ਕੈਨੇਡਾ ’ਚ ਕਸੂਤਾ ਫਸਿਆ ਪੰਜਾਬੀ ਟ੍ਰਾਂਸਪੋਰਟਰ ਪਰਵਾਰ
ਬੀ.ਸੀ. ਵਿਚ ਪੰਜਾਬੀ ਪਰਵਾਰ ਦੀ ਟ੍ਰਕਿੰਗ ਕੰਪਨੀ ਨੂੰ ਓਵਰਪਾਸ ਨਾਲ ਟੱਕਰ ਮਹਿੰਗੀ ਪੈ ਗਈ ਅਤੇ ਟ੍ਰਾਂਸਪੋਰਟੇਸ਼ਨ ਮੰਤਰੀ ਮਾਈਕ ਫਾਰਨਵਰਥ ਵੱਲੋਂ ਪੂਰੇ ਬੇੜੇ ਦੀ ਆਵਾਜਾਈ ’ਤੇ ਹੀ ਰੋਕ ਲਾ ਦਿਤੀ ਗਈ ਹੈ।;
ਵੈਨਕੂਵਰ : ਬੀ.ਸੀ. ਵਿਚ ਪੰਜਾਬੀ ਪਰਵਾਰ ਦੀ ਟ੍ਰਕਿੰਗ ਕੰਪਨੀ ਨੂੰ ਓਵਰਪਾਸ ਨਾਲ ਟੱਕਰ ਮਹਿੰਗੀ ਪੈ ਗਈ ਅਤੇ ਟ੍ਰਾਂਸਪੋਰਟੇਸ਼ਨ ਮੰਤਰੀ ਮਾਈਕ ਫਾਰਨਵਰਥ ਵੱਲੋਂ ਪੂਰੇ ਬੇੜੇ ਦੀ ਆਵਾਜਾਈ ’ਤੇ ਹੀ ਰੋਕ ਲਾ ਦਿਤੀ ਗਈ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਹਾਈਵੇਅ 1 ’ਤੇ ਵਾਪਰੇ ਹਾਦਸੇ ਵਿਚ ਮਾਝਾ ਟ੍ਰਕਿੰਗ ਲਿਮ. ਦਾ ਸੈਮੀ ਟਰੱਕ ਸ਼ਾਮਲ ਰਿਹਾ। ਸੀ.ਪੀ. ਰੇਲ ਦੇ ਓਵਰਪਾਸ ਨਾਲ ਟੱਕਰ ਦੀ ਘਟਨਾ ਵੀਰਵਾਰ ਸਵੇਰੇ ਤਕਰੀਬਨ 9.15 ਵਜੇ ਸਾਹਮਣੇ ਆਈ। ਪੁਲਿਸ ਨੇ ਦੱਸਿਆ ਕਿ ਹਾਦਸੇ ਮਗਰੋਂ ਹਾਈਵੇਅ 1 ’ਤੇ ਪੱਛਮ ਵੱਲ ਜਾ ਰਹੇ ਟ੍ਰੈਫਕ ਨੂੰ ਕੁਝ ਸਮੇਂ ਲਈ ਰੋਕਣਾ ਪਿਆ।
ਓਵਰਪਾਸ ਨਾਲ ਟੱਕਰ ਮਗਰੋਂ ਪੂਰੇ ਬੇੜੇ ’ਤੇ ਲੱਗੀ ਪਾਬੰਦੀ
ਬੀ.ਸੀ. ਹਾਈਵੇਅ ਪੈਟਰੌਲ ਦੇ ਕਾਰਪੋਰਲ ਮਾਈਕਲ ਮੈਕਲਾਫਲਿਨ ਨੇ ਦੱਸਿਆ ਕਿ ਟਰੱਕ ’ਤੇ ਲੱਦੇ ਕੰਕਰੀਟ ਦੇ ਵੱਡੇ ਟੁਕੜੇ ਕਾਰਨ ਹਾਦਸਾ ਵਾਪਰਿਆ ਜੋ ਟਰੱਕ ਦੇ ਐਨ ਵਿਚਕਾਰ ਬੰਨਿ੍ਹਆ ਹੋਇਆ ਸੀ। ਟੱਕਰ ਵੱਜਣ ਮਗਰੋਂ ਕੰਕਰੀਟ ਦੇ ਟੁਕੜੇ ਵਿਚ ਤਰੇੜਾਂ ਪੈ ਗਈਆਂ। ਉਧਰ ਬੀ.ਸੀ. ਦੇ ਟ੍ਰਾਂਸਪੋਰਟੇਸ਼ਨ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਕਿ ਇਕ ਟ੍ਰਾਂਸਪੋਰਟ ਕੰਪਨੀ ਤੋਂ ਅਜਿਹੀ ਮੂਰਖਤਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜਿਸ ਨੂੰ ਆਪਣੇ ਰੂਟ ’ਤੇ ਪੈਣ ਵਾਲੇ ਓਵਰਪਾਸ ਦੀ ਉਚਾਈ ਅਤੇ ਟਰੱਕ ਦੇ ਲੋਡ ਦੀ ਉਚਾਈ ਬਾਰੇ ਕੁਝ ਪਤਾ ਹੀ ਨਹੀਂ। ਓਵਰਪਾਸ ਰਾਤੋ ਰਾਤ ਹੇਠਾਂ ਨਹੀਂ ਆਇਆ ਅਤੇ ਇਹ ਸਰਾਸਰ ਲਾਪ੍ਰਵਾਹੀ ਦਾ ਮਾਮਲਾ ਬਣਦਾ ਜਿਸ ਦੇ ਸਿੱਟੇ ਭੁਗਤਣੇ ਹੋਣਗੇ। ਬੀਤੇ ਇਕ ਸਾਲ ਵਿਚ ਚੌਥੀ ਵਾਰ ਕਿਸੇ ਟਰੱਕ ਨੇ ਓਵਰਪਾਸ ਨੂੰ ਟੱਕਰ ਮਾਰੀ ਹੈ ਜਦਕਿ 2024 ਦੌਰਾਨ ਬੀ.ਸੀ. ਵਿਚ ਓਵਰਪਾਸ ਨਾਲ ਟੱਕਰ ਦੀਆਂ 29 ਘਟਨਾਵਾਂ ਵਾਪਰ ਚੁੱਕੀਆਂ ਹਨ।