ਕੈਨੇਡਾ : ਪੰਜਾਬੀ ਅੱਲ੍ਹੜ ਦੇ ਕਾਤਲ ਨੂੰ 18 ਮਹੀਨੇ ਦੀ ਸਜ਼ਾ

ਕੈਨੇਡਾ ਦੇ ਚਰਚਿਤ ਕਰਨਵੀਰ ਸਹੋਤਾ ਕਤਲਕਾਂਡ ਬਾਰੇ ਚੱਲ ਰਹੀ ਸੁਣਵਾਈ ਦੌਰਾਨ ਇਕ ਹੋਰ ਅੱਲ੍ਹੜ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

Update: 2025-03-28 11:56 GMT

ਐਡਮਿੰਟਨ : ਕੈਨੇਡਾ ਦੇ ਚਰਚਿਤ ਕਰਨਵੀਰ ਸਹੋਤਾ ਕਤਲਕਾਂਡ ਬਾਰੇ ਚੱਲ ਰਹੀ ਸੁਣਵਾਈ ਦੌਰਾਨ ਇਕ ਹੋਰ ਅੱਲ੍ਹੜ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਵਾਰਦਾਤ ਵੇਲੇ ਨਾਬਾਲਗ ਰਹੇ ਦੋਸ਼ੀ ਨੂੰ 9 ਮਹੀਨੇ ਦੀ ਕੈਦ ਕੱਟਣੀ ਹੋਵੇਗੀ ਜਦਕਿ 9 ਮਹੀਨੇ ਕਮਿਊਨਿਟੀ ਵਿਚ ਨਿਗਰਾਨੀ ਹੇਠ ਰਹਿਣਾ ਹੋਵੇਗਾ। ਇਸ ਮਗਰੋਂ ਇਕ ਸਾਲ ਦਾ ਪ੍ਰੋਬੇਸ਼ਨ ਲਾਗੂ ਕੀਤੀ ਜਾਵੇਗੀ। ਦੱਸ ਦੇਈਏ ਕਿ 10ਵੀਂ ਵਿਚ ਪੜ੍ਹਦੇ 16 ਸਾਲ ਦੇ ਕਰਨਵੀਰ ਸਹੋਤਾ ਉਤੇ 8 ਅਪ੍ਰੈਲ 2022 ਨੂੰ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਸਕੂਲ ਵਿਚ ਛੁੱਟੀ ਹੋਣ ਮਗਰੋਂ ਘਰ ਜਾ ਰਿਹਾ ਸੀ। ਕਈ ਜਣਿਆਂ ਨੇ ਉਸ ਨੂੰ ਘੇਰ ਕੇ ਛੁਰੇ ਨਾਲ ਵਾਰ ਕੀਤੇ। ਕਰਨਵੀਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਕੁਝ ਦਿਨ ਬਾਅਦ ਉਹ ਦਮ ਤੋੜ ਗਿਆ।

7 ਜਣਿਆਂ ਨੇ ਘੇਰੇ ਕੇ ਮਾਰਿਆ ਸੀ ਕਰਨਵੀਰ ਸਹੋਤਾ

ਕਤਲਕਾਂਡ ਵਿਚ ਨਾਮਜ਼ਦ 7 ਅੱਲ੍ਹੜਾਂ ਵਿਚੋਂ 5 ਨੂੰ ਸਜ਼ਾ ਦਾ ਐਲਾਨ ਹੋ ਚੁੱਕਾ ਹੈ। ਅਦਾਲਤੀ ਹੁਕਮਾਂ ਅਧੀਨ ਹੁਣ ਤੱਕ ਕਰਨਵੀਰ ਸਹੋਤਾ ਦਾ ਨਾਂ ਪ੍ਰਕਾਸ਼ਤ ਨਹੀਂ ਸੀ ਕੀਤਾ ਗਿਆ ਪਰ ਸਹੋਤਾ ਪਰਵਾਰ ਦੀ ਗੁਜ਼ਾਰਿਸ਼ ’ਤੇ ਕਾਰਵਾਈ ਕਰਦਿਆਂ ਜਸਟਿਸ ਜਿਲੀਅਨ ਮੈਰੀਅਟ ਵੱਲੋਂ ਪਿਛਲੇ ਦਿਨੀਂ ਪਾਬੰਦੀ ਹਟਾ ਦਿਤੀ ਗਈ। ਕਰਨਵੀਰ ਸਹੋਤਾ ਦੇ ਸਕੂਲ ਦਾ ਨਾਂ ਪ੍ਰਕਾਸ਼ਤ ਕਰਨ ’ਤੇ ਲੱਗੀ ਪਾਬੰਦੀ ਬਰਕਰਾਰ ਰਹੇਗੀ ਅਤੇ ਕਿਸੇ ਵੀ ਮੁਲਜ਼ਮ ਦਾ ਨਾਂ ਵੀ ਪ੍ਰਕਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਾਰਦਾਤ ਵੇਲੇ ਸਭਨਾਂ ਦੀ ਉਮਰ 18 ਸਾਲ ਤੋਂ ਘੱਟ ਸੀ। ਅਦਾਲਤੀ ਸੁਣਵਾਈ ਦੌਰਾਨ ਸਹੋਤਾ ਪਰਵਾਰ ਵੱਲੋਂ ਆਪਣਾ ਦਰਦ ਬਿਆਨ ਕੀਤਾ ਗਿਆ ਜਦਕਿ ਕਮਿਊਨਿਟੀ ਨਾਲ ਸਬੰਧਤ ਹੋਰਨਾਂ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ ਸਕੂਲ ਭੇਜਣ ਲੱਗਿਆਂ ਡਰ ਮਹਿਸੂਸ ਹੁੰਦਾ ਹੈ। ਕ੍ਰਾਊਨ ਪ੍ਰੌਸੀਕਿਊਟਰ ਜੈਫ ਰੂਡੀਐਕ ਨੇ ਅਦਾਲਤ ਨੂੰ ਦੱਸਿਆ ਕਿ ਕਰਨਵੀਰ ਸਹੋਤਾ ਉਤੇ ਹਮਲੇ ਦਾ ਕਾਰਨ ਹੁਣ ਤੱਕ ਪਤਾ ਨਹੀਂ ਲੱਗ ਸਕਿਆ। ਜਸਟਿਸ ਮੈਰੀਅਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਭਾਵੇਂ ਸ਼ੱਕੀ ਵਿਰੁੱਧ ਕੋਈ ਸਬੂਤ ਮੌਜੂਦ ਨਹੀਂ ਕਿ ਉਸ ਨੇ ਕਰਨਵੀਰ ਸਹੋਤਾ ਨੂੰ ਛੁਰਾ ਮਾਰਿਆ ਜਾਂ ਉਸ ਕੋਲ ਕੋਈ ਹਥਿਆਰ ਮੌਜੂਦ ਸੀ ਪਰ ਉਹ ਹਮਲਾ ਕਰਨ ਵਾਲੇ ਧੜੇ ਦਾ ਹਿੱਸਾ ਰਿਹਾ। ਜੱਜ ਨੇ ਅੱਗੇ ਲਿਖਿਆ, ‘‘ਉਹ ਕਰਨਵੀਰ ਸਹੋਤਾ ਦੇ ਪਿੱਛੇ ਗਿਆ ਅਤੇ ਬਚ ਕੇ ਨਿਕਲਣ ਤੋਂ ਰੋਕਿਆ।

5 ਜਣਿਆਂ ਨੂੰ ਸੁਣਾਈ ਜਾ ਚੁੱਕੀ ਹੈ ਸਜ਼ਾ

ਇਸ ਤੋਂ ਬਾਅਦ ਹੀ ਕਰਨਵੀਰ ਸਹੋਤਾ ਉਤੇ ਖਤਰਨਾਕ ਹਮਲਾ ਹੋਇਆ। ਇਹ ਇਕ ਵੱਡੀ ਤਰਾਸਦੀ ਸੀ।’’ ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਕਾਨੂੰਨ ਮੁਤਾਬਕ ਕਿਸੇ ਨਾਬਾਲਗ ਨੂੰ ਕਤਲ ਦੇ ਮਾਮਲੇ ਵਿਚ ਵੱਧ ਤੋਂ ਵੱਧ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਸਜ਼ਾ ਦਾ ਸਾਹਮਣਾ ਕਰਨ ਵਾਲਾ ਸ਼ੱਕੀ ਵਾਰਦਾਤ ਵੇਲੇ 15 ਸਾਲ ਦਾ ਸੀ ਅਤੇ ਇਸ ਵੇਲੇ 18 ਸਾਲ ਦਾ ਹੋ ਚੁੱਕਾ ਹੈ। ਅਦਾਲਤ ਵਿਚ ਉਸ ਨੇ ਆਪਣੀ ਕਰਤੂਤ ਲਈ ਸਹੋਤਾ ਪਰਵਾਰ ਤੋਂ ਮੁਆਫ਼ੀ ਵੀ ਮੰਗੀ। ਉਸ ਨੇ ਕਿਹਾ, ‘‘ਮੈਂ ਕਰਨਵੀਰ ਨੂੰ ਜਾਣਦਾ ਸੀ। ਅਸੀਂ ਕਦੇ ਇਕੱਠੇ ਨਹੀਂ ਰਹੇ ਪਰ ਇਹ ਸਭ ਨਹੀਂ ਸੀ ਹੋਣਾ ਚਾਹੀਦਾ। ਮੈਨੂੰ ਰੋਜ਼ਾਨਾ ਆਪਣੇ ਜੁਰਮ ਦਾ ਅਹਿਸਾਸ ਹੁੰਦਾ ਹੈ ਅਤੇ ਲੋਕਾਂ ਵੱਲੋਂ ਅਕਸਰ ਕਹੀ ਜਾਂਦੀ ਇਹ ਗੱਲ ਸੱਚ ਸਾਬਤ ਹੋਈ ਹੈ ਕਿ ਇਕ ਪਲ ਦੀ ਗਲਤੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਕਤਲਕਾਂਡ ਵਿਚ ਨਾਮਜ਼ਦ 17 ਸਾਲ ਦੀ ਕੁੜੀ ਜੋ ਇਸ ਵੇਲੇ 20 ਸਾਲ ਦੀ ਹੋ ਚੁੱਕੀ ਹੈ, ਨੇ ਸਹਾਇਕ ਹੋਣ ਦਾ ਅਪਰਾਧ ਕਬੂਲ ਕੀਤਾ ਅਤੇ ਉਸ ਨੂੰ 12 ਮਹੀਨੇ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ। 14 ਸਾਲ ਦੇ ਇਕ ਹੋਰ ਅੱਲ੍ਹੜ ਨੇ ਕਬੂਲ ਕੀਤਾ ਕਿ ਉਸ ਨੇ ਕਰਨਵੀਰ ਸਹੋਤਾ ਉਤੇ ਛੁਰੇ ਨਾਲ ਵਾਰ ਕੀਤਾ ਅਤੇ ਅਦਾਲਤ ਵੱਲੋਂ ਉਸ ਨੂੰ 18 ਮਹੀਨੇ ਵਾਸਤੇ ਜੇਲ ਭੇਜਿਆ ਗਿਆ ਹੈ ਜਦਕਿ 18 ਮਹੀਨੇ ਦੀ ਪ੍ਰੋਬੇਸ਼ਨ ਵੱਖਰੀ ਹੋਵੇਗੀ। ਦੋ ਹੋਰਨਾਂ ਅੱਲ੍ਹੜਾਂ ਨੂੰ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਜਿਨ੍ਹਾਂ ਨੂੰ ਸਜ਼ਾ ਦਾ ਐਲਾਨ ਅਪ੍ਰੈਲ ਵਿਚ ਹੋ ਸਕਦਾ ਹੈ। 

Tags:    

Similar News