‘ਖਾਲਿਸਤਾਨ ਹਮਾਇਤੀਆਂ ਦੇ ਪ੍ਰਭਾਵ ਹੇਠ ਤਿਆਰ ਹੋਈ ਕੈਨੇਡਾ ਦੀ ਖੁਫੀਆ ਰਿਪੋਰਟ’

ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਦਖਲ ਬਾਰੇ ਕੈਨੇਡੀਅਨ ਕਾਨੂੰਨ ਘਾੜਿਆਂ ਵੱਲੋਂ ਪੇਸ਼ ਖੁਫੀਆ ਰਿਪੋਰਟ ਨਾ ਸਿਰਫ ਸਿਆਸਤ ਬਲਕਿ ਸਿੱਖ ਵੱਖਵਾਦੀਆਂ ਤੋਂ ਪ੍ਰੇਰਿਤ ਹੈ।;

Update: 2024-06-28 11:29 GMT

ਔਟਵਾ : ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ੀ ਦਖਲ ਬਾਰੇ ਕੈਨੇਡੀਅਨ ਕਾਨੂੰਨ ਘਾੜਿਆਂ ਵੱਲੋਂ ਪੇਸ਼ ਖੁਫੀਆ ਰਿਪੋਰਟ ਨਾ ਸਿਰਫ ਸਿਆਸਤ ਬਲਕਿ ਸਿੱਖ ਵੱਖਵਾਦੀਆਂ ਤੋਂ ਪ੍ਰੇਰਿਤ ਹੈ। ਭਾਰਤੀ ਸਫੀਰ ਨੇ ਰਿਪੋਰਟ ਨੂੰ ਵਿਤਕਰੇ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਨਵੀਂ ਦਿੱਲੀ ਨੂੰ ਆਪਣਾ ਪੱਖ ਰੱਖਣ ਅਤੇ ਗਵਾਹਾਂ ਨਾਲ ਜਿਰ੍ਹਾ ਦਾ ਮੌਕਾ ਨਹੀਂ ਦਿਤਾ ਗਿਆ। ਦੱਸ ਦੇਈਏ ਕਿ ਖੁਫੀਆ ਰਿਪੋਰਟ ਵਿਚ ਭਾਰਤ ਅਤੇ ਚੀਨ ਨੂੰ ਵੱਡਾ ਖਤਰਾ ਕਰਾਰ ਦਿਤਾ ਗਿਆ ਹੈ। ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਭਾਰਤ ਵਿਰੋਧੀ ਤੱਤਾਂ ਦੇ ਪ੍ਰਭਾਵ ਹੇਠ ਰਿਪੋਰਟ ਤਿਆਰ ਕੀਤੀ ਗਈ ਜਦਕਿ ਇਸ ਦੇ ਉਲਟ ਕੈਨੇਡਾ ਸਰਕਾਰ ਨੂੰ ਠੋਸ ਸਬੂਤ ਪੇਸ਼ ਕਰਨੇ ਚਾਹੀਦੇ ਸਨ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿਚ ਆਖਿਆ ਕਿ ਜੇ ਕੈਨੇਡੀਅਨ ਸੰਸਥਾਵਾਂ ਭਾਰਤ ਨਾਲ ਦੁਵੱਲੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਣ ’ਤੇ ਉਤਾਰੂ ਹਨ ਤਾਂ ਇਹ ਸਭ ਹੋ ਕੇ ਰਹੇਗਾ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਖੁਫੀਆ ਰਿਪੋਰਟ ਦੇ ਕੁਝ ਹਿੱਸੇ ਜਨਤਕ ਹੋਣ ਮਗਰੋਂ ਭਾਰਤ ਵੱਲੋਂ ਇਹ ਪਹਿਲਾ ਰਸਮੀ ਹੁੰਗਾਰਾ ਦਿਤਾ ਗਿਆ ਹੈ।

ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕੀਤਾ ਵੱਡਾ ਦਾਅਵਾ

ਸੰਜੇ ਕੁਮਾਰ ਵਰਮਾ ਨੇ ਦੋਸ਼ ਲਾਇਆ ਕਿ ਕੈਨੇਡਾ ਵਿਚ ਖਾਲਿਸਤਾਨ ਹਮਾਇਤੀਆਂ ਨੂੰ ਸਿਆਸਤ ਵਿਚ ਖੁੱਲ੍ਹ ਕੇ ਵਿਚਰਨ ਦਾ ਮੌਕਾ ਮਿਲ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਰੀ ਪ੍ਰਕਿਰਿਆ ਕਿੰਨੀ ਪ੍ਰਭਾਵਤ ਹੋਵੇਗੀ। ਉਧਰ ਜਦੋਂ ਐਮ.ਪੀਜ਼ ਦੀ ਵਿਸ਼ੇਸ਼ ਕਮੇਟੀ ਨੂੰ ਸੰਜੇ ਕੁਮਾਰ ਵਰਮਾ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਹਮੇਸ਼ਾਂ ਆਪਣੀਆਂ ਰਿਪੋਰਟਾਂ ਰਾਹੀਂ ਗੱਲ ਕਰਦੀ ਹੈ ਅਤੇ ਪੂਰੇ ਪ੍ਰਕਿਰਿਆ ਦੌਰਾਨ ਦੇਸ਼ ਦੀਆਂ ਦੋ ਖੁਫੀਆ ਏਜੰਸੀਆਂ, ਪੁਲਿਸ ਸੇਵਾ ਅਤੇ ਲੋਕ ਸੁਰੱਖਿਆ ਮੰਤਰਾਲੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਚਾਰ ਹਜ਼ਾਰ ਦਸਤਾਵੇਜ਼ਾਂ ਦੀ ਘੋਖ ਵੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮੰਤਰੀ ਮੈਲਨੀ ਜੌਲੀ ਦੇ ਦਫ਼ਤਰ ਤੋਂ ਪੁੱਛੇ ਗਏ ਸਵਾਲਾਂ ਨੂੰ ਲੋਕ ਸੁਰੱਖਿਆ ਮੰਤਰਾਲੇ ਕੋਲ ਭੇਜ ਦਿਤਾ ਗਿਆ ਅਤੇ ਲੋਕ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਕਾਨੂੰਨ ਘਾੜਿਆਂ ਦੀ ਕਮੇਟੀ ਵੱਲੋਂ ਇਸ ਬਾਰੇ ਕੋਈ ਹੁੰਗਾਰਾ ਦਿਤਾ ਜਾ ਸਕਦਾ ਹੈ। ਉਧਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਸੰਜੇ ਕੁਮਾਰ ਵਰਮਾ ਦੀਆਂ ਟਿੱਪਣੀਆਂ ਨੂੰ ਬੇਬੁਨਿਆਦ ਅਤੇ ਗੈਰਪੇਸ਼ੇਵਰ ਕਰਾਰ ਦਿਤਾ ਗਿਆ। ਜਥੇਬੰਦੀ ਨੇ ਜ਼ੋਰ ਦੇ ਕੇ ਆਖਿਆ ਕਿ ਕਮੇਟੀ ਨੇ ਪੂਰਨ ਖੁਦਮੁਖਤਿਆਰੀ ਨਾਲ ਰਿਪੋਰਟ ਤਿਆਰ ਕੀਤੀ। ਦੂਜੇ ਪਾਸੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਸਬੰਧੀ ਪੁੱਛੇ ਜਾਣ ’ਤੇ ਭਾਰਤ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਕੈਨੇਡਾ ਸਰਕਾਰ ਵੱਲੋਂ ਕੋਈ ਸਬੂਤ ਸਾਂਝਾ ਨਹੀਂ ਕੀਤਾ ਗਿਆ। ਦੱਸ ਦੇਈਏ ਕੈਨੇਡੀਅਨ ਪੁਲਿਸ ਵੱਲੋਂ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਮਈ ਮਹੀਨੇ ਦੌਰਾਨ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਨਾਗਰਿਕਾਂ ਵਿਚੋਂ ਕਿਸੇ ਵੱਲੋਂ ਵੀ ਹਾਈ ਕਮਿਸ਼ਨ ਤੋਂ ਕਾਨੂੰਨੀ ਮਦਦ ਨਹੀਂ ਮੰਗੀ ਗਈ। ਇੰਟਰਵਿਊ ਦੇ ਅੰਤ ਵਿਚ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਭਾਵੇਂ ਦੋਹਾਂ ਮੁਲਕਾਂ ਵਿਚਾਲੇ ਕੂਟਨੀਤਕ ਰਿਸ਼ਤਿਆਂ ਕੁੜੱਤਣ ਆਈ ਹੈ ਪਰ ਦੁਵੱਲਾ ਵਪਾਰ ਪਿਛਲੇ ਸਾਲ 25 ਅਰਬ ਦਾ ਅੰਕੜਾ ਪਾਰ ਕਰ ਗਿਆ ਜੋ ਇਸ ਸਾਲ ਹੋਰ ਉਪਰ ਜਾਵੇਗਾ।

Tags:    

Similar News