ਕੈਨੇਡਾ ਪੋਸਟ ਦੀ ਹੜਤਾਲ ਕਾਰਨ ਛੋਟੇ ਕਾਰੋਬਾਰੀਆਂ ਨੂੰ 765 ਮਿਲੀਅਨ ਡਾਲਰ ਦਾ ਨੁਕਸਾਨ
ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਛੋਟੇ ਕਾਰੋਬਾਰੀਆਂ ਨੂੰ ਤਕਰੀਬਨ 765 ਮਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ
ਟੋਰਾਂਟੋ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਛੋਟੇ ਕਾਰੋਬਾਰੀਆਂ ਨੂੰ ਤਕਰੀਬਨ 765 ਮਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈਅਤੇ ਬੁੱਧਵਾਰ ਤੱਕ ਇਹ ਅੰਕੜਾ ਇਕ ਅਰਬ ਡਾਲਰ ਤੱਕ ਪੁੱਜ ਜਾਵੇਗਾ। ਦੂਜੇ ਪਾਸੇ ਹੜਤਾਲੀ ਮੁਲਾਜ਼ਮਾਂ ਅਤੇ ਕੈਨੇਡਾ ਪੋਸਟ ਦੇ ਪ੍ਰਬੰਧਕਾਂ ਦਰਮਿਆਨ ਫਿਲਹਾਲ ਕੋਈ ਸਮਝੌਤਾ ਹੁੰਦਾ ਵੀ ਨਜ਼ਰ ਨਹੀਂ ਆ ਰਿਹਾ ਅਤੇ ਦੋਵੇਂ ਧਿਰਾਂ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕਰਨ ਵੱਲ ਧਿਆਨ ਕੇਂਦਰਤ ਕਰ ਰਹੀਆਂ ਹਨ।
ਪ੍ਰਬੰਧਕ ਅਤੇ ਮੁਲਾਜ਼ਮ ਯੂਨੀਅਨ ਫਿਲਹਾਲ ਸਮਝੌਤੇ ਤੋਂ ਦੂਰ
ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਸੁਝਾਅ ’ਤੇ ਕੁਝ ਐਡਜਸਟਮੈਂਟ ਕੀਤੀ ਗਈ ਹੈ ਤਾਂਕਿ ਗੱਲਬਾਤ ਮੁੜ ਸ਼ੁਰੂ ਹੋ ਸਕੇ। ਕੈਨੇਡਾ ਪੋਸਟ ਵੱਲੋਂ ਐਤਵਾਰ ਨੂੰ ਡਿਲੀਵਰੀ ਮਾਡਲ ਵਿਚ ਲਚੀਲਾਪਣ ਲਿਆਉਣ ਦੇ ਤਜਵੀਜ਼ ਪੇਸ਼ ਕੀਤੀ ਗਈ ਸੀ ਜਿਸ ਨੂੰ ਸੰਭਾਵਤ ਤੌਰ ’ਤੇ ਯੂਨੀਅਨ ਨੇ ਪ੍ਰਵਾਨ ਕਰ ਲਿਆ। ਇਸੇ ਦੌਰਾਨ ਕਿਰਤ ਮੰਤਰੀ ਸਟੀਵਨ ਮੈਕਿਨਨ ਨੇ ਕਿਹਾ ਕਿ ਉਹ ਦੋਹਾਂ ਧਿਰਾਂ ਨਾਲ ਗੱਲਬਾਤ ਕਰਦਿਆਂ ਚੇਤੇ ਕਰਵਾ ਰਹੇ ਹਨ ਕਿ ਮਤਭੇਦ ਖਤਮ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਸ ਵਿਵਾਦ ਦਾ ਖਮਿਆਜ਼ਾ ਕੈਨੇਡਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ 15 ਨਵੰਬਰ ਤੋਂ ਸ਼ੁਰੂ ਹੋਈ ਹੜਤਾਲ 19ਵੇਂ ਦਿਨ ਵਿਚ ਦਾਖਲ ਹੋ ਚੁੱਕੀ ਹੈ ਅਤੇ ਯੂ.ਐਸ. ਪੋਸਟਲ ਸਰਵਿਸ ਵੱਲੋਂ ਕੈਨੇਡਾ ਜਾਣ ਵਾਲੀ ਡਾਕ ਲੈਣੀ ਆਰਜ਼ੀ ਤੌਰ ’ਤੇ ਬੰਦ ਕਰ ਦਿਤੀ ਗਈ ਹੈ।
ਕਿਰਤ ਮੰਤਰੀ ਵੱਲੋਂ ਜਲਦ ਮਤਭੇਦ ਦੂਰ ਕਰਨ ਦਾ ਸੁਝਾਅ
ਦੂਜੇ ਪਾਸੇ ਇਕੁਈਫੈਕਸ ਅਤੇ ਬੈਟਰ ਬਿਜ਼ਨਸ ਬਿਊਰੋ ਵੱਲੋਂ ਕੈਨੇਡੀਅਨਜ਼ ਨੂੰ ਡਾਕ ਘਪਲਿਆਂ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਆਮ ਤੌਰ ’ਤੇ ਸਾਲ ਦੇ ਇਸ ਸਮੇਂ ਦੌਰਾਨ ਅਕਸਰ ਹੀ ਪਾਰਸਲ ਅਤੇ ਡਿਲੀਵਰੀਜ਼ ਨੂੰ ਲੈਕੇ ਘਪਲੇ ਵਧ ਜਾਂਦੇ ਹਨ ਪਰ ਇਸ ਵਾਰ ਕੈਨੇਡਾ ਪੋਸਟ ਦੀ ਹੜਤਾਲ ਕਰ ਕੇ ਕੁਝ ਜ਼ਿਆਦਾ ਹੀ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਕੁਈਫੈਕਸ ਕੈਨੇਡਾ ਵੱਲੋਂ ਘਪਲਿਆਂ ਦੀ ਅਸਲ ਗਿਣਤੀ ਮੁਹੱਈਆ ਨਹੀਂ ਕਰਵਾਈ ਗਈ ਪਰ ਰੋਜ਼ਾਨਾ ਅੰਦਰੂਨੀ ਰਿਪੋਰਟਾਂ ਵਿਚ ਵਾਧੇ ਦਾ ਜ਼ਿਕਰ ਕੀਤਾ ਗਿਆ ਹੈ।