ਕੈਨੇਡਾ : 4 ਭਾਰਤੀਆਂ ਨਾਲ ਵਰਤੇ ਭਾਣੇ ਦਾ ਸੱਚ ਆਇਆ ਸਾਹਮਣੇ
ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਚਾਰ ਭਾਰਤੀਆਂ ਦੀ ਦਰਦਨਾਕ ਮੌਤ ਦਾ ਸੱਚ ਆਖਰਕਾਰ ਸਾਹਮਣੇ ਆ ਗਿਆ ਹੈ।
ਟੋਰਾਂਟੋ : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਚਾਰ ਭਾਰਤੀਆਂ ਦੀ ਦਰਦਨਾਕ ਮੌਤ ਦਾ ਸੱਚ ਆਖਰਕਾਰ ਸਾਹਮਣੇ ਆ ਗਿਆ ਹੈ। ਟੋਰਾਂਟੋ ਦੇ ਲੋਕਸ਼ੋਰ ਬੁਲੇਵਾਰਡ ਈਸਟ ਇਲਾਕੇ ਵਿਚ ਵਾਪਰੇ ਹਾਦਸੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਟੈਸਲਾ ਕਾਰ ਦਾ ਇਲੈਕਟ੍ਰਾਨਿਕ ਲੌਕ ਟੁੱਟ ਗਿਆ ਅਤੇ ਅੰਦਰ ਫਸੇ ਪੰਜ ਜਣੇ ਬਾਹਰ ਆਉਣ ਲਈ ਤੜਪ ਰਹੇ ਸਨ ਜਿਨ੍ਹਾਂ ਵਿਚੋਂ ਇਕ ਮੁਟਿਆਰ ਨੂੰ ਕੈਨੇਡਾ ਪੋਸਟ ਦੇ ਮੁਲਾਜ਼ਮ ਨੇ ਲਾਮਿਸਾਨ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਬਾਹਰ ਕੱਢ ਲਿਆ ਪਰ ਬਾਕੀ ਐਨੇ ਖੁਸ਼ਕਿਸਮਤ ਨਹੀਂ ਸਨ।
ਟੈਸਲਾ ਕਾਰ ਦਾ ਇਲੈਕਟ੍ਰਾਨਿਕ ਲੌਕ ਟੁੱਟਣ ਕਾਰਨ ਅੰਦਰ ਫਸੇ
‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਟੈਸਲਾ ਵੱਲੋਂ ਕਾਰਾਂ ਦੇ ਡਿਜ਼ਾਈਨ ਵਿਚ ਸੁਰੱਖਿਅਤ ਨੂੰ ਸਭ ਤੋਂ ਵੱਧ ਤਰਜੀਹ ਦਿਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਟੈਸਲਾ ਗੱਡੀਆਂ ਵਿਚੋਂ ਬਾਹਰ ਨਿਕਲਣ ਲਈ ਮੈਨੁਅਲ ਬਟਨ ਵਿਚ ਲੱਗਾ ਹੁੰਦਾ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਜ਼ਿਆਦਾਤਰ ਲੋਕ ਅਣਜਾਣ ਹੁੰਦੇ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹਾਦਸੇ ਮਗਰੋਂ ਕਾਰ ਵਿਚ ਸਵਾਰ ਪੰਜ ਜਣੇ ਐਨੇ ਜ਼ਿਆਦਾ ਡਰ ਗਏ ਕਿ ਬਾਹਰ ਨਿਕਲਣ ਦਾ ਕੋਈ ਤਰੀਕਾ ਹੀ ਨਾ ਸੁੱਝਿਆ। ਮਰਨ ਵਾਲਿਆਂ ਦੀ ਸ਼ਨਾਖਤ 25 ਸਾਲ ਦੇ ਨੀਲਰਾਜ ਗੋਹਿਲ, ਉਸ ਦੀ 29 ਸਾਲਾ ਭੈਣ ਕਿਤਾਬਾ ਗੋਹਿਲ, ਜੈਅ ਸਿਸੋਦੀਆ ਅਤੇ ਦਿਗਵਿਜੇ ਪਟੇਲ ਵਜੋਂ ਕੀਤੀ ਗਈ। ਕੈਨੇਡਾ ਪੋਸਟ ਦੇ ਮੁਲਾਜ਼ਮ ਰਿਕ ਹਾਰਪਰ ਨੇ ਦੱਸਿਆ ਕਿ ਅੰਦਰੋਂ ਦਰਵਾਜ਼ਾ ਖੁੱਲ੍ਹਣਾ ਮੁਸ਼ਕਲ ਸੀ ਪਰ ਜਦੋਂ ਉਸ ਨੂੰ ਅੰਦਰ ਕਿਸੇ ਦੇ ਫਸੇ ਹੋਣ ਬਾਰੇ ਪਤਾ ਲੱਗਾ ਤਾਂ ਅੱਗ ਦੀ ਪਰਵਾਹ ਨਾ ਕਰਦਿਆਂ ਉਹ ਗੱਡੀ ਕੋਲ ਗਿਆ ਅਤੇ ਸਭ ਤੋਂ ਪਹਿਲਾਂ ਸ਼ੀਸ਼ਾ ਤੋੜਿਆ ਅਤੇ ਇਸ ਮਗਰੋਂ ਦਰਵਾਜ਼ਾ ਖੋਲ੍ਹ ਦਿਤਾ। ਅੱਗ ਕਾਰਨ ਪੈਦਾ ਹੋਇਆ ਧੂੰਆਂ ਐਨਾ ਸੰਘਣਾ ਸੀ ਕਿ ਰਿਕ ਹਾਰਪਰ ਹੋਰ ਕਿਸੇ ਨੂੰ ਦੇਖ ਨਾ ਸਕਿਆ ਅਤੇ ਮੁਟਿਆਰ ਨੂੰ ਬਾਹਰ ਕੱਢ ਲਿਆ ਜੋ ਧੂੰਏਂ ਕਾਰਨ ਬਦਹਾਲ ਹੋ ਚੁੱਕੀ ਸੀ। ਉਧਰ ਪੁਲਿਸ ਦਾ ਕਹਿਦਾ ਹੈ ਕਿ ਟੈਸਲਾ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਜਦੋਂ ਇਹ ਗਾਰਡ ਰੇਲ ਨਾਲ ਟਕਰਾਈ। ਜਾਂਚਕਰਤਾਵਾਂ ਵੱਲੋਂ ਹਾਦਸੇ ਲਈ ਜ਼ਿੰਮੇਵਾਰ ਕਾਰਨ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਕ ਮੁਟਿਆਰ ਨੂੰ ਕੈਨੇਡਾ ਪੋਸਟ ਦਾ ਮੁਲਾਜ਼ਮ ਬਾਹਰ ਕੱਢਣ ਵਿਚ ਰਿਹਾ ਸਫ਼ਲ
ਇਸੇ ਦੌਰਾਨ ਅਮਰੀਕਾ ਦੇ ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ ਨਾਲ ਸਬੰਧਤ 9 ਜਾਂਚਕਰਤਾਵਾਂ ਵੱਲੋਂ ਟੈਸਲਾ ਦੇ ਮਾਡਲ ‘ਵਾਈ’ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਦਸੇ ਵਿਚ ਵੀ ਬਿਲਕੁਲ ਇਹੀ ਕਾਰ ਸ਼ਾਮਲ ਸੀ ਜਦੋਂ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ। ਇਥੇ ਦਸਣਾ ਬਣਦਾ ਹੈ ਕਿ ਟੈਸਲਾ ਦਾ ਸੈਲਫ਼ ਡਰਾਈਵਿੰਗ ਸਾਫਟਵੇਅਰ ਵੀ ਜਾਂਚ ਦੇ ਘੇਰੇ ਵਿਚ ਹੈ ਅਤੇ ਕੋਈ ਵੱਡਾ ਨੁਕਸ ਮਿਲਣ ਦੀ ਸੂਰਤ ਵਿਚ 24 ਲੱਖ ਤੋਂ ਵੱਧ ਵਿਕੀਆਂ ਕਾਰਾਂ ਵਾਪਸ ਸੱਦਣੀਆਂ ਪੈ ਸਕਦੀਆਂ ਹਨ। ਨੈਸ਼ਨਲ ਹਾਈਵੇਅ ਟ੍ਰੈਫਿਕ ਵੱਲੋਂ ਚਾਰ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਦੋਂ ਸੈਲਫ ਡਰਾਈਵਿੰਗ ਮੋਡ ’ਤੇ ਜਾਂਦੀਆਂ ਗੱਡੀਆਂ ਨੇ ਇਧਰ ਉਧਰ ਟੱਕਰ ਮਾਰ ਦਿਤੀ। ਐਰੀਜ਼ੋਨਾਂ ਵਿਚ ਇਕ ਪੈਦਲ ਮੁਸਾਫਰ ਦੀ ਮੌਤ ਹੋ ਗਈ ਜਦਕਿ ਇਕ ਹੋਰ ਹਾਦਸੇ ਵਿਚ ਇਕ ਜਣਾ ਗੰਭੀਰ ਜ਼ਖਮੀ ਹੋਇਆ। ਟੈਸਲਾ ਵੱਲੋਂ ਆਪਣੀ ਵੈਬਸਾਈਟ ’ਤੇ ਲਿਖਿਆ ਗਿਆ ਕਿ ਸੈਲਫ ਡਰਾਈਵਿੰਗ ਮੋਡ ਵਿਚ ਹੋਣ ਦੇ ਬਾਵਜੂਦ ਡਰਾਈਵਰ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਪਰ ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ ਦਾ ਮੰਨਣਾ ਹੈ ਕਿ ਹਰ ਚੀਜ਼ ਦੀ ਡੂੰਘਾਈ ਨਾਲ ਘੋਖ ਹੋਣੀ ਚਾਹੀਦੀ ਹੈ।