ਕੈਨੇਡਾ : ਪੁਲਿਸ ਮੁਸਤੈਦੀ ਨਾਲ ਸ਼ਾਂਤਮਈ ਰਹੇ ਖਾ.ਲਿਸ.ਤਾਨੀਆਂ ਦੇ ਮੁਜ਼ਾਹਰੇ

ਕੈਨੇਡਾ ਪੁਲਿਸ ਦੀ ਮੁਸਤੈਦੀ ਸਦਕਾ ਖਾਲਿਸਤਾਨ ਹਮਾਇਤੀਆਂ ਦੇ ਰੋਸ ਵਿਖਾਵੇ ਸ਼ਾਂਤਮਈ ਰਹੇ ਅਤੇ ਲਾਈਫ਼ ਸਰਟੀਫ਼ਿਕੇਟ ਕੈਂਪਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ

Update: 2025-11-03 13:22 GMT

ਮਿਸੀਸਾਗਾ : ਕੈਨੇਡਾ ਪੁਲਿਸ ਦੀ ਮੁਸਤੈਦੀ ਸਦਕਾ ਖਾਲਿਸਤਾਨ ਹਮਾਇਤੀਆਂ ਦੇ ਰੋਸ ਵਿਖਾਵੇ ਸ਼ਾਂਤਮਈ ਰਹੇ ਅਤੇ ਲਾਈਫ਼ ਸਰਟੀਫ਼ਿਕੇਟ ਕੈਂਪਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਮਿਸੀਸਾਗਾ ਦੇ ਹਿੰਦੂ ਹੈਰੀਟੇਜ ਸੈਂਟਰ ਤੋਂ ਕੁਝ ਦੂਰੀ ’ਤੇ ਖਾਲਿਸਤਾਨ ਹਮਾਇਤੀ ਨਾਹਰੇਬਾਜ਼ੀ ਕਰਦੇ ਨਜ਼ਰ ਆਏ ਜਦਕਿ ਇਮਾਰਤ ਦੇ ਅੰਦਰ ਲਾਈਫ਼ ਸਰਟੀਫ਼ਿਕੇਟ ਜਾਰੀ ਕਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਰਿਹਾ। ਭਾਰਤੀ ਕੌਂਸਲੇਟ ਵੱਲੋਂ ਜਾਰੀ ਤਸਵੀਰਾਂ ਮੁਤਾਬਕ ਬਰੈਂਪਟਨ ਦੇ ਭਾਰਤ ਮਾਤਾ ਮੰਦਰ ਅਤੇ ਵਿੰਨੀਪੈਗ ਦੇ ਡਾ. ਰਾਜ ਪਾਂਡੇ ਹਿੰਦੂ ਸੈਂਟਰ ਵਿਖੇ ਤਕਰੀਬਨ ਇਕ ਹਜ਼ਾਰ ਪੈਨਸ਼ਨਰਾਂ ਦੇ ਲਾਈਫ਼ ਸਰਟੀਫ਼ਿਕੇਟ ਦੀ ਤਸਦੀਕ ਕੀਤੀ ਗਈ ਜਦਕਿ ਚਾਰ ਕੈਂਪਾਂ ਦੌਰਾਨ 2,200 ਲਾਈਫ਼ ਸਰਟੀਫ਼ਿਕੇਟ ਜਾਰੀ ਕੀਤੇ ਗਏ।

ਮਿਸੀਸਾਗਾ, ਬਰੈਂਪਟਨ ਅਤੇ ਵਿਨੀਪੈਗ ’ਚ 2,200 ਲਾਈਫ਼ ਸਰਟੀਫ਼ਿਕੇਟ ਜਾਰੀ

ਦੱਸ ਦੇਈਏ ਕਿ ਪੀਲ ਰੀਜਨਲ ਪੁਲਿਸ ਵੱਲੋਂ ਰੋਸ ਵਿਖਾਵੇ ਤੋਂ ਪਹਿਲਾਂ ਹੀ ਚਿਤਾਵਨੀ ਦੇ ਦਿਤੀ ਗਈ ਸੀ ਕਿ ਅਮਨ-ਕਾਨੂੰਨ ਭੰਗ ਨਹੀਂ ਹੋਣਾ ਚਾਹੀਦਾ। ਪੁਲਿਸ ਨੇ ਕਿਹਾ ਕਿ ਰੋਸ ਮੁਜ਼ਾਹਰਾ ਕਰਨਾ ਕੈਨੇਡੀਅਨ ਲੋਕਾਂ ਦਾ ਸੰਵਿਧਾਨਕ ਹੈ ਪਰ ਹਰ ਇਕ ਦੀ ਸੁਰੱਖਿਆ ਯਕੀਨੀ ਬਣਾਉਣੀ ਵੀ ਲਾਜ਼ਮੀ ਹੈ। ਪਿਛਲੇ ਸਾਲ ਵਾਪਰੇ ਘਟਨਾਕ੍ਰਮ ਨੂੰ ਵੇਖਦਿਆਂ ਪੀਲ ਰੀਜਨਲ ਪੁਲਿਸ ਵੱਲੋਂ ਲਾਈਫ਼ ਸਰਟੀਫ਼ਿਕੇਟ ਕੈਂਪਾਂ ਦੌਰਾਨ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ। ਇਸ ਸਾਲ ਭਾਰਤੀ ਕੌਂਸਲੇਟ ਵੱਲੋਂ ਹਿੰਦੂ ਸਭਾ ਮੰਦਰ ਵਿਚ ਕੋਈ ਕੈਂਪ ਨਹੀਂ ਰੱਖਿਆ ਗਿਆ ਜਿਥੇ ਪਿਛਲੇ ਸਾਲ ਹਿੰਸਕ ਵਾਰਦਾਤਾਂ ਸਾਹਮਣੇ ਆਈਆਂ। ਉਧਰ ਵੈਨਕੂਵਰ ਵਿਖੇ ਖ਼ਾਲਸਾ ਦੀਵਾਨ ਸੋਸਾਇਟੀ ਦੇ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਵਿਖੇ ਸ਼ਨਿੱਚਰਵਾਰ ਨੂੰ ਲਾਈਫ਼ ਸਰਟੀਫ਼ਿਕੇਟ ਕੈਂਪ ਲਾਇਆ ਗਿਆ।

ਰੋਸ ਵਿਖਾਵੇ ਦੌਰਾਨ ਨਜ਼ਰ ਨਾ ਆਇਆ ਇੰਦਰਜੀਤ ਸਿੰਘ ਗੋਸਲ

ਭਾਈ ਹਾਈ ਕਮਿਸ਼ਨ ਵੱਲੋਂ ਉਨਟਾਰੀਓ ਦੇ ਟੋਰਾਂਟੋ, ਮਿਸੀਸਾਗਾ, ਬਰੈਂਪਟਨ, ਲੰਡਨ, ਵਿੰਡਸਰ, ਕਿਚਨਰ ਅਤੇ ਓਕਵਿਲ ਸ਼ਹਿਰਾਂ ਤੋਂ ਇਨਾਵਾ ਬੀ.ਸੀ. ਦੇ ਵੈਨਕੂਵਰ, ਸਰੀ, ਐਬਸਫੋਰਡ ਅਤੇ ਪ੍ਰਿੰਸ ਜਾਰਜ ਵਿਖੇ ਕੈਂਪ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਮੈਨੀਟੋਬਾ ਦੇ ਵਿੰਨੀਪੈਗ, ਐਲਬਰਟਾ ਦੇ ਕੈਲਗਰੀ ਅਤੇ ਐਡਮਿੰਟਨ, ਸਸਕੈਚਵਨ ਦੇ ਰਜੀਨਾ ਅਤੇ ਸਸਕਾਟੂਨ, ਕਿਊਬੈਕ ਦੇ ਮੌਂਟਰੀਅਲ ਅਤੇ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿਖੇ ਇਹ ਕੈਂਪ ਲੱਗ ਰਹੇ ਹਨ। ਦੂਜੇ ਪਾਸੇ ਔਟਵਾ ਵਿਖੇ 23 ਨਵੰਬਰ ਨੂੰ ਹੋਣ ਵਾਲੇ ਰੈਫ਼ਰੰਡਮ ਦੀਆਂ ਤਿਆਰੀਆਂ ਵਿਚ ਰੁੱਝੇ ਇੰਦਰਜੀਤ ਸਿੰਘ ਗੋਸਲ ਵੱਲੋਂ ਇਕ ਆਨਲਾਈਨ ਪੋਸਟ ਰਾਹੀਂ ਮਿਸੀਸਾਗਾ ਦੇ ਹਿੰਦੂ ਹੈਰੀਟੇਜ ਸੈਂਟਰ ਅਤੇ ਬਰੈਂਪਟਨ ਦੇ ਭਾਰਤ ਮਾਤਾ ਮੰਦਰ ਵਿਖੇ ਭਾਰਤੀ ਕੌਂਸਲੇਟ ਅਧਿਕਾਰੀਆਂ ਦੀ ਸਿਟੀਜ਼ਨਜ਼ ਅਰੈਸਟ ਦਾ ਸੱਦਾ ਦਿਤਾ ਗਿਆ ਸੀ।

Tags:    

Similar News