Canada : ਪ੍ਰਸ਼ਾਂਤ ਦੀਆਂ ਅੰਤਮ ਰਸਮਾਂ ਮੌਕੇ ਨਜ਼ਰ ਆਇਆ ਪਤਨੀ ਦਾ ਗੁੱਸਾ

ਕੈਨੇਡਾ ਦੇ ਹਸਪਤਾਲ ਵਿਚ ਇਲਾਜ ਨਾ ਮਿਲਣ ਕਾਰਨ ਜਾਨ ਗਵਾਉਣ ਵਾਲੇ ਪ੍ਰਸ਼ਾਂਤ ਸ੍ਰੀਕੁਮਾਰ ਦੀਆਂ ਅੰਤਮ ਰਸਮਾਂ ਦੌਰਾਨ ਵੱਡੀ ਗਿਣਤੀ ਵਿਚ ਲੋਕ ਪੁੱਜੇ

Update: 2026-01-02 12:59 GMT

ਐਡਮਿੰਟਨ : ਕੈਨੇਡਾ ਦੇ ਹਸਪਤਾਲ ਵਿਚ ਇਲਾਜ ਨਾ ਮਿਲਣ ਕਾਰਨ ਜਾਨ ਗਵਾਉਣ ਵਾਲੇ ਪ੍ਰਸ਼ਾਂਤ ਸ੍ਰੀਕੁਮਾਰ ਦੀਆਂ ਅੰਤਮ ਰਸਮਾਂ ਦੌਰਾਨ ਵੱਡੀ ਗਿਣਤੀ ਵਿਚ ਲੋਕ ਪੁੱਜੇ ਅਤੇ ਸਫ਼ੈਦ ਲਿਬਾਸ ਵਿਚ ਮੌਜੂਦ ਪ੍ਰਸ਼ਾਂਤ ਦੀ ਪਤਨੀ ਨਿਹਾਰਿਕਾ ਦਾ ਦਰਦ ਤੇ ਗੁੱਸਾ ਸਾਫ਼ ਝਲਕ ਰਿਹਾ ਸੀ। ਇਕ ਫ਼ਿਊਨਰਲ ਹੋਮ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਨਿਹਾਰਿਕਾ ਨੇ ਕਿਹਾ ਕਿ ਉਹ ਆਪਣਾ ਦੁੱਖ ਜ਼ਾਹਰ ਨਹੀਂ ਕਰ ਸਕਦੀ। ਨਿਹਾਰਿਕਾ ਨੇ ਕਿਹਾ ਕਿ ਜੇ ਉਹ ਸਰੀਰ ਹੈ ਤਾਂ ਪ੍ਰਸ਼ਾਂਤ ਇਸ ਦੀ ਰੂਹ ਸੀ। ਆਪਣੀ ਰੂਹ ਨਾਲ ਮੁੜ ਮਿਲਾਪ ਹੋਣ ਤੱਕ ਯਾਦਾਂ ਦੇ ਸਹਾਰੇ ਹੀ ਜ਼ਿੰਦਗੀ ਲੰਘਾਉਣੀ ਹੋਵੇਗੀ। ਪ੍ਰਸ਼ਾਂਤ ਨੇ ਅਜਿਹਾ ਵਾਅਦਾ ਕਦੇ ਨਹੀਂ ਸੀ ਕੀਤਾ। ਦੱਸ ਦੇਈਏ ਕਿ 1981 ਵਿਚ ਨਵੀਂ ਦਿੱਲੀ ਵਿਖੇ ਜੰਮੇ ਪ੍ਰਸ਼ਾਂਤ ਸ੍ਰੀਕੁਮਾਰ ਨੇ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਦੀ ਡਿਗਰੀ ਹਾਸਲ ਕੀਤੀ ਅਤੇ ਕੈਨੇਡਾ ਪੁੱਜਣ ਤੋਂ ਪਹਿਲਾਂ ਆਈ.ਟੀ. ਸੈਕਟਰ ਕਈ ਸਰਟੀਫ਼ਿਕੇਟ ਕੋਰਸ ਵੀ ਕੀਤੇ। ਕੈਨੇਡਾ ਵਿਚ ਪ੍ਰਸ਼ਾਂਤ ਪ੍ਰੋਫ਼ੈਸਨ ਅਕਾਊਂਟੈਂਟ ਬਣ ਗਿਆ ਅਤੇ 2015 ਵਿਚ ਆਪਣਾ ਕਾਰੋਬਾਰ ਆਰੰਭ ਦਿਤਾ।

ਹਸਪਤਾਲ ਵਿਚ ਇਲਾਜ ਨਾ ਮਿਲਣ ਕਾਰਨ ਹੋਈ ਸੀ ਪ੍ਰਸ਼ਾਂਤ ਦੀ ਮੌਤ

ਨਿਹਾਰਿਕਾ ਸਣੇ ਸ਼ਰਧਾਂਜਲੀ ਸਮਾਗਮ ਵਿਚ ਪੁੱਜੇ ਹਰ ਸ਼ਖਸ ਨੇ ਕਿਹਾ ਕਿ ਪ੍ਰਸ਼ਾਂਤ ਨੂੰ ਕੈਨੇਡੀਅਨ ਸਿਟੀਜ਼ਨ ਹੋਣ ’ਤੇ ਮਾਣ ਸੀ ਅਤੇ ਉਹ ਕੈਨੇਡਾ ਦੀਆਂ ਸ਼ਾਨਦਾਰ ਸਿਹਤ ਸੇਵਾਵਾਂ, ਵੰਨ-ਸੁਵੰਨੇ ਸਭਿਆਚਾਰ ਅਤੇ ਖੁਸ਼ਨੁਮਾ ਮਾਹੌਲ ਦਾ ਹਿੱਸਾ ਬਣਨ ਖਾਤਰ ਭਾਰਤ ਤੋਂ ਇਥੇ ਪੁੱਜਾ। ਪ੍ਰਸ਼ਾਂਤ ਦੀ 14 ਸਾਲਾ ਬੇਟੀ ਜੋ ਤਿੰਨ ਬੱਚਿਆਂ ਵਿਚੋਂ ਸਭ ਤੋਂ ਵੱਡੀ ਹੈ, ਨੇ ਆਪਣੇ ਪਿਤਾ ਵੱਲੋਂ ਸਿਖਾਏ ਜ਼ਿੰਦਗੀ ਦੇ ਸਬਕ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਬੇਟੀ ਨੇ ਕਿਹਾ, ‘‘ਸ਼ਹਿਰ ਦੇ ਲੋਕ ਸਿਰਫ਼ ਉਸ ਦੇ ਪਿਤਾ ਦਾ ਨਾਂ ਜਾਣਦੇ ਹਨ ਪਰ ਉਹ ਉਸ ਦੇ ਦਿਲ ਦੇ ਹਰ ਕੋਨੇ ਵਿਚ ਵਸਦੇ ਹਨ। ਹਰ ਪ੍ਰਾਪਤੀ, ਅੱਗੇ ਵਧਾਇਆ ਹਰ ਕਦਮ ਅਤੇ ਜ਼ਿੰਦਗੀ ਨੂੰ ਅਸਰਅੰਦਾਜ਼ ਕਰਨ ਵਾਲਾ ਹਰ ਪਲ, ਉਨ੍ਹਾਂ ਨਾਲ ਸਬੰਧਤ ਹੈ ਜੋ ਆਪਣੀ ਜ਼ਿੰਦਗੀ ਦੌਰਾਨ ਬਹੁਤ ਕੁਝ ਸਿਖਾ ਗਏ।’’ ਪ੍ਰਸ਼ਾਂਤ ਦੇ 10 ਸਾਲਾ ਬੇਟੇ ਨੇ ਕਿਹਾ ਕਿ ਤਿੰਨ ਚੀਜ਼ਾਂ ਉਸ ਨੂੰ ਹਮੇਸ਼ਾ ਯਾਦ ਰਹਿਣਗੀਆਂ ਜੋ ਉਸ ਨੇ ਆਪਣੇ ਪਿਤਾ ਨਾਲ ਸਾਂਝੀਆਂ ਕੀਤੀਆਂ। ਰਾਤ ਦੇ ਖਾਣ ਤੋਂ ਬਾਅਦ ਵੀਡੀਓ ਗੇਮ ਖੇਡਣੀ, ਉਨ੍ਹਾਂ ਦਾ ਹਾਸਾ-ਠੱਠਾ ਅਤੇ ਸ਼ਾਨਦਾਰ ਕਾਰੋਬਾਰ ਸਥਾਪਤ ਕਰਨ ਦਾ ਹੁਨਰ। ਦੂਜੇ ਪਾਸੇ ਪਰਵਾਰ ਦੇ ਨਜ਼ਦੀਕੀ ਦੋਸਤ ਨਦੀਮ ਚੌਧਰੀ ਨੇ ਪ੍ਰਸ਼ਾਂਤ ਨੂੰ ਇਕ ਸੁਲਝਿਆ ਹੋਇਆ ਇਨਸਾਨ ਕਰਾਰ ਦਿਤਾ ਜੋ ਕੰਮ ਅਤੇ ਸਮਾਜਿਕ ਮੇਲ-ਮਿਲਾਪ ਦੋਹਾਂ ਤੋਂ ਬਗੈਰ ਨਹੀਂ ਸੀ ਰਹਿ ਸਕਦਾ।

ਪ੍ਰੀਮੀਅਰ ਡੈਨੀਅਲ ਸਮਿੱਥ ਨੇ ਸ਼ਰਾਂਧਜਲੀ ਸਮਾਗਮ ’ਚ ਆਉਣ ਤੋਂ ਕੀਤੀ ਨਾਂਹ

ਨਿਹਾਰਿਕਾ ਅਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੇ ਐਲਬਰਟਾ ਦੇ ਸਿਹਤ ਮਹਿਕਮੇ ਨੂੰ ਜਵਾਬਦੇਹੀ ਤੈਅ ਕਰਨ ਦਾ ਸੱਦਾ ਦਿਤਾ ਕਿਉਂਕਿ ਪ੍ਰਸ਼ਾਂਤ ਦੀ ਜਾਨ ਹੈਲਥ ਕੇਅਰ ਸਿਸਟਮ ਦੀ ਅਸਫ਼ਲਤਾ ਕਰ ਕੇ ਗਈ। ਸੂਬੇ ਵਿਚ ਐਮਰਜੰਸੀ ਰੂਮਜ਼ ਅਤੇ ਕ੍ਰਿਟੀਕਲ ਕੇਅਰ ਦੀ ਨਿਗਰਾਨੀ ਕਰਨ ਵਾਲੀ ਇਕਾਈ ਐਕਿਊਟ ਕੇਅਰ ਐਲਬਰਟਾ ਵੱਲੋਂ ਪ੍ਰਸ਼ਾਂਤ ਸ੍ਰੀਕੁਮਾਰ ਦੀ ਮੌਤ ਦੇ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪੀੜਤ ਪਰਵਾਰ ਵੱਲੋਂ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਹਸਪਤਾਲ ਸੇਵਾਵਾਂ ਬਾਰੇ ਮੰਤਰੀ ਮੈਟ ਜੋਨਜ਼ ਨੂੰ ਸੱਦਾ ਦਿਤਾ ਗਿਆ ਸੀ ਕਿ ਉਹ ਪ੍ਰਸ਼ਾਂਤ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਹੋਣ ਤਾਂਕਿ ਅਣਗਹਿਲੀ ਕਾਰਨ ਹੋਈ ਮੌਤ ਦਾ ਅਸਰ ਆਪਣੀਆਂ ਅੱਖਾਂ ਨਾਲ ਦੇਖ ਸਕਣ। ਡੈਨੀਅਲ ਸਮਿਥ ਦੇ ਦਫ਼ਤਰ ਨੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਨਾਂਹ ਕਰ ਦਿਤੀ ਸੀ।

Tags:    

Similar News