ਕੈਨੇਡਾ ਦੀਆਂ ਸੜਕਾਂ ਔਰਤਾਂ ਵਾਸਤੇ ਸੁਰੱਖਿਅਤ ਨਹੀਂ

ਕੈਨੇਡਾ ਵਿਚ 2 ਔਰਤਾਂ ਨੂੰ ਅਗਵਾ ਕਰਨ ਦਾ ਯਤਨ ਕਰਨ ਵਾਲੇ ਤਿੰਨ ਨਕਾਬਪੋਸ਼ ਸ਼ੱਕੀਆਂ ਵਿਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਦਕਿ ਦੋ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ

Update: 2025-08-28 12:18 GMT

ਮਿਸੀਸਾਗਾ : ਕੈਨੇਡਾ ਵਿਚ 2 ਔਰਤਾਂ ਨੂੰ ਅਗਵਾ ਕਰਨ ਦਾ ਯਤਨ ਕਰਨ ਵਾਲੇ ਤਿੰਨ ਨਕਾਬਪੋਸ਼ ਸ਼ੱਕੀਆਂ ਵਿਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਦਕਿ ਦੋ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਵਾਰਦਾਤ 24 ਜੂਨ ਨੂੰ ਰਾਤ ਤਕਰੀਬਨ 10.20 ਵਜੇ ਵਾਪਰੀ ਜਦੋਂ ਬ੍ਰਿਟੈਨੀਆ ਰੋਡ ਵੈਸਟ ਅਤੇ ਕੁਈਨ ਸਟ੍ਰੀਟ ਸਾਊਥ ਇਲਾਕੇ ਵਿਚ ਦੋ ਔਰਤਾਂ ਪੈਦਲ ਜਾ ਰਹੀਆਂ ਸਨ। ਇਸੇ ਦੌਰਾਨ ਸ਼ੱਕੀ ਉਨ੍ਹਾਂ ਕੋਲ ਪੁੱਜੇ ਅਤੇ ਹਲਕੇ ਰੰਗ ਦੀ ਔਡੀ ਐਸ.ਯੂ.ਵੀ. ਵਿਚ ਬੈਠਣ ਲਈ ਵਰਗਲਾਉਣ ਲੱਗੇ। ਔਰਤਾਂ ਅੱਗੇ ਵਧ ਗਈਆਂ ਪਰ ਸ਼ੱਕੀਆਂ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਕਾਬੂ ਕਰ ਲਿਆ।

2 ਔਰਤਾਂ ਨੂੰ ਅਗਵਾ ਕਰਨ ਦਾ ਯਤਨ, ਇਕ ਗ੍ਰਿਫ਼ਤਾਰ

ਸ਼ੱਕੀਆਂ ਵਿਚੋਂ ਇਕ ਕੋਲ ਪਸਤੌਲ ਜਦਕਿ ਦੂਜੇ ਕੋਲ ਛੁਰਾ ਮੌਜੂਦ ਸੀ ਪਰ ਇਸੇ ਦੌਰਾਨ ਸੜਕ ਤੋਂ ਲੰਘ ਰਹੇ ਇਕ ਸ਼ਖਸ ਨੇ ਦਖ਼ਲ ਦਿਤਾ ਤਾਂ ਸ਼ੱਕੀ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੌਰਾਨ ਔਰਤਾਂ ਨੂੰ ਕੋਈ ਸਰੀਰਕ ਸੱਟ ਨਹੀਂ ਵੱਜੀ ਅਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ। ਪੁਲਿਸ ਨੇ ਲੰਮੀ ਪੜਤਾਲ ਮਗਰੋਂ ਇਟੋਬੀਕੋ ਦੇ 26 ਸਾਲਾ ਵਲੀਦ ਖਾਨ ਨੂੰ ਗ੍ਰਿਫਤਾਰ ਕਰਦਿਆਂ ਦੋਸ਼ ਆਇਦ ਕਰ ਦਿਤੇ। ਵਲੀਦ ਖਾਨ ਵਿਰੁੱਧ ਕਿਡਨੈਪਿੰਗ, ਫਾਇਰ ਆਰਮਜ਼ ਅਤੇ ਆਟੋ ਥੈਫ਼ਟ ਨਾਲ ਸਬੰਧਤ 33 ਵੱਖ ਵੱਖ ਦੋਸ਼ ਲੱਗੇ ਹਨ। ਪੁਲਿਸ ਨੇ ਸ਼ੱਕੀ ਦੀ ਰਿਹਾਇਸ਼ ’ਤੇ ਛਾਪਾ ਮਾਰਦਿਆਂ ਦੋ ਭਰੀਆਂ ਹੋਈਆਂ ਗੈਰਕਾਨੂੰਨੀ ਪਸਤੌਲਾਂ ਵੀ ਜ਼ਬਤ ਕੀਤੀਆਂ ਅਤੇ ਫ਼ਿਲਹਾਲ ਇਹ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ।

ਪੀਲ ਰੀਜਨਲ ਪੁਲਿਸ 2 ਸ਼ੱਕੀਆਂ ਦੀ ਕਰ ਰਹੀ ਭਾਲ

ਜਾਂਚਕਰਤਾਵਾਂ ਨੇ ਦੋ ਹੋਰਨਾਂ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ ਇਨ੍ਹਾਂ ਦਾ ਸਰੀਰ ਦਰਮਿਆਨ ਅਤੇ ਉਮਰ ਤਕਰੀਬਨ 25-26 ਸਾਲ ਹੈ। ਦੋਵੇਂ ਜਣੇ ਮੱਧ ਪੂਰਬੀ ਮੁਲਕਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ ਅਤੇ ਇਨ੍ਹਾਂ ਵੱਲੋਂ ਵਰਤੀ ਗੱਡੀ ਵੀ ਹਾਲੇ ਤੱਕ ਬਰਾਮਦ ਨਹੀਂ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 11 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨਾਲ 905 453 2121 ਐਕਸਟੈਨਸ਼ਨ 1133 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।

Tags:    

Similar News