ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ ਪਰਤੀਆਂ ਰੌਣਕਾਂ
ਕੈਨੇਡਾ ਵਿਚ ਨਵੰਬਰ ਦੌਰਾਨ ਪੈਦਾ ਹੋਏ ਰੁਜ਼ਗਾਰ ਦੇ 54 ਹਜ਼ਾਰ ਨਵੇਂ ਮੌਕਿਆਂ ਨੇ ਮੁਲਕ ਦੇ ਅਰਥਚਾਰੇ ਨੂੰ ਨਵਾਂ ਹੁਲਾਰਾ ਦਿਤਾ ਹੈ
ਟੋਰਾਂਟੋ : ਕੈਨੇਡਾ ਵਿਚ ਨਵੰਬਰ ਦੌਰਾਨ ਪੈਦਾ ਹੋਏ ਰੁਜ਼ਗਾਰ ਦੇ 54 ਹਜ਼ਾਰ ਨਵੇਂ ਮੌਕਿਆਂ ਨੇ ਮੁਲਕ ਦੇ ਅਰਥਚਾਰੇ ਨੂੰ ਨਵਾਂ ਹੁਲਾਰਾ ਦਿਤਾ ਹੈ ਅਤੇ ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ ਘਟ ਕੇ 6.5 ਫ਼ੀ ਸਦੀ ’ਤੇ ਆਉਣ ਮਗਰੋਂ ਆਰਥਿਕ ਮਾਹਰ ਵੀ ਹੱਕੇ-ਬੱਕੇ ਰਹਿ ਗਏ। ਕੈਨੇਡੀਅਨ ਅਰਥਚਾਰੇ ਵਿਚ ਸਤੰਬਰ ਤੋਂ ਹੁਣ ਤੱਕ 1 ਲੱਖ 81 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋ ਚੁੱਕੀਆਂ ਹਨ ਅਤੇ ਰੁਜ਼ਗਾਰ ਖੇਤਰ ਦਾ ਮਾਹੌਲ ਹਾਂਪੱਖੀ ਨਜ਼ਰ ਆ ਰਿਹਾ ਹੈ। ਸੀ.ਆਈ.ਬੀ.ਸੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਗ੍ਰੈਂਥਮ ਦਾ ਕਹਿਣਾ ਸੀ ਕਿ ਰੁਜ਼ਗਾਰ ਖੇਤਰ ਵਿਚ ਕਿਸੇ ਵੀ ਵੇਲੇ ਹਾਲਾਤ ਬਦਲ ਸਕਦੇ ਹਨ ਪਰ ਪਿਛਲੇ ਕੁਝ ਮਹੀਨੇ ਦੇ ਅੰਕੜੇ ਲਾਜ਼ਮੀ ਤੌਰ ’ਤੇ ਮਨ ਨੂੰ ਤਸੱਲੀ ਦੇਣ ਵਾਲੇ ਮੰਨੇ ਜਾ ਸਕਦੇ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਾਰਟ ਟਾਈਮ ਨੌਕਰੀਆਂ ਵਿਚ ਤੇਜ਼ ਵਾਧਾ ਹੋਇਆ ਅਤੇ ਨਵੰਬਰ ਦੌਰਾਨ 63 ਹਜ਼ਾਰ ਨਵੀਆਂ ਆਸਾਮੀਆਂ ਸਾਹਮਣੇ ਆਈਆਂ। ਸਿਰਫ਼ ਐਨਾ ਹੀ ਨਹੀਂ, 15 ਸਾਲ ਤੋਂ 24 ਸਾਲ ਉਮਰ ਵਾਲੇ ਨੌਜਵਾਨਾਂ ਨੂੰ ਵੀ ਵੱਡੀ ਗਿਣਤੀ ਵਿਚ ਨੌਕਰੀਆਂ ਮਿਲੀਆਂ ਜੋ ਪਿਛਲੇ ਸਮੇਂ ਦੌਰਾਨ ਬੇਰੁਜ਼ਗਾਰੀ ਨਾਲ ਜੂਝ ਰਹੇ ਸਨ। ਮੌਜੂਦਾ ਵਰ੍ਹੇ ਵਿਚ ਨੌਜਵਾਨਾਂ ਨੂੰ ਸਭ ਤੋਂ ਵੱਧ 50 ਹਜ਼ਾਰ ਨੌਕਰੀਆਂ ਨਵੰਬਰ ਦੌਰਾਨ ਮਿਲੀਆਂ ਜਦਕਿ ਇਸ ਤੋਂ ਪਹਿਲਾਂ ਸਿਖਰਲਾ ਅੰਕੜਾ ਅਕਤੂਬਰ ਵਿਚ 21 ਹਜ਼ਾਰ ਦਰਜ ਕੀਤਾ ਗਿਆ।
ਨਵੰਬਰ ਦੌਰਾਨ 54 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ
ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਦੇ ਖੇਤਰਾਂ ਵਿਚ 46 ਹਜ਼ਾਰ ਨਵੇਂ ਰੁਜ਼ਗਾਰ ਮੁਹੱਈਆ ਹੋਏ ਜਦਕਿ ਫੂਡ ਐਂਡ ਅਕੌਮੋਡੇਸ਼ਨ ਸੈਕਟਰ ਵਿਚ ਦਰਮਿਆਨਾ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਹੋਲਸੇਲ ਐਂਡ ਰਿਟੇਲ ਤੋਂ ਇਲਾਵਾ ਮੈਨੁਫੈਕਚਰਿੰਗ ਸੈਕਟਰ ਵਿਚ ਨੌਕਰੀਆਂ ਦਾ ਨੁਕਸਾਨ ਹੋਇਆ। ਔਸਤ ਉਜਰਤ ਦਰ ਵਾਧੇ ਦਾ ਜ਼ਿਕਰ ਕੀਤਾ ਜਾਵੇ ਤਾਂ ਨਵੰਬਰ ਦੌਰਾਨ 3.6 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਬੀ.ਐਮ.ਓ. ਦੇ ਚੀਫ਼ ਇਕੌਨੋਮਿਸਟ ਡਗ ਪੋਰਟਰ ਵੱਲੋਂ ਤਾਜ਼ਾ ਅੰਕੜਿਆਂ ਨੂੰ ਜ਼ਿਆਦਾ ਅਸਰਦਾਰ ਨਹੀਂ ਮੰਨਿਆ ਜਾ ਰਿਹਾ ਹੈ ਪਰ ਨਾਲ ਹੀ ਕਿਹਾ ਕਿ ਪੂਰੇ ਵਰ੍ਹੇ ਦੇ ਅੰਕੜਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਨਵੰਬਰ ਦੇ ਅੰਕੜੇ ਉਤਸ਼ਾਹ ਪੈਦਾ ਕਰਦੇ ਹਨ। ਡਗ ਪੋਰਟਰ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਕੋਰੋਨਾ ਵਾਲੇ ਸਮੇਂ ਨੂੰ ਛੱਡ ਦਿਤਾ ਜਾਵੇ ਤਾਂ ਆਖਰੀ ਵਾਰ ਲਗਾਤਾਰ ਦੋ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਿਚ ਗਿਰਾਵਟ 1999 ਵਿਚ ਦਰਜ ਕੀਤੀ ਗਈ ਸੀ ਜਦੋਂ ਟੈਕ ਕੰਪਨੀਆਂ ਦੀ ਚੜ੍ਹਤ ਸ਼ੁਰੂ ਹੋਈ।
ਬੇਰੁਜ਼ਗਾਰੀ ਦਰ ਲਗਾਤਾਰ ਦੂਜੇ ਮਹੀਨੇ ਘਟੀ
ਸਟੈਟਕੈਨ ਦੇ ਅੰਕੜੇ ਦਰਸਾਉਂਦੇ ਹਨ ਕਿ ਅਕਤੂਬਰ ਵਿਚ ਬੇਰੁਜ਼ਗਾਰੀ ਨਾਲ ਜੂਝ ਰਹੇ ਲੋਕਾਂ ਵਿਚੋਂ 19.6 ਫ਼ੀ ਸਦੀ ਨੂੰ ਨਵੰਬਰ ਦੌਰਾਨ ਨੌਕਰੀ ਮਿਲ ਗਈ ਅਤੇ ਇਹ ਅੰਕੜਾ ਪਿਛਲੇ ਕਈ ਵਰਿ੍ਹਆਂ ਦੀਆਂ ਪ੍ਰਾਪਤੀਆਂ ਨੂੰ ਮਾਤ ਕਰਦਾ ਹੈ। ਇਸੇ ਦੌਰਾਨ ਟੀ.ਡੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਹੈਨਚਿਚ ਨੇ ਦੱਸਿਆ ਕਿ ਕਿਰਤੀ ਬਾਜ਼ਾਰ ਲੰਮਾ ਸਮਾਂ ਡਾਵਾਂਡੋਲ ਰਹਿਣ ਕਾਰਨ ਬੇਰੁਜ਼ਗਾਰੀ ਦਰ ਹੁਣ ਵੀ ਉਚੇ ਪੱਧਰ ’ਤੇ ਚੱਲ ਰਹੀ ਹੈ ਪਰ ਸੁਧਾਰ ਦੀਆਂ ਅਪਾਰ ਸੰਭਾਵਨਾਵਾਂ ਵੀ ਮੌਜੂਦ ਹਨ। ਰੁਜ਼ਗਾਰ ਖੇਤਰ ਦੇ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਆਉਂਦੇ ਬੁੱਧਵਾਰ ਨੂੰ ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਬਾਰੇ ਇਸ ਸਾਲ ਦਾ ਆਖਰੀ ਫ਼ੈਸਲਾ ਲਿਆ ਜਾਣਾ ਹੈ। ਅਕਤੂਬਰ ਵਿਚ ਕੇਂਦਰੀ ਬੈਂਕ ਵੱਲੋਂ ਬੁਨਿਆਦੀ ਵਿਆਜ ਦਰਾਂ ਵਿਚ ਚੌਥਾਈ ਫ਼ੀ ਸਦੀ ਕਟੌਤੀ ਕੀਤੀ ਗਈ ਅਤੇ ਆਰਥਿਕ ਮਾਹਰ ਇਸ ਵਾਰ ਵੀ ਹਾਂਪੱਖੀ ਉਮੀਦ ਕਰ ਰਹੇ ਹਨ। ਕੁਝ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ 10 ਦਸੰਬਰ ਨੂੰ ਵਿਆਜ ਦਰਾਂ ਜਿਉਂ ਦੀਆਂ ਤਿਉਂ ਬਰਕਰਾਰ ਰਹਿਣ ਦੇ ਆਸਾਰ ਜ਼ਿਆਦਾ ਮਹਿਸੂਸ ਹੋ ਰਹੇ ਹਨ।