ਕੈਨੇਡਾ : ਜਬਰੀ ਵਸੂਲੀ ਦੇ ਮਾਮਲੇ ਰੋਕਣ ਲਈ ਪੌਇਲੀਐਵ ਨੇ ਪੇਸ਼ ਕੀਤੀ ਯੋਜਨਾ

ਕੈਨੇਡਾ ਵਿਚ ਨਿਤ ਚਲਦੀਆਂ ਗੋਲੀਆਂ ਅਤੇ ਜਬਰੀ ਵਸੂਲੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਇਕ ਕਾਰਜ ਯੋਜਨਾ ਪੇਸ਼ ਕੀਤੀ ਗਈ ਹੈ

Update: 2025-08-21 12:23 GMT

ਔਟਵਾ : ਕੈਨੇਡਾ ਵਿਚ ਨਿਤ ਚਲਦੀਆਂ ਗੋਲੀਆਂ ਅਤੇ ਜਬਰੀ ਵਸੂਲੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਇਕ ਕਾਰਜ ਯੋਜਨਾ ਪੇਸ਼ ਕੀਤੀ ਗਈ ਹੈ। ਹਾਲ ਹੀ ਵਿਚ ਜ਼ਿਮਨੀ ਚੋਣ ਜਿੱਤਣ ਵਾਲੇ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਲਿਬਰਲ ਪਾਰਟੀ ਦੇ ਸੱਤਾ ਵਿਚ ਆਉਣ ਮਗਰੋਂ ਹਿੰਸਕ ਘਟਨਾਵਾਂ ਵਿਚ 54 ਫੀ ਸਦੀ ਵਾਧਾ ਹੋਇਆ ਜਦਕਿ ਸੈਕਸ਼ੁਅਲ ਅਸਾਲਟ ਦੇ ਮਾਮਲੇ 75 ਫੀ ਸਦੀ ਵਧ ਗਏ।

ਲਾਰੈਂਸ ਬਿਸ਼ਨੋਈ ਗਿਰੋਹ ’ਤੇ ਲੱਗੇਗੀ ਪਾਬੰਦੀ

ਜਬਰੀ ਵਸੂਲੀ ਦਾ ਜ਼ਿਕਰ ਕੀਤਾ ਜਾਵੇ ਤਾਂ ਬਰੈਂਪਟਨ, ਸਰੀ, ਵੈਨਕੂਵਰ ਅਤੇ ਕੈਲਗਰੀ ਵਰਗੇ ਸ਼ਹਿਰਾਂ ਵਿਚ ਇਨ੍ਹਾਂ ਦੀ ਗਿਣਤੀ 330 ਫੀ ਸਦੀ ਵਧ ਚੁੱਕੀ ਹੈ ਅਤੇ ਕਾਰੋਬਾਰੀ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵਾਲੇ ਡਰ ਦੇ ਪਰਛਾਵੇਂ ਹੇਠ ਦਿਨ ਕੱਟ ਰਹੇ ਹਨ ਜਿਸ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਗਿਰੋਹ ਵਰਗੇ ਧੜਿਆਂ ਨੂੰ ਅਤਿਵਾਦੀ ਜਥੇਬੰਦੀ ਐਲਾਨਦਿਆਂ ਪਾਬੰਦੀ ਲੱਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਘੱਟੋ ਘੱਟ 3 ਸਾਲ ਜੇਲ, ਪਸਤੌਲ ਦੀ ਸ਼ਮੂਲੀਅਤ ਹੋਣ ’ਤੇ ਚਾਰ ਸਾਲ ਦੀ ਕੈਦ ਅਤੇ ਗਿਰੋਹਾਂ ਨਾਲ ਸਬੰਤ ਹੋਣ ’ਤੇ ਪੰਜ ਸਾਲ ਦੀ ਜੇਲ ਹੋਣੀ ਚਾਹੀਦੀ ਹੈ। ਪੌਇਲੀਐਵ ਦਾ ਕਹਿਣਾ ਸੀ ਕਿ ਸੀ-5 ਅਤੇ ਸੀ-75 ਵਰਗੇ ਕਾਨੂੰਨ ਤੁਰਤ ਰੱਦ ਕਰਦਿਆਂ ਅਪਰਾਧੀਆਂ ਦੀ ਜ਼ਮਾਨਤ ਬੰਦ ਕਰਨੀ ਚਾਹੀਦੀ ਹੈ।

ਅਪਰਾਧੀਆਂ ਨੂੰ ਨਹੀਂ ਮਿਲ ਸਕੇਗੀ ਜ਼ਮਾਨਤ

ਉਨ੍ਹਾਂ ਦਲੀਲ ਦਿਤੀ ਕਿ ਕੰਜ਼ਰਵੇਟਿਵ ਪਾਰਟੀ ਲੰਮੇ ਸਮੇਂ ਤੋਂ ਧਮਕੀਆਂ ਦਾ ਮੁੱਦਾ ਉਠਾਉਂਦੀ ਆਈ ਹੈ ਪਰ ਲਿਬਰਲ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਪਿਅਰੇ ਪੌਇਲੀਐਵ ਨੇ ਦੱਸਿਆ ਕਿ ਟਿਮ ਉਪਲ ਵੱਲੋਂ ਬਿਲ ਸੀ-381 ਪੇਸ਼ ਕੀਤਾ ਗਿਆ ਜੋ ਐਕਸਟੌਰਸ਼ਨ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੀ ਵਕਾਲਤ ਕਰਦਾ ਹੈ ਪਰ ਲਿਬਰਲ ਪਾਰਟੀ ਨੇ ਬੇਹੱਦ ਸ਼ਰਮਨਾਕ ਤਰੀਕੇ ਨਾਲ ਬਿਲ ਰੱਦ ਕਰ ਦਿਤਾ। ਟੋਰੀ ਆਗੂ ਨੇ ਅੰਤ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਦਾ ਸਾਥ ਦੇਣ ਵਾਸਤੇ ਤਿਆਰ ਹੈ ਬਾਸ਼ਰਤੇ ਮੁਲਕ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਲਈ ਕਦਮ ਉਠਾਏ ਜਾਣ।

Tags:    

Similar News