ਕੈਨੇਡਾ ਨੇ ਮੁੜ ਖੋਲ੍ਹੇ ਪ੍ਰਵਾਸੀਆਂ ਲਈ ਦਰਵਾਜ਼ੇ

ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਧੜਾ-ਧੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ ਸਿਲਸਿਲਾ ਜਾਰੀ ਹੈ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ 6 ਮਹੀਨੇ ਦੌਰਾਨ 6 ਲੱਖ 53 ਹਜ਼ਾਰ ਕਿਰਤੀਆਂ ਨੇ ਮੁਲਕ ਵਿਚ ਦਾਣਾ-ਪਾਣੀ ਪੱਕਾ ਕਰ ਲਿਆ

Update: 2025-08-26 12:34 GMT

ਔਟਵਾ : ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਧੜਾ-ਧੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ ਸਿਲਸਿਲਾ ਜਾਰੀ ਹੈ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ 6 ਮਹੀਨੇ ਦੌਰਾਨ 6 ਲੱਖ 53 ਹਜ਼ਾਰ ਕਿਰਤੀਆਂ ਨੇ ਮੁਲਕ ਵਿਚ ਦਾਣਾ-ਪਾਣੀ ਪੱਕਾ ਕਰ ਲਿਆ। ਇੰਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਵਿਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਇੰਮੀਗ੍ਰੇਸ਼ਨ ਦੀ ਰਫ਼ਤਾਰ ’ਤੇ ਸਵਾਲ ਉਠਾਏ ਜਾ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਨੇ ਦੱਸਿਆ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰ੍ਹੇ ਦੌਰਾਨ 82 ਹਜ਼ਾਰ ਕਿਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ ਛੇ ਮਹੀਨੇ ਦੌਰਾਨ ਹੀ 1 ਲੱਖ 5 ਹਜ਼ਾਰ ਆਰਜ਼ੀ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ ਖੋਲ੍ਹ ਦਿਤੇ ਗਏ ਜਦਕਿ ਬਾਕੀ ਛੇ ਮਹੀਨੇ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ।

2 ਲੱਖ 46 ਹਜ਼ਾਰ ਨੂੰ ਪੀ.ਆਰ., 2.85 ਲੱਖ ਨੂੰ ਮਿਲੇ ਵਰਕ ਪਰਮਿਟ

ਦੂਜੇ ਪਾਸੇ ਪਰਮਾਨੈਂਟ ਰੈਜ਼ੀਡੈਂਟਸ ਦੇ ਮਾਮਲੇ ਵਿਚ 2025 ਦੌਰਾਨ 3 ਲੱਖ 95 ਹਜ਼ਾਰ ਪ੍ਰਵਾਸੀਆਂ ਨੂੰ ਸੱਦਣ ਦਾ ਟੀਚਾ ਮਿੱਥਿਆ ਗਿਆ ਪਰ 31 ਜੁਲਾਈ ਤੱਕ 2 ਲੱਖ 46 ਹਜ਼ਾਰ ਪ੍ਰਵਾਸੀਆਂ ਨੂੰ ਪੀ.ਆਰ. ਮਿਲ ਗਈ। ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 2 ਲੱਖ 85 ਹਜ਼ਾਰ ਵੀਜ਼ੇ ਜਾਰੀ ਕਰਨ ਦਾ ਟੀਚਾ ਮਿੱਥਿਆ ਗਿਆ ਪਰ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ ਹੀ 3 ਲੱਖ 2 ਹਜ਼ਾਰ ਵਰਕ ਪਰਮਿਟ ਜਾਰੀ ਕਰ ਦਿਤੇ ਗਏ। ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿਚ ਸਿਰਫ਼ 10 ਹਜ਼ਾਰ ਲੋਕਾਂ ਨੇ ਅਸਾਇਲਮ ਅਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ 2 ਲੱਖ 91 ਹਜ਼ਾਰ ’ਤੇ ਪੁੱਜ ਗਿਆ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਤੇ ਵਾਅਦਾ ਖਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਲਿਬਰਲ ਸਰਕਾਰ ਦਾ ਇੰਮੀਗ੍ਰੇਸ਼ਨ ਨੀਤੀਆਂ ’ਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਵਿਚ ਹਾਊਸਿੰਗ, ਹੈਲਥ ਕੇਅਰ ਅਤੇ ਬੇਰੁਜ਼ਗਾਰੀ ਦੇ ਤੀਹਰੇ ਸੰਕਟ ਦਾ ਕਾਰਨ ਬਣ ਰਹੀਆਂ ਹਨ। ਟੋਰੀ ਆਗੂ ਨੇ ਦੋਸ਼ ਲਾਇਆ ਕਿ ਲਿਬਰਲ ਸਰਕਾਰ ਇੰਮੀਗ੍ਰੇਸ਼ਨ ਅੰਕੜਾ ਲੁਕਾਉਣ ਦੇ ਯਤਨ ਕਰ ਰਹੀ ਸੀ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਇੰਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਅਗਸਤ ਦੇ ਆਰੰਭ ਵਿਚ ਦੋਸ਼ ਲਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈਬਸਾਈਟ ’ਤੇ ਇੰਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ ਜਿਸ ਮਗਰੋਂ ਸਰਕਾਰ ਨੇ ਦਲੀਲ ਦਿਤੀ ਕਿ ਅੰਕੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਕ ਕਰ ਦਿਤੇ ਜਾਣਗੇ।

ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਘੇਰੀ ਲਿਬਰਲ ਸਰਕਾਰ

ਦੂਜੇ ਪਾਸੇ ਪਿਅਰੇ ਪੌਇਲੀਐਵ ਨੇ ਅਸਾਇਲਮ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2015 ਮਗਰੋਂ ਕੈਨੇਡਾ ਵਿਚ ਅਸਾਇਲਮ ਅਰਜ਼ੀਆਂ ਦਾ ਬੈਕਲਾਗ 2,920 ਫ਼ੀ ਸਦੀ ਵਧ ਚੁੱਕਾ ਹੈ। ਸੁਣਵਾਈ ਦੀ ਪਹਿਲੀ ਤਰੀਕ ਦਾ ਉਡੀਕ ਸਮਾਂ ਪਹਿਲਾਂ ਹੀ ਚਾਰ ਸਾਲ ਦੀ ਮਿਆਦ ਟੱਪ ਗਿਆ ਹੈ ਅਤੇ ਤਾਜ਼ਾ ਅੰਕੜਿਆਂ ਮਗਰੋਂ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ। ਇਸੇ ਦੌਰਾਨ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਾ ਪੱਧਰ ਐਨਾ ਹੇਠਾਂ ਆਇਆ ਹੈ ਅਤੇ ਇਸ ਦਾ ਮੁੱਖ ਕਾਰਨ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਥੋਕ ਦੇ ਭਾਅ ਵੀਜ਼ੇ ਜਾਰੀ ਕਰਨਾ ਹੈ। ਉਨ੍ਹਾਂ ਕਿਹਾ ਕਿ ਬਤੌਰ ਪਰਮਾਨੈਂਟ ਰੈਜ਼ੀਡੈਂਟ ਕੈਨੇਡਾ ਆਉਣ ਵਾਲਿਆਂ ਨੂੰ ਜੌਬਜ਼, ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਰਕਾਰ ਦਾ ਫਰਜ਼ ਬਣਦਾ ਹੈ। ਜੇ ਸਰਕਾਰ ਸਰਕਾਰ ਇਹ ਜ਼ਿੰਮੇਵਾਰੀਆਂ ਨਿਭਾਉਣ ਵਿਚ ਅਸਫ਼ਲ ਰਹਿੰਦੀ ਹੈ ਤਾਂ ਇੰਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ’ਤੇ ਛਾਂਟੀ ਕੀਤੀ ਜਾਵੇ। ਕੰਜ਼ਰਵੇਟਿਵ ਆਗੂਆਂ ਨੇ ਦਲੀਲ ਦਿਤੀ ਕਿ ਸਾਲ 2000 ਤੋਂ 2020 ਦਰਮਿਆਨ ਪੱਕੇ ਤੌਰ ’ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ 3 ਲੱਖ ਸਾਲਾਨਾ ਰਹੀ ਪਰ ਪਿਛਲੇ ਕੁਝ ਵਰਿ੍ਹਆਂ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ ਪੰਜ ਲੱਖ ਤੱਕ ਪਹੁੰਚਾ ਦਿਤਾ।

Tags:    

Similar News