ਟਰੰਪ ਦੇ ਦਬਕੇ ਨਾਲ ਘਬਰਾਇਆ ਕੈਨੇਡਾ
ਟਰੰਪ ਦੇ ਦਬਕੇ ਤੋਂ ਉਨਟਾਰੀਓ ਦੇ ਪ੍ਰੀਮੀਅਰ ਐਨੇ ਘਬਰਾਏ ਕਿ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ਉਤੇ ਲਾਇਆ 25 ਫੀ ਸਦੀ ਸਰਚਾਰਚ ਤੁਰਤ ਵਾਪਸ ਲੈਣ ਦਾ ਐਲਾਨ ਕਰ ਦਿਤਾ।;
ਟੋਰਾਂਟੋ/ਵਾਸ਼ਿੰਗਟਨ : ਟਰੰਪ ਦੇ ਦਬਕੇ ਤੋਂ ਉਨਟਾਰੀਓ ਦੇ ਪ੍ਰੀਮੀਅਰ ਐਨੇ ਘਬਰਾਏ ਕਿ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ਉਤੇ ਲਾਇਆ 25 ਫੀ ਸਦੀ ਸਰਚਾਰਚ ਤੁਰਤ ਵਾਪਸ ਲੈਣ ਦਾ ਐਲਾਨ ਕਰ ਦਿਤਾ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸਿੱਧੇ ਤੌਰ ’ਤੇ ਧਮਕੀ ਦਿਤੀ ਗਈ ਸੀ ਕਿ ਜੇ ਬਿਜਲੀ ਤੋਂ ਸਰਚਾਰਜ ਨਾ ਹਟਾਇਆ ਤਾਂ ਕੈਨੇਡੀਅਨ ਐਲੂਮੀਨਮ ਅਤੇ ਸਟੀਲ ਉਤੇ ਟੈਰਿਫਸ 25 ਫੀ ਸਦੀ ਤੋਂ ਵਧਾ ਕੇ 50 ਫੀ ਸਦੀ ਕਰ ਦਿਤੀਆਂ ਜਾਣਗੀਆਂ। ਦੋਹਾਂ ਮੁਲਕਾਂ ਦਰਮਿਆਨ ਟੈਰਿਫਸ ਦੇ ਮੁੱਦੇ ’ਤੇ ਪੈਦਾ ਹੋਈ ਤਲਖੀ ਮਗਰੋਂ ਇਹ ਪਹਿਲੀ ਵਾਰ ਹੈ ਜਦੋਂ ਕੁਝ ਘੰਟਿਆਂ ਦੇ ਅੰਦਰ ਫੈਸਲਾ ਬਦਲ ਦਿਤਾ ਗਿਆ ਹੋਵੇ। ਉਧਰ ਡਗ ਫ਼ੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਫਾਈ ਪੇਸ਼ ਕਰਨ ਦਾ ਯਤਨ ਕੀਤਾ ਅਤੇ ਕਿਹਾ ਕਿ ਅਮਰੀਕਾ ਦੇ ਵਣਜ ਮੰਤਰੀ ਹੌਵਰਡ ਲੂਟਨਿਕ ਨਾਲ ਉਨ੍ਹਾਂ ਦੀ ਵਿਸਤਾਰਤ ਗੱਲਬਾਤ ਹੋਈ।
ਬਿਜਲੀ ’ਤੇ ਲਾਇਆ ਸਰਚਾਰਜ ਲਿਆ ਵਾਪਸ
ਅਮਰੀਕਾ ਸਰਕਾਰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਕਿ ਕੈਨੇਡੀਅਨ ਸੂਬੇ ਵੀ ਪਿੱਛੇ ਨਹੀਂ ਹਟਣਗੇ ਜਿਸ ਦੇ ਮੱਦੇਨਜ਼ਰ ਮਾਹੌਲ ਸ਼ਾਂਤ ਰੱਖਣ ਦੇ ਯਤਨ ਆਰੰਭੇ ਗਏ। ਅਮਰੀਕਾ ਦੇ ਵਣਜ ਮੰਤਰੀ ਨਾਲ ਗੱਲਬਾਤ ਨੂੰ ਉਸਾਰੀ ਕਰਾਰ ਦਿੰਦਿਆਂ ਡਗ ਫੋਰਡ ਨੇ ਆਖਿਆ ਕਿ ਜਦੋਂ ਤੁਸੀਂ ਕਿਸੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਹੋਵੋਂ ਅਤੇ ਉਹ ਤੁਹਾਨੂੰ ਲੁਭਾਉਣ ਦਾ ਯਤਨ ਕਰੇ ਤਾਂ ਮਾਹੌਲ ਹਾਂਪੱਖੀ ਬਣਾਉਣ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਡਗ ਫੋਰਡ ਨੇ ਇਹ ਵੀ ਦੱਸਿਆ ਕਿ ਉਹ ਕੈਨੇਡਾ ਦੇ ਵਿੱਤ ਮੰਤਰੀ ਡੌਮੀਨਿਕ ਲਾਬਲੈਂਕ ਨਾਲ ਅਮਰੀਕਾ ਦੇ ਕਾਰੋਬਾਰੀ ਨੁਮਾਇੰਦਿਆਂ ਨੂੰ ਮਿਲ ਰਹੇ ਹਨ ਜਿਸ ਦੌਰਾਨ ਅਮਰੀਕਾ-ਮੈਕਸੀਕੋ-ਕੈਨੇਡਾ ਵਪਾਰ ਸੰਧੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਡਗ ਫੋਰਡ ਦਾ ਮੰਨਣਾ ਹੈ ਕਿ ਭਾਵੇਂ ਉਨ੍ਹਾਂ ਨੇ 25 ਫੀ ਸਦੀ ਸਰਚਾਰਜ ਵਾਪਸ ਲੈ ਲਿਆ ਪਰ ਅਮਰੀਕਾ ਵਾਸੀਆਂ ਦਾ ਧਿਆਨ ਜ਼ਰੂਰ ਖਿੱਚਿਆ। ਉਨ੍ਹਾਂ ਕਿਹਾ, ‘‘ਕਈ ਵਾਰ ਤੁਹਾਨੂੰ ਪੱਤੇ ਖੇਡਣੇ ਪੈਂਦੇ ਹਨ ਅਤੇ ਸਾਡੀ ਤਰਕੀਬ ਕੰਮ ਕਰ ਗਈ। ਹੁਣ ਅਸੀਂ ਗੁਆਂਢੀ ਮੁਲਕ ਦੇ ਨੁਮਾਇੰਦਿਆਂ ਨਾਲ ਕਾਰੋਬਾਰੀ ਔਕੜਾਂ ਨੂੰ ਵਧੇਰੇ ਕਾਰਗਰ ਤਰੀਕੇ ਨਾਲ ਹੱਲ ਕਰ ਸਕਦੇ ਹਾਂ। ਇਥੇ ਦਸਣਾ ਬਣਦਾ ਹੈ ਕਿ ਨਿਊ ਯਾਰਕ, ਮਿਸ਼ੀਗਨ ਅਤੇ ਮਿਨੇਸੋਟਾ ਰਾਜਾਂ ਨੂੰ ਜਾ ਰਹੀ ਬਿਜਲੀ ਉਤੇ 25 ਫੀ ਸਦੀ ਸਰਚਾਰਜ ਨਾਲ ਉਨਟਾਰੀਓ ਸਰਕਾਰ ਨੂੰ ਰੋਜ਼ਾਨਾ 3 ਲੱਖ ਡਾਲਰ ਤੋਂ 4 ਲੱਖ ਡਾਲਰ ਦੀ ਵਾਧੂ ਕਮਾਈ ਹੋਣੀ ਸੀ।
ਕੈਨੇਡਾ ਵਿਚ ਕਾਰਾਂ ਦੇ ਕਾਰਖਾਨੇ ਬੰਦ ਕਰਵਾਉਣ ’ਤੇ ਤੁਲੇ ਟਰੰਪ
ਜਿਉਂ ਹੀ ਡਗ ਫ਼ੋਰਡ ਨੇ ਬਿਜਲੀ ਸਰਚਾਰਜ ਹਟਾਉਣ ਦਾ ਐਲਾਨ ਕੀਤਾ ਤਾਂ ਡੌਨਲਡ ਟਰੰਪ ਨੇ ਬਿਆਨ ਜਾਰੀ ਕਰ ਦਿਤਾ ਕਿ ਉਹ ਕੈਨੇਡਾ ਉਤੇ ਲਾਗੂ ਟੈਰਿਫਸ ਘਟਾ ਸਕਦੇ ਹਨ। ਟਰੰਪ ਨੇ ਡਗ ਫੋਰਡ ਨੂੰ ਇਕ ਮਜ਼ਬੂਤ ਇਨਸਾਨ ਦਸਦਿਆਂ ਕਿਹਾ ਕਿ ਜੇ ਉਨਟਾਰੀਓ ਦੇ ਪ੍ਰੀਮੀਅਰ ਬਿਜਲੀ ਸਰਚਾਰਜ ਵਾਪਸ ਨਾ ਲੈਂਦੇ ਤਾਂ ਕੈਨੇਡਾ ਨੂੰ ਹੋਰ ਬਹੁਤ ਕੁਝ ਭੁਗਤਣਾ ਪੈਣਾ ਸੀ। ਦੱਸ ਦੇਈਏ ਕਿ ਟਰੰਪ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦਿਆਂ ਸਵਾਲ ਉਠਾਇਆ ਸੀ ਕਿ ਅਮਰੀਕਾ ਨੂੰ ਹੋਰਨਾਂ ਮੁਲਕਾਂ ਤੋਂ ਬਿਜਲੀ ਲੈਣ ਦੀ ਜ਼ਰੂਰਤ ਕਿਉਂ ਹੈ? ਇਹ ਫੈਸਲਾ ਕਿਸ ਨੇ ਲਿਆ? ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੈਨੇਡਾ ਬਿਜਲੀ ਸਪਲਾਈ ਬੰਦ ਕਰ ਦੇਵੇ ਤਾਂ ਅਮਰੀਕਾ ਦੇ ਮਾਸੂਮ ਲੋਕਾਂ ਉਤੇ ਕਿੰਨਾ ਮਾੜਾ ਅਸਰ ਪੈ ਸਕਦਾ ਹੈ। ਟਰੰਪ ਨੇ ਬਿਜਲੀ ਕਿੱਲਤ ਪੈਦਾ ਹੋਣ ਦੀ ਸੂਰਤ ਵਿਚ ਕੌਮੀ ਐਮਰਜੰਸੀ ਐਲਾਨਣ ਦਾ ਜ਼ਿਕਰ ਵੀ ਕੀਤਾ ਅਤੇ ਅੱਗੇ ਲਿਖਿਆ ਕਿ ਜੇ ਗੁਆਂਢੀ ਮੁਲਕ ਨੇ ਲੰਮੇ ਸਮੇਂ ਤੋਂ ਵਸੂਲੀਆਂ ਜਾ ਰਹੀਆਂ ਗੈਰਜ਼ੂਰੀ ਟੈਰਿਫਸ ਨਾ ਹਟਾਈਆਂ ਤਾਂ 2 ਅਪ੍ਰੈਲ ਤੋਂ ਕਾਰਾਂ ਉਤੇ ਐਨਾ ਟੈਕਸ ਲਾ ਦੇਣਗੇ ਕਿ ਕੈਨੇਡਾ ਵਿਚ ਕਾਰਾਂ ਤਿਆਰ ਕਰਨ ਵਾਲੇ ਪਲਾਂਟ ਬੰਦ ਹੀ ਹੋ ਜਾਣਗੇ।