ਕੈਨੇਡਾ ਨੇ ਪ੍ਰਵਾਸੀਆਂ ਪਿੱਛੇ ਲਾਏ ਖੁਫੀਆ ਅਫ਼ਸਰ
ਕੈਨੇਡਾ ਦੀ ਪੀ.ਆਰ. ਲਈ ਕਾਹਲੇ ਹਜ਼ਾਰਾਂ ਪ੍ਰਵਾਸੀਆਂ ਦਾ ਪਿੱਛਾ ਖੁਫੀਆ ਏਜੰਸੀ ਦੇ ਅਫ਼ਸਰ ਕਰ ਰਹੇ ਹਨ ਅਤੇ ਹਰ ਸਰਗਰਮੀ ਉਤੇ ਨਜ਼ਰ ਰੱਖਣ ਸਣੇ ਪਿਛੋਕੜ ਨੂੰ ਵੀ ਡੂੰਘਾਈ ਨਾਲ ਫਰੋਲਿਆ ਜਾ ਰਿਹਾ ਹੈ।
ਔਟਵਾ : ਕੈਨੇਡਾ ਦੀ ਪੀ.ਆਰ. ਲਈ ਕਾਹਲੇ ਹਜ਼ਾਰਾਂ ਪ੍ਰਵਾਸੀਆਂ ਦਾ ਪਿੱਛਾ ਖੁਫੀਆ ਏਜੰਸੀ ਦੇ ਅਫ਼ਸਰ ਕਰ ਰਹੇ ਹਨ ਅਤੇ ਹਰ ਸਰਗਰਮੀ ਉਤੇ ਨਜ਼ਰ ਰੱਖਣ ਸਣੇ ਪਿਛੋਕੜ ਨੂੰ ਵੀ ਡੂੰਘਾਈ ਨਾਲ ਫਰੋਲਿਆ ਜਾ ਰਿਹਾ ਹੈ। ਜੀ ਹਾਂ, ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨਹੀਂ ਚਾਹੁੰਦਾ ਕਿ ਦਾਗੀ ਕਿਸਮ ਦੇ ਲੋਕਾਂ ਨੂੰ ਮੁਲਕ ਵਿਚ ਰਹਿਣ ਜਾਂ ਪੱਕੇ ਹੋਣ ਦਾ ਮੌਕਾ ਮਿਲੇ ਜਿਸ ਦੇ ਮੱਦੇਨਜ਼ਰ ਲੱਖਾਂ ਦੀ ਤਾਦਾਦ ਵਿਚ ਅਰਜ਼ੀਆਂ ਕੈਨੇਡੀਅਨ ਖੁਫੀਆ ਕੋਲ ਭੇਜੀਆਂ ਜਾ ਰਹੀਆਂ ਹਨ। ਉਧਰ, ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਦੱਸਿਆ ਕਿ 2024 ਦੌਰਾਨ ਇੰਮੀਗ੍ਰੇਸ਼ਨ ਵਿਭਾਗ ਵੱਲੋਂ 5 ਲੱਖ 38 ਹਜ਼ਾਰ ਲੋਕਾਂ ਦਾ ਅੱਗਾ-ਪਿੱਛਾ ਪਤਾ ਕਰਨ ਦੀ ਗੁਜ਼ਾਰਿਸ਼ ਭੇਜੀ ਗਈ ਜਦਕਿ 2023 ਵਿਚ ਅਜਿਹੀਆਂ ਗੁਜ਼ਾਰਿਸ਼ਾਂ ਦੀ ਗਿਣਤੀ 3 ਲੱਖ ਦੇ ਨੇੜੇ-ਤੇੜੇ ਰਹੀ।
ਪੀ.ਆਰ. ਦੇਣ ਤੋਂ ਪਹਿਲਾਂ ਡੂੰਘਾਈ ਨਾਲ ਹੋ ਰਹੀ ਪੜਤਾਲ
ਖੁਫੀਆ ਏਜੰਸੀ ਤੋਂ ਹਰੀ ਝੰਡੀ ਮਿਲਣ ਤੱਕ ਇੰਮੀਗ੍ਰੇਸ਼ਨ ਵਾਲੇ ਕਿਸੇ ਅਰਜ਼ੀ ਦੀ ਪ੍ਰੋਸੈਸਿੰਗ ਮੁਕੰਮਲ ਨਹੀਂ ਕਰ ਸਕਦੇ ਜਦਕਿ ਦੂਜੇ ਪਾਸੇ ਇੰਮੀਗ੍ਰੇਸ਼ਨ ਵਕੀਲਾਂ ਵੱਲੋਂ ਲੰਮੀ ਉਡੀਕ ਦੀ ਦੁਹਾਈ ਦਿਤੀ ਜਾ ਰਹੀ ਹੈ। ਉਨਟਾਰੀਓ ਅਤੇ ਬੀ.ਸੀ. ਦੇ ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਸਕਿਉਰਿਟੀ ਸਕ੍ਰੀਨਿੰਗ ਕਰ ਕੇ ਉਨ੍ਹਾਂ ਦੇ ਕਲਾਈਂਟਸ ਨੂੰ ਹੱਦ ਜ਼ਿਆਦਾ ਉਡੀਕਣਾ ਪੈ ਰਿਹਾ ਹੈ ਅਤੇ ਇਸ ਦਾ ਅਸਲ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ। ਮਿਸਾਲ ਵਜੋਂ ਜੌਰਡਨ ਤੋਂ ਆਏ ਇਕ ਰਫ਼ਿਊਜੀ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕੀਤਰ ਪਰ ਉਹ ਮਈ 2024 ਤੋਂ ਸਕਿਉਰਿਟੀ ਸਕ੍ਰੀਨਿੰਗ ਦਾ ਨਤੀਜਾ ਹੀ ਉਡੀਕ ਰਿਹਾ ਹੈ। ਇਸੇ ਦੌਰਾਨ ਕੈਨੇਡਾ ਸਰਕਾਰ ਵੱਲੋਂ ਨੈਕਸਸ ਕਾਰਡ ਬਾਰੇ Çਲੰਗ ਨੀਤੀ ਵਿਚ ਤਬਦੀਲੀ ਕਰਨ ਦਾ ਮਸਲਾ ਵੀ ਸੁਰਖੀਆਂ ਵਿਚ ਹੈ। ਭਾਵੇਂ ਇਸ ਤਬਦੀਲੀ ਦਾ ਮੁੱਖ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਜਾਰੀ ਇਕ ਕਾਰਜਕਾਰੀ ਹੁਕਮ ਹੈ ਪਰ ਇੰਮੀਗ੍ਰੇਸ਼ਨ ਲਾਅਇਰਜ਼ ਦਾ ਕਹਿਣਾ ਹੈ ਕਿ ਸੰਵਿਧਾਨਕ ਆਧਾਰ ’ਤੇ ਇਸ ਤਬਦੀਲੀ ਨੂੰ ਚੁਣੌਤੀ ਦਿਤੀ ਜਾ ਸਕਦੀ ਹੈ। ਨੈਕਸਸ ਪ੍ਰੋਗਰਾਮ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਜਾਂਦਾ ਹੈ ਜਿਸ ਰਾਹੀਂ ਦੋਹਾਂ ਮੁਲਕਾਂ ਦਰਮਿਆਨ ਆਵਾਜਾਈ ਸੁਖਾਲੀ ਬਣ ਜਾਂਦੀ ਹੈ।
ਟਰੰਪ ਦੇ ਦਬਾਅ ਹੇਠ ਬਦਲੀ ਨੀਤੀ ਕਾਰਨ ਵਿਵਾਦ
ਟਰੰਪ ਚਾਹੁੰਦੇ ਹਨ ਕਿ ਕੈਨੇਡਾ ਵਾਸੀਆਂ ਦੇ ਪਾਸਪੋਰਟ ’ਤੇ Çਲੰਗ ਦੀ ਪਛਾਣ ਵਾਲੇ ਖਾਨੇ ਵਿਚ ਐਕਸ ਦੀ ਬਜਾਏ ਮੇਲ ਜਾਂ ਫੀਮੇਲ ਲਿਖਿਆ ਹੋਵੇ। ਫ਼ਿਲਹਾਲ ਅਮਰੀਕਾ ਸਰਕਾਰ ਐਕਸ ਜੈਂਡਰ ਵਾਲੇ ਕੈਨੇਡੀਅਨ ਪਾਸਪੋਰਟਾਂ ਨੂੰ ਪ੍ਰਵਾਨ ਕਰ ਰਹੀ ਹੈ ਪਰ ਨੈਕਸਸ ਕਾਰਡ ਨਵਿਆਉਣ ਮੌਕੇ ਇਹ ਸਭ ਨਹੀਂ ਚੱਲਣਾ ਅਤੇ ਮੇਲ ਜਾਂ ਫ਼ੀਮੇਲ ਵਿਚੋਂ ਹੀ ਕੋਈ ਸ਼ਬਦ ਲਿਖਣਾ ਹੋਵੇਗਾ। ਟੋਰਾਂਟੋ ਦੇ ਬੈਟਿਸਟਾ ਲਾਅ ਗਰੁੱਪ ਦੀ ਜੋਸਨਾ ਕੰਗ ਨੇ ਕੈਨੇਡਾ ਸਰਕਾਰ ਦੇ ਤਾਜ਼ਾ ਫੈਸਲੇ ਨੂੰ ਕਾਇਰਾਨਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਲੋਕਾਂ ਨਾਲ ਵਿਤਕਰਾ ਕਰਦੀ ਹੈ ਅਤੇ ਕੈਨੇਡੀਅਨ ਚਾਰਟਰ ਦੀ ਧਾਰਾ 15 ਦੇ ਵਿਰੁੱਧ ਜਾਂਦੀ ਹੈ। ਬਰਾਬਰਤਾ ਵਾਲਾ ਸਿਧਾਂਤ ਇਥੇ ਖਤਮ ਨਜ਼ਰ ਆ ਰਿਹਾ ਹੈ।