ਕੈਨੇਡਾ : ਟਰੂਡੋ ਸਰਕਾਰ ਡੇਗਣ ਦਾ ਪਹਿਲਾ ਯਤਨ ਅਸਫ਼ਲ

ਟਰੂਡੋ ਸਰਕਾਰ ਡੇਗਣ ਦਾ ਪਹਿਲਾ ਯਤਨ ਅਸਫ਼ਲ ਹੋ ਗਿਆ ਪਰ ਜਲਦ ਹੀ ਦੂਜਾ ਯਤਨ ਸਾਹਮਣੇ ਆ ਸਕਦਾ ਹੈ।;

Update: 2024-09-26 12:02 GMT

ਔਟਵਾ : ਟਰੂਡੋ ਸਰਕਾਰ ਡੇਗਣ ਦਾ ਪਹਿਲਾ ਯਤਨ ਅਸਫ਼ਲ ਹੋ ਗਿਆ ਪਰ ਜਲਦ ਹੀ ਦੂਜਾ ਯਤਨ ਸਾਹਮਣੇ ਆ ਸਕਦਾ ਹੈ। ਜੀ ਹਾਂ, ਬਲੌਕ ਕਿਊਬੈਕਵਾ ਨੇ ਧਮਕੀ ਦਿਤੀ ਹੈ ਕਿ ਬਜ਼ੁਰਗਾਂ ਦੀ ਪੈਨਸ਼ਨ ਵਿਚ 29 ਅਕਤੂਬਰ ਤੱਕ 10 ਫ਼ੀ ਸਦੀ ਵਾਧਾ ਨਾ ਕੀਤਾ ਗਿਆ ਤਾਂ ਲਿਬਰਲ ਸਰਕਾਰ ਦਾ ਤਖਤਾ ਪਲਟਣ ਤੋਂ ਪਿੱਛੇ ਨਹੀਂ ਹਟਣਗੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਬੇਵਿਸਾਹੀ ਮਤੇ ’ਤੇ ਵੋਟਿੰਗ ਦੌਰਾਨ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਅਤੇ ਬਲੌਕ ਕਿਊਬੈਕਵਾ ਦੋਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹੱਕ ਵਿਚ ਵੋਟ ਪਾਈ। ਵਿਰੋਧੀ ਧਿਰ ਵੱਲੋਂ ਲਿਆਂਦੇ ਬੇਵਿਸਾਹੀ ਮਤੇ ਦੇ ਵਿਰੋਧ ਵਿਚ 211 ਅਤੇ ਹੱਕ ਵਿਚ 120 ਵੋਟਾਂ ਪਈਆਂ। ਐਨ.ਡੀ.ਪੀ. ਵੱਲੋਂ ਲਿਬਰਲ ਸਰਕਾਰ ਨਾਲੋਂ ਤੋੜ-ਵਿਛੋੜਾ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਹ ਪਹਿਲੀ ਅਗਨ ਪ੍ਰੀਖਿਆ ਸੀ ਪਰ ਕ੍ਰਿਸਮਸ ਤੋਂ ਪਹਿਲਾਂ ਪਹਿਲਾਂ ਤਿੰਨ ਬੇਵਿਸਾਹੀ ਮਤੇ ਹੋਰ ਲਿਆਂਦੇ ਜਾ ਸਕਦੇ ਹਨ।

ਬੇਵਿਸਾਹੀ ਮਤੇ ਦੇ ਹੱਕ ਵਿਚ 120 ਅਤੇ ਵਿਰੋਧ ਵਿਚ 211 ਵੋਟਾਂ

ਇਨ੍ਹਾਂ ਵਿਚੋਂ ਦੋ ਮਤੇ ਐਨ.ਡੀ.ਪੀ. ਅਤੇ ਬਲੌਕ ਕਿਊਬੈਕਵਾ ਵੱਲੋਂ ਹੋ ਸਕਦੇ ਹਨ ਪਰ ਦੋਹਾਂ ਪਾਰਟੀਆਂ ਦੀਆਂ ਮੰਗਾਂ ਮੰਨੇ ਜਾਣ ਦੀ ਸੂਰਤ ਵਿਚ ਸਮੱਸਿਆ ਨੂੰ ਟਾਲਿਆ ਜਾ ਸਕਦਾ ਹੈ। ਤੀਜਾ ਮਤਾ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਜਾਣ ਦੇ ਆਸਾਰ ਹਨ ਜੋ ਅੱਜ ਹੀ ਆ ਸਕਦਾ ਹੈ ਅਤੇ ਅਗਲੇ ਹਫ਼ਤੇ ਮੰਗਲਵਾਰ ਨੂੰ ਇਸ ’ਤੇ ਵੋਟਿੰਗ ਹੋ ਸਕਦੀ ਹੈ। ਉਧਰ ਪਾਰਲੀਮੈਂਟ ਹਿਲ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲੌਕ ਆਗੂ ਫਰਾਂਸਵਾ ਬਲੈਂਚੈਟ ਨੇ ਕਿਹਾ ਕਿ 65 ਸਾਲ ਤੋਂ 74 ਸਾਲ ਉਮਰ ਵਾਲੇ ਬਜ਼ੁਰਗਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਵਿਚ 10 ਫੀ ਸਦੀ ਵਾਧਾ ਕੀਤਾ ਜਾਵੇ ਅਤੇ ਇਹ ਮੰਗ 29 ਅਕਤੂਬਰ ਤੱਕ ਪੂਰੀ ਹੋ ਜਾਣੀ ਚਾਹੀਦੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਬਲੌਕ ਕਿਊਬੈਕ ਵੱਲੋਂ ਕੰਜ਼ਰਵੇਟਿਵ ਪਾਰਟੀ ਨਾਲ ਤਾਲਮੇਲ ਅਧੀਨ ਟਰੂਡੋ ਸਰਕਾਰ ਦਾ ਤਖਤਾ ਪਲਟਣ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਬਲੌਕ ਕਿਊਬੈਕ ਵੱਲੋਂ ਦੂਜੀ ਸ਼ਰਤ ਵੀ ਰੱਖੀ ਗਈ ਹੈ ਜਿਸ ਤਹਿਤ ਪ੍ਰਾਈਵੇਟ ਮੈਂਬਰਜ਼ ਬਿਲ ਸੀ-282 ਨੂੰ ਪਾਸ ਕਰਨਾ ਹੋਵੇਗਾ।

ਬਜ਼ੁਰਗਾਂ ਦੀ ਪੈਨਸ਼ਨ ਨਾ ਵਧਾਈ ਤਾਂ ਹੋਵੇਗਾ ਦੂਜਾ ਯਤਨ

ਬਿਲ ਵਿਚਲੀਆਂ ਮਦਾਂ ਮੁਤਾਬਕ ਡੇਅਰੀ, ਪੋਲਟਰੀ ਅਤੇ ਆਂਡਿਆਂ ਦੀ ਸਪਲਾਈ ਨੂੰ ਭਵਿੱਖ ਵਿਚ ਹੋਣ ਵਾਲੇ ਕਿਸੇ ਵੀ ਵਪਾਰ ਗੱਲਬਾਤ ਤੋਂ ਬਾਹਰ ਰੱਖਣ ਦੀ ਪਾਬੰਦੀ ਹੋਵੇਗੀ। ਫਰਾਂਸਵਾ ਬਲੈਂਚੈਟ ਨੇ ਗਾਰੰਟੀ ਦਿਤੀ ਕਿ ਇਹ ਦੋ ਮੰਗਾਂ ਪੂਰੀਆਂ ਕਰ ਕੇ ਸਰਕਾਰ ਨਵੇਂ ਸਾਲ ਵਿਚ ਕਦਮ ਰੱਖ ਸਕਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਲਿਬਰਲ ਸਰਕਾਰ ਮੰਗਾਂ ’ਤੇ ਗੱਲਬਾਤ ਕਰਨ ਲਈ ਤਿਆਰ ਹੈ ਤਾਂ ਬਲੈਂਚੈਟ ਨੇ ਕਿਹਾ ਕਿ ਫਿਲਹਾਲ ਕੋਈ ਹੁੰਗਾਰਾ ਨਹੀਂ ਮਿਲਿਆ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬਲੌਕ ਕਿਊਬੈਕਵਾ ਦੀ ਧਮਕੀ ਨਾਲ ਜ਼ਿਆਦਾ ਅਸਰ ਨਹੀਂ ਪੈਂਦਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐਨ.ਡੀ.ਪੀ. ਦੀ ਹਮਾਇਤ ਹਾਸਲ ਕਰਨ ਵਿਚ ਸਫਲ ਰਹਿੰਦੇ ਹਨ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ। ਦੱਸ ਦੇਈਏ ਕਿ ਇਸ ਵੇਲੇ 338 ਮੈਂਬਰਾਂ ਵਾਲੇ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਪਾਰਟੀ ਕੋਲ 153 ਸੀਟਾਂ ਹਨ। ਸਦਨ ਵਿਚ ਬਹੁਮਤ ਸਾਬਤ ਕਰਨ ਲਈ ਐਨ.ਡੀ.ਪੀ. ਜਾਂ ਬਲੌਕ ਕਿਊਬੈਕਵਾ ਵਿਚੋਂ ਕਿਸੇ ਇਕ ਦਾ ਸਾਥ ਹੀ ਕਾਫੀ ਹੋਵੇਗਾ। ਐਨ.ਡੀ.ਪੀ. ਕੋਲ ਇਸ ਵੇਲੇ 25 ਐਮ.ਪੀ. ਹਨ ਜਦਕਿ ਬਲੌਕ ਕਿਊਬੈਕਵਾ ਕੋਲ 33 ਐਮ.ਪੀਜ਼ ਹਨ। ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਲਿਆਂਦੇ ਬੇਵਿਸਾਹੀ ਮਤੇ ਦੇ ਹੱਕ ਵਿਚ ਕੋਈ ਵੀ ਨਾ ਆਇਆ ਅਤੇ ਗਰੀਨ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਦੋ ਆਜ਼ਾਦ ਮੈਂਬਰਾਂ ਨੇ ਵੀ ਮਤੇ ਦੇ ਵਿਰੁੱਧ ਵੋਟ ਪਾਈ।

Tags:    

Similar News