ਕੈਨੇਡਾ ਦਾ ਇੰਮੀਗ੍ਰੇਸ਼ਨ ਮਹਿਕਮਾ ਕਸੂਤਾ ਘਿਰਿਆ

ਕੈਨੇਡਾ ਵਿਚ ਇਲਾਜ ਦੀ ਉਡੀਕ ਕਰਦੇ 74 ਹਜ਼ਾਰ ਲੋਕ ਇਸ ਦੁਨੀਆਂ ਤੋਂ ਤੁਰ ਗਏ ਅਤੇ ਇੰਮੀਗ੍ਰੇਸ਼ਨ ਮਹਿਕਮਾ ਮੁਲਕ ਵਿਚ ਮੁਹੱਈਆ ਸਿਹਤ ਸਹੂਲਤਾਂ ਦੀਆਂ ਸਿਫ਼ਤਾਂ ਕਰਦਾ ਨਹੀਂ ਥੱਕ ਰਿਹਾ

Update: 2025-10-17 12:52 GMT

ਟੋਰਾਂਟੋ : ਕੈਨੇਡਾ ਵਿਚ ਇਲਾਜ ਦੀ ਉਡੀਕ ਕਰਦੇ 74 ਹਜ਼ਾਰ ਲੋਕ ਇਸ ਦੁਨੀਆਂ ਤੋਂ ਤੁਰ ਗਏ ਅਤੇ ਇੰਮੀਗ੍ਰੇਸ਼ਨ ਮਹਿਕਮਾ ਮੁਲਕ ਵਿਚ ਮੁਹੱਈਆ ਸਿਹਤ ਸਹੂਲਤਾਂ ਦੀਆਂ ਸਿਫ਼ਤਾਂ ਕਰਦਾ ਨਹੀਂ ਥੱਕ ਰਿਹਾ। ਜੀ ਹਾਂ, ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੀ ਸੋਸ਼ਲ ਮੀਡੀਆ ਪੋਸਟ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆ ਚੁੱਕੀ ਹੈ ਅਤੇ ਆਪਣੇ ਦਿਲ ਦੇ ਟੁਕੜਿਆਂ ਨੂੰ ਗਵਾਉਣ ਵਾਲੇ ਵੀ ਇਸ ਦੀ ਤਿੱਖੀ ਨੁਕਤਾਚੀਨੀ ਕਰ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਕਿਹਾ ਕਿ ਲਿਬਰਲ ਸਰਕਾਰ ਲੋਕਾਂ ਦੇ ਪੈਸੇ ਨਾਲ ਇਸ਼ਤਿਹਾਰਬਾਜ਼ੀ ਕਰਦਿਆਂ ਸੰਭਾਵਤ ਪ੍ਰਵਾਸੀਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਾ ਵਾਅਦਾ ਕਰ ਰਹੀ ਹੈ ਪਰ ਅਸਲੀਅਤ ਕੌਣ ਦੱਸੇ ਕਿ ਇਥੇ ਨਾ ਡਾਕਟਰ ਲੱਭਣਾ ਹੈ ਅਤੇ ਨਾ ਹਸਪਤਾਲ ਵਿਚ ਇਲਾਜ ਹੋਣਾ ਹੈ।

ਮੁਫ਼ਤ ਸਿਹਤ ਸਹੂਲਤਾਂ ਦਾ ਕੀਤਾ ਜਾ ਰਿਹਾ ਪ੍ਰਚਾਰ

ਇਸੇ ਦੌਰਾਨ ਵਿਰੋਧੀ ਧਿਰ ਦੀ ਉਪ ਲਾਗੂ ਮਲੀਜ਼ਾ ਲੈਂਟਸਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਮੁਫ਼ਤ ਸਿਹਤ ਸਹੂਲਤਾਂ ਦਾ ਹੋਕਾ ਦੇ ਰਹੀ ਹੈ ਪਰ ਦੂਜੇ ਪਾਸੇ ਐਮਰਜੰਸੀ ਰੂਮਜ਼ ਬੰਦ ਹੋ ਰਹੇ ਹਨ। ਫਰੇਜ਼ਰ ਇੰਸਟੀਚਿਊਟ ਦੇ ਅੰਕੜਿਆਂ ਮੁਤਾਬਕ 2024 ਦੌਰਾਨ ਕੈਨੇਡਾ ਵਾਲਿਆਂ ਨੂੰ ਹਸਪਤਾਲਾਂ ਵਿਚ ਇਲਾਜ ਦੀ ਉਡੀਕ ਕਰਦਿਆਂ ਤਨਖਾਹਾਂ ਦੇ ਰੂਪ ਵਿਚ 5 ਅਰਬ ਡਾਲਰ ਤੋਂ ਵੱਧ ਰਕਮ ਗਵਾਉਣੀ ਪਈ। ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਬਦਤਰ ਹਾਲਾਤ ਦਾ ਟਾਕਰਾ ਕਰਨਾ ਪਿਆ ਅਤੇ ਜ਼ਿੰਦਗੀ ਦੀ ਮਿਆਦ ਘਟ ਗਈ। ਫਰੇਜ਼ਰ ਇੰਸਟੀਚਿਊਟ ਦੀ ਰਿਪੋਰਟ ਕਹਿੰਦੀ ਹੈ ਕਿ ਮਾਹਰ ਡਾਕਟਰ ਕੋਲ ਰੈਫ਼ਰ ਕੀਤੇ ਜਾਣ ਤੋਂ ਇਲਾਜ ਮੁਹੱਈਆ ਹੋਣ ਤੱਕ ਦਾ ਉਡੀਕ ਸਮਾਂ 30 ਹਫ਼ਤੇ ਤੱਕ ਪੁੱਜ ਚੁੱਕਾ ਹੈ ਜੋ 1993 ਵਿਚ ਸਿਰਫ਼ 9 ਹਫ਼ਤੇ ਅਤੇ 3 ਦਿਨ ਹੁੰਦਾ ਸੀ। ਇਕ ਸੋਸ਼ਲ ਮੀਡੀਆ ਵਰਤੋਂਕਾਰ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਦੁਨੀਆਂ ਦੇ ਲੋਕਾਂ ਵਾਸਤੇ ਕੋਈ ਵਾਕ ਇਨ ਕਲੀਨਿਕ ਨਹੀਂ। ਕੈਨੇਡੀਅਨਜ਼ ਨੂੰ ਸਿਹਤ ਸਹੂਲਤਾਂ ਮਿਲਦੀਆਂ ਨਹੀਂ ਅਤੇ ਵਿਦੇਸ਼ੀਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਾ ਲਾਲਚ ਦਿਤਾ ਜਾ ਰਿਹਾ ਹੈ। ਇਕ ਹੋਰ ਵਰਤੋਂਕਾਰ ਨੇ ਕਿਹਾ ਕਿ ਫਰਜ਼ੀ ਰਫ਼ਿਊਜੀਆਂ ਅਤੇ ਟੈਂਪਰੇਰੀ ਵਰਕਰਜ਼ ਤੋਂ ਨਿਜਾਤ ਮਿਲਣ ਤੱਕ ਕੈਨੇਡਾ ਦੇ ਦਰਵਾਜ਼ੇ ਬੰਦ ਕਰ ਦਿਤੇ ਜਾਣ।

ਵਿਰੋਧੀ ਧਿਰ ਨੇ ਕਿਹਾ, ਇਲਾਜ ਤੋਂ ਬਗੈਰ ਮਰ ਰਹੇ ਲੋਕ

ਫਰੇਜ਼ਰ ਇੰਸਟੀਚਿਊਟ ਵੱਲੋਂ ਪੇਸ਼ ਵੇਰਵਿਆਂ ਮੁਤਾਬਕ ਇਲਾਜ ਲਈ ਉਡੀਕ ਦਾ ਸਭ ਤੋਂ ਲੰਮਾ ਸਮਾਂ ਪ੍ਰਿੰਸ ਐਡਵਰਡ ਆਇਲੈਂਡ ਵਿਚ ਹੈ ਜਿਥੇ ਮਰੀਜ਼ਾਂ ਨੂੰ 77.4 ਹਫ਼ਤੇ ਤੱਕ ਉਡੀਕ ਕਰਨੀ ਪੈਂਦੀ ਹੈ ਜਦਕਿ ਉਨਟਾਰੀਓ ਦਾ ਉਡੀਕ ਸਮਾਂ 24 ਹਫ਼ਤੇ ਦੱਸਿਆ ਗਿਆ ਹੈ। ਸਭ ਤੋਂ ਵੱਧ ਉਡੀਕ ਹੱਡੀਆਂ ਜਾਂ ਜੋੜਾਂ ਦੀ ਸਰਜਰੀ ਦੇ ਮਾਮਲੇ ਵਿਚ ਕਰਨੀ ਪੈਂਦੀ ਹੈ ਜਦਕਿ ਨਿਊਰੋ ਸਰਜਰੀ ਵਾਸਤੇ ਉਡੀਕ ਸਮਾਂ ਦੂਜੇ ਸਥਾਨ ’ਤੇ ਆਉਂਦਾ ਹੈ। ਸੀ.ਟੀ. ਸਕੈਨ ਵਰਗੀਆਂ ਚੀਜ਼ਾਂ ਵਾਸਤੇ ਔਸਤ ਉਡੀਕ ਸਮਾਂ 8 ਹਫ਼ਤੇ ਅਤੇ ਐਮ.ਆਰ.ਆਈ. ਵਾਸਤੇ 16 ਹਫ਼ਤੇ ਦੱਸਿਆ ਗਿਆ ਹੈ। ਅਲਟਰਾਸਾਊਂਡ ਵਾਸਤੇ ਲੋਕਾਂ ਨੂੰ ਸਵਾ ਪੰਜ ਹਫ਼ਤੇ ਉਡੀਕ ਕਰਨੀ ਪੈਂਦੀ ਹੈ। ਦੂਜੇ ਪਾਸੇ ਲਿਬਰਲ ਸਰਕਾਰ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਯੋਜਨਾ ਅਧੀਨ ਨਵੇਂ ਸੱਦੇ ਭੇਜੇ ਜਾ ਰਹੇ ਹਨ ਅਤੇ ਮੌਜੂਦਾ ਵਰ੍ਹੇ ਦੌਰਾਨ ਘੱਟੋ ਘੱਟ 10 ਹਜ਼ਾਰ ਬਜ਼ੁਰਗ ਕੈਨੇਡਾ ਵਿਚ ਦਾਖਲ ਹੋਣਗੇ ਜਿਨ੍ਹਾਂ ਦੇ ਇਲਾਜ ਦਾ ਪ੍ਰਬੰਧ ਕਰਨਾ ਸੌਖਾ ਨਹੀਂ ਹੋਵੇਗਾ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਪਬਲਿਕ ਹੈਲਥ ਕੇਅਰ ’ਤੇ ਚਾਨਣਾ ਪਾਉਂਦਾ ਇਸ਼ਤਿਹਾਰ ਹੁਣ ਵੀ ਕਾਇਮ ਹੈ।

Tags:    

Similar News