ਗੈਰਕਾਨੂੰਨੀ ਟ੍ਰਕਿੰਗ ਤੋਂ ਤੰਗ ਆਇਆ ਕੈਨੇਡਾ ਦਾ ਕੈਲੇਡਨ ਕਸਬਾ
ਪੀਲ ਰੀਜਨ ਦੇ ਸਭ ਤੋਂ ਛੋਟੇ ਇਲਾਕੇ ਵਿਚ ਗੈਰਕਾਨੂੰਨੀ ਟ੍ਰਕਿੰਗ ਦਾ ਕੰਮ ਜ਼ੋਰਾਂ ’ਤੇ ਹੈ ਅਤੇ ਕੈਲੇਡਨ ਦੀ ਮੇਅਰ ਇਸ ਸਮੱਸਿਆ ਨਾਲ ਨਜਿੱਠਣ ਲਈ ਵਧੇਰੇ ਤਾਕਤਾਂ ਚਾਹੁੰਦੇ ਹਨ।;
ਕੈਲੇਡਨ : ਪੀਲ ਰੀਜਨ ਦੇ ਸਭ ਤੋਂ ਛੋਟੇ ਇਲਾਕੇ ਵਿਚ ਗੈਰਕਾਨੂੰਨੀ ਟ੍ਰਕਿੰਗ ਦਾ ਕੰਮ ਜ਼ੋਰਾਂ ’ਤੇ ਹੈ ਅਤੇ ਕੈਲੇਡਨ ਦੀ ਮੇਅਰ ਇਸ ਸਮੱਸਿਆ ਨਾਲ ਨਜਿੱਠਣ ਲਈ ਵਧੇਰੇ ਤਾਕਤਾਂ ਚਾਹੁੰਦੇ ਹਨ। ਮੇਅਰ ਅਨੈਟ ਗਰੋਵਜ਼ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ ਜੁਰਮਾਨਿਆਂ ਦੀ ਰਕਮ ਇਕ ਲੱਖ ਡਾਲਰ ਤੱਕ ਵਧਾਉਣ ਦੀ ਗੁਜ਼ਾਰਿਸ਼ ਵੀ ਕੀਤੀ ਹੈ। ਕੈਲੇਡਨ ਤੋਂ ਵਿਧਾਇਕ ਅਤੇ ਡਿਪਟੀ ਪ੍ਰੀਮੀਅਰ ਸਿਲਵੀਆ ਜੋਨਜ਼ ਨੂੰ ਲਿਖੇ ਪੱਤਰ ਵਿਚ ਮੇਅਰ ਵੱਲੋਂ ਪਲੈਨਿੰਗ ਐਕਟ ਅਤੇ ਮਿਊਂਸਪਲ ਐਕਟ ਵਿਚ ਸੋਧ ਕਰਦਿਆਂ ਮਿਊਂਪੈਲਿਟੀ ਦੀਆਂ ਤਾਕਤਾਂ ਵਧਾਉਣ ’ਤੇ ਜ਼ੋਰ ਦਿਤਾ ਗਿਆ ਹੈ।
ਉਨਟਾਰੀਓ ਸਰਕਾਰ ਤੋਂ ਵਧੇਰੇ ਤਾਕਤਾਂ ਦੀ ਕੀਤੀ ਮੰਗ
ਇਸ ਦੇ ਨਾਲ ਹੀ ਗੈਰਕਾਨੂੰਨੀ ਟ੍ਰਕਿੰਗ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ 50 ਹਜ਼ਾਰ ਡਾਲਰ ਅਤੇ ਟ੍ਰਾਂਸਪੋਰਟ ਕੰਪਨੀ ਨੂੰ ਇਕ ਲੱਖ ਡਾਲਰ ਦਾ ਜੁਰਮਾਨਾ ਕੀਤੇ ਜਾਣ ਦੀ ਵਕਾਲਤ ਕੀਤੀ ਜਦਕਿ ਹਰ ਦਿਨ ਦਾ 50 ਹਜ਼ਾਰ ਡਾਲਰ ਜੁਰਮਾਨਾ ਵੱਖਰੇ ਤੌਰ ’ਤੇ ਲਾਉਣ ਦੀ ਮੰਗ ਕੀਤੀ। ਮੇਅਰ ਅਨੈਟ ਗਰੋਵਜ਼ ਨੇ ਕਿਹਾ ਕਿ ਸਾਰੇ ਜੁਰਮਾਨੇ, ਹੁਕਮ, ਦੋਸ਼, ਨੋਟਿਸ, ਬੰਦਿਸ਼ਾਂ ਅਤੇ ਅਦਾਲਤ ਵੱਲੋਂ ਲਾਗੂ ਜੁਰਮਾਨੇ ਆਦਿ ਜਾਰੀ ਅਤੇ ਵਸੂਲ ਕਰਨ ਦਾ ਹੱਕ ਮਿਊਂਸਪੈਲਟੀਜ਼ ਨੂੰ ਦਿਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨ ਦਾ ਇਹ ਕਸਬਾ ਹਵਾਈ ਅੱਡਿਆਂ, ਰੇਲ ਟਰਮੀਨਲਜ਼ ਅਤੇ 400 ਲੜੀ ਵਾਲੇ ਹਾਈਵੇਜ਼ ਦੇ ਬਿਲਕੁਲ ਨੇੜੇ ਹੈ ਜਿਸ ਦੇ ਮੱਦੇਨਜ਼ਰ ਕੁਝ ਮਾੜੀ ਸੋਚ ਵਾਲੇ ਡਰਾਈਵਰ ਅਤੇ ਟ੍ਰਾਂਸਪੋਰਟ ਕੰਪਨੀਆਂ ਗੈਰਕਾਨੂੰਨੀ ਧੰਦੇ ਵਿਚ ਜੁਟ ਜਾਂਦੇ ਹਨ।
ਸਾਊਥ ਏਸ਼ੀਅਨ ਲੋਕਾਂ ਵੱਲ ਉਠ ਰਹੀ ਸ਼ੱਕ ਦੀ ਸੂਈ
ਕੈਲੇਡਨ ਵਿਖੇ 300 ਤੋਂ ਵੱਧ ਪ੍ਰੌਪਰਟੀਜ਼ ਵਿਚ ਗੈਰਕਾਨੂੰਨੀ ਪਾਰਕਿੰਗ ਅਤੇ ਸਟੋਰੇਜ ਰੋਕਣ ਦੇ ਉਪਰਾਲੇ ਕੀਤੇ ਗਏ ਹਨ। ਮੇਅਰ ਨੇ ਚਿੱਠੀ ਵਿਚ ਲਿਖਿਆ ਕਿਹਾ ਕਿ ਲੱਖ ਯਤਨਾਂ ਦੇ ਬਾਵਜੂਦ ਗੈਰਕਾਨੂੰਨੀ ਟਰੱਕ ਡਿਪੂ ਖੁੰਭਾਂ ਵਾਂਗ ਵਧ ਰਹੇ ਹਨ ਜਦਕਿ ਕਾਨੂੰਨੀ ਤਰੀਕੇ ਨਾਲ ਕਾਰੋਬਾਰ ਕਰਨ ਵਾਲਿਆਂ ਨੂੰ ਫੀਸ ਅਤੇ ਹੋਰ ਖਰਚਿਆਂ ਦੀ ਅਦਾਇਗੀ ਕਰਨੀ ਪੈਂਦੀ ਹੈ। ਕੈਲੇਡਨ ਦੀ ਕੌਂਸਲ ਵੱਲੋਂ ਗੈਰਕਨੂੰਨੀ ਟਰੱਕਾਂ ਨੂੰ ਕਸਬੇ ਦੇ ਹੱਦ ਅੰਦਰ ਦਾਖਲ ਹੋਣ ਤੋਂ ਰੋਕਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।