਰਾਈਵਰਾਂ ਨੂੰ ਬਣਦੀ ਅਦਾਇਗੀ ਨਹੀਂ ਕੀਤੀ ਜਾਂਦੀ ਪਰ ਨਵੇਂ ਨਿਯਮ ਨਕੇਲ ਕਸਣ ਵਿਚ ਕਾਮਯਾਬ ਹੋ ਸਕਦੇ ਹਨ।

Tags:    

Similar News