ਕੈਨੇਡਾ : ਲੋਕਾਂ ਨੇ ਟਰੂਡੋ ਦਾ ਗੁੱਸਾ ਜਗਮੀਤ ਸਿੰਘ ’ਤੇ ਕੱਢਿਆ
ਕੈਨੇਡੀਅਨ ਸੰਸਦ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਕੁਝ ਮੁਜ਼ਾਹਰਾਕਾਰੀ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੇ ਪਿੱਛੇ ਪੈ ਗਏ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਭ੍ਰਿਸ਼ਟਾਚਾਰੀ ਕਹਿਣ ਲੱਗੇ।;
ਔਟਵਾ : ਕੈਨੇਡੀਅਨ ਸੰਸਦ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਕੁਝ ਮੁਜ਼ਾਹਰਾਕਾਰੀ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੇ ਪਿੱਛੇ ਪੈ ਗਏ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਭ੍ਰਿਸ਼ਟਾਚਾਰੀ ਕਹਿਣ ਲੱਗੇ। ਜਗਮੀਤ ਸਿੰਘ ਨੇ ਮੁਜ਼ਾਹਰਾਕਾਰੀਆਂ ਦਾ ਟਾਕਰਾ ਕੀਤਾ ਤਾਂ ਉਨ੍ਹਾਂ ਦੀ ਸੁਰ ਨਰਮ ਹੋ ਗਈ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੋਣ ਤੋਂ ਸਾਫ਼ ਮੁੱਕਰ ਗਏ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੈਨੇਡੀਅਨ ਸੰਸਦ ਦੀ ਪਾਰਕਿੰਗ ਵਿਚੋਂ ਬਾਹਰ ਆ ਰਹੇ ਜਗਮੀਤ ਸਿੰਘ ਦਾ ਪਿੱਛਾ ਹੋਣ ਲਗਦਾ ਹੈ ਅਤੇ ਘੱਟੋ ਘੱਟ ਦੋ ਜਣੇ ‘ਭ੍ਰਿਸ਼ਟਾਚਾਰ-ਭ੍ਰਿਸ਼ਟਾਚਾਰੀ’ ਕਹਿੰਦੇ ਹੋਏ ਐਨ.ਡੀ.ਪੀ. ਆਗੂ ਦੇ ਪਿੱਛੇ ਜਾਣ ਲਗਦੇ ਹਨ। ਦੋਹਾਂ ਵਿਚੋਂ ਇਕ ਜਗਮੀਤ ਸਿੰਘ ਨੂੰ ਸਵਾਲ ਕਰਦਾ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਵਿਰੁੱਧ ਬੇਵਿਸਾਹੀ ਮਤਾ ਆਉਣ ’ਤੇ ਕੀ ਉਹ ਮਤੇ ਦੀ ਹਮਾਇਤ ਕਰਨਗੇ।
ਮੁਜ਼ਾਹਰਾਕਾਰੀਆਂ ਨਾਲ ਭਿੜ ਗਿਆ ਇਕੱਲਾ ਸਿੱਖ ਆਗੂ
ਇਸੇ ਦੌਰਾਨ ਜਗਮੀਤ ਸਿੰਘ ਮੁਜ਼ਾਹਰਕਾਰੀਆਂ ਵੱਲ ਮੁੜਦੇ ਹੋਏ ਦਬਕਾ ਮਾਰਦੇ ਹਨ ਕਿ ਕੌਣ ਗਲਤ ਬੋਲ ਰਿਹਾ ਹੈ। ਜਗਮੀਤ ਸਿੰਘ ਉਨ੍ਹਾਂ ਨੂੰ ਡਰਪੋਕ ਵੀ ਕਹਿੰਦੇ ਹਨ ਜੋ ਮੂੰਹ ’ਤੇ ਗੱਲ ਕਰਨ ਤੋਂ ਡਰ ਗਏ। ਜਿਉਂ ਹੀ ਜਗਮੀਤ ਸਿੰਘ ਸੰਸਦ ਵੱਲ ਮੁੜਦੇ ਹਨ ਤਾਂ ਇਕ ਵਿਖਾਵਾਕਾਰੀ ਸਵਾਲ ਕਰਦਾ ਹੈ ਕਿ ਕੀ ਇਸੇ ਗੁੱਸੇ ਕਰ ਕੇ ਤੁਸੀਂ ਰੂਸ ਨਾਲ ਜੰਗ ਦਾ ਰਾਹ ਚੁਣਿਆ? ਜਗਮੀਤ ਸਿੰਘ ਨੇ ਇਸ ਘਟਨਾ ਬਾਰੇ ਐਕਸ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵੇਲੇ ਔਟਵਾ ਵਿਚ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਗੁੰਡਾਗਰਦ ਤਾਕਤਾਂ ਉਨ੍ਹਾਂ ਕੈਨੇਡੀਅਨ ਨੂੰ ਤੰਗ ਪ੍ਰੇਸ਼ਾਨ ਕਰਦੀਆਂ ਹਨ ਜੋ ਉਨ੍ਹਾਂ ਨਾਲ ਸਹਿਮਤ ਨਹੀਂ ਹੁੰਦੇ। ਮੂਲ ਬਾਸ਼ਿੰਦਿਆਂ ਨਾਲ ਸਬੰਧਤ ਇਕ ਔਰਤ ਨੂੰ ਨਾਜ਼ੀ ਦੱਸਿਆ ਜਾਂਦਾ ਹੈ ਅਤੇ ਪੱਤਰਕਾਰਾਂ ਬਾਰੇ ਫਿਕਰੇ ਕਸੇ ਜਾ ਰਹੇ ਹਨ। ਸ਼ਾਇਦ ਪਿਅਰੇ ਪੌਇਲੀਐਵ ਅਜਿਹਾ ਮੁਲਕ ਚਾਹੁੰਦੇ ਹਨ। ਜਗਮੀਤ ਸਿੰਘ ਨੇ ਅੱਗੇ ਕਿਹਾ ਕਿ ਗਲੀਆਂ ਵਿਚੋਂ ਲੰਘਦਿਆਂ ਹਰ ਇਕ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਸਿੱਖ ਚਿਹਰਾ ਹੋਣ ਕਰ ਕੇ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਕੈਨੇਡੀਅਨ ਸੰਸਦ ਦੇ ਬਾਹਰ ਹੋਈ ਗੁੰਡਾਗਰਦੀ
2022 ਵਿਚ ਉਨਟਾਰੀਓ ਦੇ ਪੀਟਰਬ੍ਰੋਅ ਵਿਖੇ ਭੜਕੀ ਭੀੜ ਵੱਲੋਂ ਉਨ੍ਹਾਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸੇ ਦੌਰਾਨ ਐਨ.ਡੀ.ਪੀ. ਦੇ ਬੁਲਾਰੇ ਨੇ ਕਿਹਾ ਕਿ ਕੈਨੇਡੀਅਨ ਸੰਸਦ ਦੇ ਬਾਹਰ ਇਕੱਤਰ ਹੋਏ ਵਿਖਾਵਾਕਾਰੀਆਂ ਵੱਲੋਂ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਾਰਟੀ ਦੇ ਐਮ.ਪੀ ਚਾਰਲੀ ਐਂਗਸ ਨੇ ਜਗਮੀਤ ਸਿੰਘ ਨਾਲ ਵਾਪਰੀ ਘਟਨਾ ਨੂੰ ਮੁਲਕ ਦੀ ਬਦਨਾਮੀ ਕਰਾਰ ਦਿਤਾ ਅਤੇ ਦੋਸ਼ ਲਾਇਆ ਕਿ ਸੁਰੱਖਿਆ ਮੁਲਾਜ਼ਮ ਖੜ੍ਹੇ ਤਮਾਸ਼ਾ ਵੇਖਦੇ ਰਹੇ ਜਦਕਿ ਖੁਦ ਨੂੰ ਬਚਾਉਣ ਲਈ ਇਕ ਕੌਮੀ ਆਗੂ ਨੂੰ ਖੁਦ ਮੈਦਾਨ ਵਿਚ ਨਿੱਤਰਨਾ ਪਿਆ। ਚੇਤੇ ਰਹੇ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਹਲਕਾ ਦਫ਼ਤਰ ਦੀਆਂ ਕੰਧਾਂ ’ਤੇ ਨਾ ਸਿਰਫ ਰੰਗ ਪੋਤਿਆ ਗਿਆ ਸਗੋਂ ‘ਮਾਰਕ ਮਿਲਰ, ਚਾਈਲਡ ਕਿਲਰ’ ਵਰਗੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ। ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਮੋਹਰੀ ਸਿਆਸਤਦਾਨਾਂ ਦੇ ਸੁਰੱਖਿਆ ਘੇਰੇ ਮਜ਼ਬੂਤ ਕੀਤੇ ਜਾਣ ਦੀ ਆਵਾਜ਼ ਉਠ ਰਹੀ ਹੈ। ਆਰ.ਸੀ.ਐਮ.ਪੀ. ਦੀ ਸਹਾਇਕ ਕਮਿਸ਼ਨਰ ਮਿਸ਼ੇਲ ਪੈਰਾਡੀਜ਼ ਨੇ ਦੱਸਿਆ ਕਿ 2018 ਮਗਰੋਂ ਐਮ.ਪੀਜ਼ ਦੀ ਸੁਰੱਖਿਆ ਵਧਾਉਣ ਦੀ ਮੰਗ ਕਰਦੀਆਂ ਅਰਜ਼ੀਆਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਹੈ।