ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ਵਿਚ ਦਾਖਲ

ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਅਤੇ ਛੋਟੇ ਕਾਰੋਬਾਰੀਆਂ ਦੇ ਨਾਲ- ਨਾਲ ਖੈਰਾਤੀ ਸੰਸਥਾਵਾਂ ਵੀ ਚਿੰਤਤ ਹਨ ਜਿਨ੍ਹਾਂ ਨੂੰ ਡਾਕ ਰਾਹੀਂ ਆਰਥਿਕ ਸਹਾਇਤਾ ਦੇ ਚੈੱਕ ਪੁੱਜਦੇ ਹਨ।;

Update: 2024-11-18 12:41 GMT

ਟੋਰਾਂਟੋ, 18 ਨਵੰਬਰ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਅਤੇ ਛੋਟੇ ਕਾਰੋਬਾਰੀਆਂ ਦੇ ਨਾਲ- ਨਾਲ ਖੈਰਾਤੀ ਸੰਸਥਾਵਾਂ ਵੀ ਚਿੰਤਤ ਹਨ ਜਿਨ੍ਹਾਂ ਨੂੰ ਡਾਕ ਰਾਹੀਂ ਆਰਥਿਕ ਸਹਾਇਤਾ ਦੇ ਚੈੱਕ ਪੁੱਜਦੇ ਹਨ। 2011 ਵਿਚ ਹੋਈ ਹੜਤਾਲ ਵੇਲੇ ਦੋ ਹਫ਼ਤੇ ਕੰਮਕਾਜ ਠੱਪ ਰਿਹਾ ਅਤੇ ਸਟੀਫ਼ਨ ਹਾਰਪਰ ਸਰਕਾਰ ਨੂੰ ਬੈਕ ਟੂ ਵਰਕ ਕਾਨੂੰਨ ਰਾਹੀਂ ਹੜਤਾਲ ਖਤਮ ਕਰਵਾਉਣੀ ਪਈ। 2018 ਵਿਚ ਟਰੂਡੋ ਸਰਕਾਰ ਨੇ ਵੀ ਬੈਕ ਟੂ ਵਰਕ ਕਾਨੂੰਨ ਰਾਹੀਂ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਨੂੰ ਕੰਮ ’ਤੇ ਸੱਦਿਆ। ਵੈਨਕੂਵਰ ਦੇ ਯੂਨੀਅਨ ਗੌਸਪਲ ਮਿਸ਼ਨ ਦੀ ਤਰਜਮਾਨ ਨਿਕੋਲ ਮੂਚੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੂੰ ਮਿਲਣ ਵਾਲੇ ਦਾਨ ਦਾ ਅੱਧਾ ਹਿੱਸਾ ਥੈਂਕਸਗਿਵਿੰਗ ਅਤੇ ਕ੍ਰਿਸਮਸ ਦੇ ਦਰਮਿਆਨ ਆਉਂਦਾ ਹੈ ਪਰ ਇਸ ਵਾਰ ਡਾਕ ਮੁਲਾਜ਼ਮਾਂ ਦੀ ਹੜਤਾਲ ਚਿੰਤਾਵਾਂ ਵਧਾ ਰਹੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਦਾਨੀ ਸੱਜਣ ਡਾਕ ਰਾਹੀਂ ਚੈੱਕ ਭੇਜਦੇ ਹਨ।

ਖੈਰਾਤੀ ਸੰਸਥਾਵਾਂ ਅਤੇ ਛੋਟੇ ਕਾਰੋਬਾਰੀ ਬੇਹੰਦ ਚਿੰਤਤ

ਇਸੇ ਦੌਰਾਨ ਬਲੈਂਕਟ ਬੀ.ਸੀ. ਸੋਸਾਇਟੀ ਨੇ ਕਿਹਾ ਕਿ ਸਿਆਲ ਵਿਚ ਲੋਕਾਂ ਦੀ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੀ ਜ਼ਰੂਰਤ ਹੈ ਅਤੇ ਹੜਤਾਲ ਕਾਰਨ ਉਹ ਆਰਥਿਕ ਸਹਾਇਤਾ ਭੇਜਣ ਦੇ ਸਮਰੱਥ ਨਹੀਂ। ਆਮ ਤੌਰ ’ਤੇ ਜਥੇਬੰਦੀ ਵੱਲੋਂ ਦਸੰਬਰ ਦੇ ਅੰਤ ਤੱਕ 5 ਹਜ਼ਾਰ ਤੋਂ 8 ਹਜ਼ਾਰ ਕੰਬਲ ਵੰਡ ਦਿਤੇ ਜਾਂਦੇ ਹਨ ਪਰ ਜੇ ਹੜਤਾਲ ਲੰਮਾ ਸਮਾਂ ਜਾਰੀ ਰਹੀ ਤਾਂ ਗਿਣਤੀ ਲਾਜ਼ਮੀ ਤੌਰ ’ਤੇ ਪ੍ਰਭਾਵਤ ਹੋਵੇਗੀ। ਖੈਰਾਤੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਸੱਦਾ ਦਿਤਾ ਜਾ ਰਿਹਾ ਹੈ ਕਿ ਹੜਤਾਲ ਦੇ ਬਾਵਜੂਦ ਉਹ ਦਾਨ ਦੇਣ ਦਾ ਸਿਲਸਿਲਾ ਜਾਰੀ ਰੱਖਣ। ਉਧਰ ਕਿਰਤ ਮੰਤਰੀ ਸਟੀਵਨ ਮੈਕਿਨਨ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਇਕ ਪੋਸਟ ਸਾਂਝੀ ਕਰਦਿਆਂ ਪੀਟਰ ਸਿੰਪਸਨ ਨੂੰ ਦੋਹਾਂ ਧਿਰਾਂ ਵਿਚਾਲੇ ਵਾਰਤਾਕਾਰ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਜਲਦ ਹੀ ਦੋਹਾਂ ਧਿਰਾਂ ਦੇ ਨੁਮਾਇੰਦੇ ਗੱਲਬਾਤ ਦੀ ਮੇਜ਼ ’ਤੇ ਆਹਮੋ ਸਾਹਮਣੇ ਆ ਸਕਦੇ ਹਨ। ਕਿਰਤ ਮੰਤਰੀ ਨੇ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਡਾਕ ਸੇਵਾਵਾਂ ਦੀ ਜ਼ਰੂਰਤ ਹੈ ਅਤੇ ਯੂਨੀਅਨ ਨੂੰ ਜਲਦ ਤੋਂ ਜਲਦ ਕਿਸੇ ਸਮਝੌਤੇ ’ਤੇ ਪੁੱਜ ਜਾਣਾ ਚਾਹੀਦਾ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਦੇ ਮੈਂਬਰ ਸ਼ੁੱਕਰਵਾਰ ਤੋਂ ਹੜਤਾਲ ’ਤੇ ਹਨ। ਯੂਨੀਅਨ ਦੀ ਦਲੀਲ ਹੈ ਕਿ ਉਨ੍ਹਾਂ ਕੋਲ ਹੜਤਾਲ ਤੋਂ ਸਿਵਾਏ ਕੋਈ ਚਾਰਾ ਬਾਕੀ ਹੀ ਨਹੀਂ ਸੀ ਬਚਿਆ ਜਦਕਿ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀਆਂ ਜ਼ਿਆਦਾਤਰ ਮੰਗਾਂ ਬਾਰੇ ਸਹਿਮਤੀ ਦਿਤੀ ਜਾ ਚੁੱਕੀ ਸੀ।

Tags:    

Similar News