ਆਪਣੀ ਹੀ ਸਰਕਾਰ ਵਿਰੁੱਧ ਬੋਲ ਗਏ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ
ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਮੁੜ ਵਿਵਾਦਾਂ ਵਿਚ ਹਨ
ਔਟਵਾ : ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਮੁੜ ਵਿਵਾਦਾਂ ਵਿਚ ਹਨ। ਜੀ ਹਾਂ, ਪਾਬੰਦੀਸ਼ੁਦਾ ਹਥਿਆਰ ਵਾਪਸ ਖਰੀਦਣ ਬਾਰੇ ਫੈਡਰਲ ਸਰਕਾਰ ਦੀ ਯੋਜਨਾ ’ਤੇ ਸਵਾਲ ਉਠਾਉਣ ਦੀ ਆਡੀਓ ਲੀਕ ਹੋਣ ਮਗਰੋਂ ਲੋਕ ਸੁਰੱਖਿਆ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਬਾਏਬੈਕ ਪ੍ਰੋਗਰਾਮ ਮੁੜ ਸੁਰਜੀਤ ਕਰਨ ਦੀ ਪੂਰੀ ਹਮਾਇਤ ਕਰਦੇ ਹਨ। ਆਨੰਦਸੰਗਰੀ ਨੇ ਟੋਰਾਂਟੋ ਰਹਿੰਦੇ ਆਪਣੇ ਕਿਰਾਏਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਬਿਲਕੁਲ ਪਰਵਾਹ ਨਾ ਕਰੇ। ਜੇ ਹਥਿਆਰ ਵਾਪਸ ਨਾ ਕਰਨ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਰਿਹਾਅ ਕਰਵਾ ਲੈਣਗੇ। ਆਡੀਓ ਰਿਕਾਰਡਿੰਗ ਮੁਤਾਬਕ ਆਨੰਦਸੰਗਰੀ ਦਾ ਕਿਰਾਏਦਾਰ ਹਥਿਆਰ ਵਾਪਸ ਨਹੀਂ ਕਰਨਾ ਚਾਹੁੰਦਾ ਅਤੇ ਇਸੇ ਮੁੱਦੇ ’ਤੇ ਦੋਹਾਂ ਵਿਚਾਲੇ ਲੰਮੀ ਗੱਲਬਾਤ ਹੋਈ।
ਗੈਰੀ ਆਨੰਦਸੰਗਰੀ ਦੀ ਆਡੀਓ ਹੋਈ ਲੀਕ
ਲੋਕ ਸੁਰੱਖਿਆ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ 742 ਮਿਲੀਅਨ ਡਾਲਰ ਦੇ ਮੁਆਵਜ਼ੇ ਵਾਲੀ ਯੋਜਨਾ ਦਾ ਐਲਾਨ ਕੇਪ ਬਰੈਟਨ ਵਿਖੇ ਮੰਗਲਵਾਰ ਨੂੰ ਕੀਤਾ ਜਾਵੇਗਾ। ਹਾਊਸ ਆਫ਼ ਕਾਮਨਜ਼ ਵਿਚ ਇਹ ਮੁੱਦਾ ਉਠਾਉਂਦਿਆਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਕਿਹਾ ਕਿ ਆਨੰਦਸੰਗਰੀ ਨੇ ਗਲਤੀ ਨਾਲ ਸੱਚਾਈ ਬਿਆਨ ਕਰ ਦਿਤੀ ਕਿ ਲੋਕਾਂ ਨੂੰ ਹਥਿਆਰਾਂ ਦੀ ਕੀਮਤ ਅਦਾ ਕਰਨ ਦੀ ਯੋਜਨਾ ਬਿਲਕੁਲ ਬੇਕਾਰ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ, ‘‘ਸਪੀਕਰ ਸਾਹਿਬ ਇਹ ਚੰਗੀ ਗੱਲ ਹੈ ਕਿ ਲੋਕ ਸੁਰੱਖਿਆ ਮੰਤਰੀ ਦੀ ਰਿਕਾਰਡਿੰਗ ਸਾਹਮਣੇ ਆ ਗਈ ਕਿ ਉਹ ਆਪਣਾ ਖਿਆਲ ਖੁਦ ਰੱਖ ਸਕਦੇ ਹਨ।’’ ਇਥੇ ਦਸਣਾ ਬਣਦਾ ਹੈ ਕਿ ਲੋਕ ਸੁਰੱਖਿਆ ਮੰਤਰੀ ਅਤੇ ਉਨ੍ਹਾਂ ਦੇ ਕਿਰਾਏਦਾਰ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਟੋਰਾਂਟੋ ਸਟਾਰ ਨੇ ਪ੍ਰਕਾਸ਼ਤ ਕੀਤੇ ਅਤੇ ਇਸ ਮਗਰੋਂ ਗਲੋਬਲ ਨਿਊਜ਼ ਵੱਲੋਂ ਵੀ ਆਡੀਓ ਦੇ ਕੁਝ ਹਿੱਸੇ ਟੀ.ਵੀ. ’ਤੇ ਚਲਾਏ ਗਏ। ਹਥਿਆਰਾਂ ’ਤੇ ਪਾਬੰਦੀ ਦਾ ਮੁੱਦਾ ਉਸ ਵੇਲੇ ਉਠਿਆ ਜਦੋਂ ਨੋਵਾ ਸਕੋਸ਼ੀਆ ਵਿਚ ਸਮੂਹਕ ਕਤਲੇਆਮ ਦੌਰਾਨ 22 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ।
ਪਿਅਰੇ ਪੌਇਲੀਐਵ ਨੇ ਸੰਸਦ ਵਿਚ ਉਠਾਇਆ ਮੁੱਦਾ
ਇਸ ਮਗਰੋਂ ਜਸਟਿਨ ਟਰੂਡੋ ਦੀ ਅਗਵਾਈ ਸਰਕਾਰ ਵੱਲੋਂ 2020 ਵਿਚ ਅਸਾਲਟ ਸਟਾਈਲ ਰਾਈਫਲਾਂ ਦੀਆ 1500 ਕਿਸਮਾਂ ’ਤੇ ਪਾਬੰਦੀ ਲਾਉਂਦਿਆਂ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਗਿਆ। ਲੋਕਾਂ ਨੂੰ ਆਪਣੇ ਹਥਿਆਰ ਜਮ੍ਹਾਂ ਕਰਵਾਉਣ ਲਈ ਦੋ ਸਾਲ ਦਾ ਸਮਾਂ ਦਿਤਾ ਗਿਆ ਜਿਸ ਦੀ ਮਿਆਦ ਬਾਅਦ ਵਿਚ ਵਧਾ ਦਿਤੀ ਗਈ। ਅਪ੍ਰੈਲ ਵਿਚ ਹੋਈਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਹਥਿਆਰ ਵਾਪਸ ਖਰੀਦਣ ਦੀ ਯੋਜਨਾ ਮੁੜ ਸ਼ੁਰੂ ਕਰਨ ਦਾ ਵਾਅਦਾ ਕੀਤਾ ਗਿਆ ਅਤੇ ਅੱਜ ਇਹ ਯੋਜਨਾ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਉਲਟ ਕੰਜ਼ਰਵੇਟਿਵ ਪਾਰਟੀ ਬੰਦੂਕ ਮਾਲਕਾਂ ਦੇ ਹੱਕ ਵਿਚ ਖੜ੍ਹੀ ਹੈ ਅਤੇ ਕਈ ਸੂਬਾ ਸਰਕਾਰਾਂ ਵੀ ਇਸ ਯੋਜਨਾ ਦੀ ਨਿਖੇਧੀ ਕਰ ਚੁੱਕੀਆਂ ਹਨ। ਟੋਰੀਆਂ ਦਾ ਕਹਿਣਾ ਹੈ ਕਿ ਬੰਦੂਕਾਂ ਰਾਹੀਂ ਹੁੰਦੇ ਅਪਰਾਧਾਂ ਲਈ ਅਸਲ ਵਿਚ ਅਮਰੀਕਾ ਤੋਂ ਗੈਰਕਾਨੂੰਨੀ ਤਰੀਕੇ ਨਾਲ ਆਉਣ ਵਾਲੀਆਂ ਪਸਤੌਲਾਂ ਜਾਂ ਬੰਦੂਕਾਂ ਜ਼ਿੰਮੇਵਾਰ ਹਨ।