ਕੈਨੇਡਾ : ਪੰਜਾਬੀ ਗੈਂਗਸਟਰ ’ਤੇ ਗੋਲੀ ਚਲਾਉਣ ਵਾਲੇ ਨੇ ਕਬੂਲਿਆ ਗੁਨਾਹ
ਕੈਨੇਡਾ ਵਿਚ ਪੰਜਾਬੀ ਗੈਂਗਸਟਰ ਦੇ ਕਤਲ ਤੋਂ 14 ਸਾਲ ਬਾਅਦ ਵੁਲਫ਼ਪੈਕ ਗੈਂਗ ਦੇ ਹਿਟਮੈਨ ਡੀਨ ਵਿਵਚਰ ਨੇ ਕਬੂਲ ਕਰ ਲਿਆ ਹੈ ਕਿ ਗੋਲੀਆਂ ਉਸ ਨੇ ਚਲਾਈਆਂ ਸਨ
ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਗੈਂਗਸਟਰ ਦੇ ਕਤਲ ਤੋਂ 14 ਸਾਲ ਬਾਅਦ ਵੁਲਫ਼ਪੈਕ ਗੈਂਗ ਦੇ ਹਿਟਮੈਨ ਡੀਨ ਵਿਵਚਰ ਨੇ ਕਬੂਲ ਕਰ ਲਿਆ ਹੈ ਕਿ ਗੋਲੀਆਂ ਉਸ ਨੇ ਚਲਾਈਆਂ ਸਨ। ਸੰਦੀਪ ਦੂਹੜੇ ਕਤਲਕਾਂਡ ਦੀ ਸਾਜ਼ਿਸ਼ ਘੜਨ ਤੋਂ ਇਲਾਵਾ ਡੀਨ ਵਿਵਚਰ ਨੇ ਇਕ ਹੋਰ ਪੰਜਾਬੀ ਗੈਂਗਸਟਰ ਸੁਖਵੀਰ ਢੱਕ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਕਬੂਲਨਾਮਾ ਵੀ ਬੀ.ਸੀ. ਦੀ ਸੁਪਰੀਮ ਕੋਰਟ ਵਿਚ ਦਾਖਲ ਕਰ ਦਿਤਾ। ਵਿਵਚਰ ਵਿਰੁੱਧ ਸੰਦੀਪ ਦੂਹੜੇ ਕਤਲ ਮਾਮਲੇ ਵਿਚ ਪਹਿਲੇ ਦਰਜੇ ਦੇ ਹੱਤਿਆ ਦੇ ਦੋਸ਼ ਲੱਗੇ ਸਨ ਪਰ ਨਵੇਂ ਦੋਸ਼ ਪੱਤਰ ਵਿਚ ਦੋ ਕਤਲਾਂ ਦੀ ਸਾਜ਼ਿਸ਼ ਘੜਨ ਦਾ ਜ਼ਿਕਰ ਕੀਤਾ ਗਿਆ ਹੈ। ਜਸਟਿਸ ਕੈਥਲੀਨ ਕਰ ਨੇ ਵਿਵਚਰ ਨੂੰ ਸਵਾਲ ਕੀਤਾ ਕਿ ਕੀ ਉਸ ਨੇ ਇਹ ਫੈਸਲਾ ਬਗੈਰ ਕਿਸੇ ਦਬਾਅ ਤੋਂ ਲਿਆ ਹੈ ਤਾਂ ਵਿਵਚਰ ਨੇ ਹਾਂ ਵਿਚ ਜਵਾਬ ਦਿਤਾ।
14 ਸਾਲ ਪਹਿਲਾਂ ਹੋਇਆ ਸੀ ਸੰਦੀਪ ਦੂਹੜੇ ਦਾ ਕਤਲ
ਜਸਟਿਸ ਕਰ ਨੇ ਵਿਵਚਰ ਨੂੰ ਸਪੱਸ਼ਟ ਲਫ਼ਜ਼ਾਂ ਵਿਚ ਦੱਸ ਦਿਤਾ ਕਿ ਉਹ ਸਰਕਾਰੀ ਵਕੀਲਾਂ ਵੱਲੋਂ ਸਜ਼ਾ ਦੀ ਮਿਆਦ ਤੈਅ ਕਰਨ ਬਾਰੇ ਦਿਤਾ ਸੁਝਾਅ ਮੰਨਣ ਦੇ ਪਾਬੰਦ ਨਹੀਂ। ਦੂਜੇ ਪਾਸੇ ਸਰਕਾਰੀ ਵਕੀਲ ਮਾਰਕ ਸ਼ਿਅਰਡਾਊਨ ਨੇ ਅਦਾਲਤ ਨੂੰ ਦੱਸਿਆ ਕਿ ਸੰਦੀਪ ਦੂਹੜੇ ਕਤਲਕਾਂਡ ਦੀ ਸਾਜ਼ਿਸ਼ ਘੜਨ ਵਾਲਿਆਂ ਵਿਚ ਵਿਵਚਰ ਵੀ ਸ਼ਾਮਲ ਸੀ ਅਤੇ ਉਸ ਨੂੰ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਦਿਤੀ ਗਈ ਜਿਸ ਮਗਰੋਂ 17 ਜਨਵਰੀ 2012 ਨੂੰ ਸ਼ੈਰੇਟਨ ਵਾਲ ਸੈਂਟਰ ਵਿਖੇ ਸੰਦੀਪ ਦੂਹੜੇ ਦਾ ਕਤਲ ਕੀਤਾ ਗਿਆ। ਸ਼ਿਅਰਡਾਊਨ ਨੇ ਅੱਗੇ ਦੱਸਿਆ ਕਿ ਅਗਸਤ 2011 ਤੋਂ ਅਗਸਤ 2012 ਦਰਮਿਆਨ ਸੁਖਵੀਰ ਢੱਕ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਗਿਰੋਹ ਦਾ ਵੀ ਵਿਵਚਰ ਮੈਂਬਰ ਸੀ। ਸੁਖਵੀਰ ਢੱਕ ਦਾ ਕਤਲ ਨਵੰਬਰ 2012 ਵਿਚ ਬਰਨਬੀ ਦੇ ਇਕ ਹੋਟਲ ਵਿਚ ਕੀਤਾ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸੰਦੀਪ ਦੂਹੜੇ ਅਤੇ ਸੁਖਵੀਰ ਢੱਕ ਦੇ ਯੂਨਾਈਟਡ ਨੇਸ਼ਨਜ਼ ਗਿਰੋਹ ਨਾਲ ਸਬੰਧਾਂ ਕਰ ਕੇ ਵੁਲਫ਼ਪੈਕ ਗਿਰੋਹ ਦੋਹਾਂ ਦਾ ਕਤਲ ਕਰਨਾ ਚਾਹੁੰਦਾ ਸੀ। ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਗੈਂਗਸਟਰਾਂ ਨੇ ਹੀ ਅਗਸਤ 2011 ਵਿਚ ਜੌਨਾਥਨ ਬੈਕਨ ਦੀ ਹੱਤਿਆ ਕੀਤਾ ਸੀ।
ਸੁਖਵੀਰ ਢੱਕ ਦੀ ਹੱਤਿਆ ਵਿਚ ਵੀ ਸ਼ਾਮਲ ਰਿਹਾ ਡੀਨ ਵਿਵਚਰ
ਦੱਸ ਦੇਈਏ ਕਿ ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਤੋਂ ਫ਼ਰਾਰ ਹੋਏ ਰੱਬ ਅਲਖਲੀਲ ਨੂੰ ਬੀ.ਸੀ. ਦੀ ਸੁਪਰੀਮ ਕੋਰਟ ਵੱਲੋ ਸੰਦੀਪ ਦੂਹੜੇ ਅਤੇ ਸੁਖਵੀਰ ਢੱਕ ਦੇ ਕਤਲਾਂ ਦੀ ਸਾਜ਼ਿਸ਼ ਘੜਨ ਦਾ ਦੋਸ਼ੀ ਕਰਾਰ ਦਿਤਾ ਜਾ ਚੁੱਕਾ ਹੈ। ਸਿਰਫ਼ ਐਨਾ ਹੀ ਨਹੀਂ, ਟੋਰਾਂਟੋ ਦੀ ਕੌਫ਼ੀ ਸ਼ੌਪ ਵਿਚ ਹੋਏ ਕਤਲ ਦੇ ਦੋਸ਼ ਹੇਠ ਰੱਬੀ ਅਲਖਲੀਲ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਕਿਊਬੈਕ ਦੀ ਇਕ ਅਦਾਲਤ ਵੱਲੋਂ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਅੱਠ ਸਾਲ ਦੀ ਸਜ਼ਾ ਸੁਣਾਈ ਗਈ। 30 ਅਗਸਤ 2022 ਨੂੰ ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਤੋਂ ਫਰਾਰ ਹੋਣ ਮਗਰੋਂ ਜਿਊਰੀ ਨੇ ਉਸ ਨੂੰ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿਤਾ। ਚੇਤੇ ਰਹੇ ਕਿ ਕਿਸੇ ਵੇਲੇ ਕੈਨੇਡੀਅਨ ਗੈਂਗਲੈਂਡ ਵਿਚ ਮੁੱਖ ਟਕਰਾਅ ਯੂਨਾਈਟਡ ਨੇਸ਼ਨਜ਼ ਗਿਰੋਹ ਅਤੇ ਸੁਖਵੀਰ ਢੱਕ ਤੇ ਸੰਦੀਪ ਦੂਹਰੇ ਦੇ ਸਾਥੀਆਂ ਦਰਮਿਆਨ ਸੀ। ਰੈਡ ਸਕੌਰਪੀਅਨ ਗਿਰੋਹ ਦੇ ਆਗੂ ਜੌਨਾਥਨ ਬੈਕਨ ਦਾ ਕਤਲ ਹੋਇਆ ਜਦਕਿ ਅਲਖਲੀਲ ਦੇ ਤਿੰਨ ਭਰਾ ਵੀ ਗਿਰੋਹਾਂ ਦੀ ਲੜਾਈ ਦੌਰਾਨ ਮਾਰੇ ਗਏ। ਨਬੀਲ ਅਲਖਲੀਲ ਦਾ ਕਤਲ 2018 ਵਿਚ ਮੈਕਸੀਕੋ ਸਿਟੀ ਵਿਚ ਹੋਇਆ ਜਦਕਿ ਖਲੀਲ ਅਲਖਲੀਲ ਨੂੰ ਸਰੀ ਵਿਖੇ ਮਾਰ ਕਰ ਦਿਤਾ ਗਿਆ। ਇਸ ਤੋਂ ਇਲਾਵਾ ਮੁਹੰਮਦ ਅਲਖਲੀਲ ਦਾ ਕਤਲ 2003 ਵਿਚ ਵੈਨਕੂਵਰ ਦੇ ਇਕ ਨਾਈਟ ਕਲੱਬ ਵਿਚ ਕੀਤਾ ਗਿਆ।