ਕੈਨੇਡਾ : ਭਾਰਤੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਣ ਵਾਲਾ ਕਾਬੂ
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਉਤੇ ਗੋਲੀਆਂ ਚਲਾਉਣ ਮਗਰੋਂ ਕਥਿਤ ਤੌਰ ’ਤੇ ਫਰਾਰ ਹੋਏ ਅਰਜੁਨ ਸਾਹਨਨ ਨੂੰ ਆਪਣੇ ਜੱਦੀ ਮੁਲਕ ਦੀ ਆਬ-ਓ-ਹਵਾ ਪਸੰਦ ਨਾ ਆਈ ਅਤੇ ਸਜ਼ਾ ਯਕੀਨੀ ਹੋਣ ਦੀ ਪਰਵਾਹ ਨਾ ਕਰਦਿਆਂ ਵਾਪਸ ਆ ਗਿਆ
ਐਡਮਿੰਟਨ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਉਤੇ ਗੋਲੀਆਂ ਚਲਾਉਣ ਮਗਰੋਂ ਕਥਿਤ ਤੌਰ ’ਤੇ ਫਰਾਰ ਹੋਏ ਅਰਜੁਨ ਸਾਹਨਨ ਨੂੰ ਆਪਣੇ ਜੱਦੀ ਮੁਲਕ ਦੀ ਆਬ-ਓ-ਹਵਾ ਪਸੰਦ ਨਾ ਆਈ ਅਤੇ ਸਜ਼ਾ ਯਕੀਨੀ ਹੋਣ ਦੀ ਪਰਵਾਹ ਨਾ ਕਰਦਿਆਂ ਵਾਪਸ ਆ ਗਿਆ ਜਿਸ ਨੂੰ ਐਡਮਿੰਟਨ ਹਵਾਈ ਅੱਡੇ ’ਤੇ ਪੁਲਿਸ ਨੇ ਕਾਬੂ ਕਰ ਕੇ ਜੇਲ ਵਿਚ ਸੁੱਟ ਦਿਤਾ। ਦੂਜੇ ਪਾਸੇ ਐਡਮਿੰਟਨ ਵਿਚ ਹੀ ਭਾਰਤੀ ਔਰਤ ਦਾ ਉਸ ਦੇ ਪਤੀ ਅਤੇ ਜੇਠ ਨੇ ਰਲ ਕੇ ਕਥਿਤ ਤੌਰ ’ਤੇ ਕਤਲ ਕਰ ਦਿਤਾ। ਔਰਤ ਦੀ ਸ਼ਨਾਖਤ 34 ਸਾਲ ਦੀ ਸ਼ਾਲੂ ਵਜੋਂ ਕੀਤੀ ਗਈ ਹੈ ਜਦਕਿ 39 ਸਾਲ ਦੇ ਰੌਸ਼ਨ ਲਾਲ ਅਤੇ 41 ਸਾਲ ਦੇ ਬਾਲ ਕਿਸ਼ਨ ਨੂੰ ਗ੍ਰਿਫ਼ਤਾਰ ਕਰਦਿਆਂ ਪੁਲਿਸ ਵੱਲੋਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ।
ਐਡਮਿੰਟਨ ਵਿਖੇ ਭਾਰਤੀ ਔਰਤ ਦਾ ਛੁਰੇ ਮਾਰ ਕੇ ਕਤਲ
ਭਾਰਤੀ ਕਾਰੋਬਾਰੀਆਂ ਉਤੇ ਗੋਲੀਬਾਰੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਐਡਮਿੰਟਨ ਪੁਲਿਸ ਮੁਤਾਬਕ ਅਰਜੁਨ ਸਾਹਨਨ ਨੇ ਕਥਿਤ ਤੌਰ ’ਤੇ 1 ਦਸੰਬਰ 2023 ਨੂੰ ਪਹਿਲੀ ਵਾਰਦਾਤ ਕੀਤੀ ਅਤੇ 24 ਦਸੰਬਰ ਨੂੰ ਵਿੰਨੀਪੈਗ ਦੇ ਉਤਰ ਪੱਛਮੀ ਇਲਾਕੇ ਵਿਚ ਮੁੜ ਇਕ ਘਰ ’ਤੇ ਗੋਲੀਆਂ ਚਲਾਈਆਂ। ਦੋਹਾਂ ਮਾਮਲਿਆਂ ਵਿਚ ਹੀ ਗੋਲੀਆਂ ਚਲਾਉਣ ਤੋਂ ਪਹਿਲਾਂ ਮੋਟੀ ਰਕਮ ਦੀ ਮੰਗ ਕੀਤੀ ਗਈ ਸੀ। ਗੋਲੀਬਾਰੀ ਦੀ ਤੀਜੀ ਵਾਰ 29 ਦਸੰਬਰ 2023 ਨੂੰ ਵਾਪਰੀ ਅਤੇ ਇਕ ਗੋਲੀ ਬੱਚਿਆਂ ਦੇ ਖੇਡਣ ਵਾਲੀ ਕਮਰੇ ਤੱਕ ਪੁੱਜ ਗਈ ਪਰ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਾ ਹੋਇਆ। ਇਥੇ ਦਸਣਾ ਬਣਦਾ ਹੈ ਕਿ ਇਹ ਕਾਰਵਾਈ ਪ੍ਰੌਜੈਕਟ ਗੈਸਲਾਈਟ ਅਧੀਨ ਕੀਤੀ ਗਈ ਹੈ। ਇਸ ਮਾਮਲੇ ਦਿਵਨੂਰ ਸਿੰਘ ਨੂੰ ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਦਿਵਨੂਰ ਤੋਂ ਇਲਾਵਾ ਗੁਰਕਰਨ ਸਿੰਘ, ਮਾਨਵ ਹੀਰ, ਪਰਮਿੰਦਰ ਸਿੰਘ ਅਤੇ 17 ਸਾਲ ਦੇ ਇਕ ਅੱਲ੍ਹੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਸਾਬਤ ਨਹੀਂ ਕੀਤੇ ਗਏ। ਦੂਜੇ ਪਾਸੇ ਮਨਿੰਦਰ ਧਾਲੀਵਾਲ ਸੰਯੁਕਤ ਅਰਬ ਅਮੀਰਾਤ ਵਿਚ ਗ੍ਰਿਫ਼ਤਾਰ ਹੋ ਚੁੱਕਾ ਹੈ ਪਰ ਹਵਾਲਗੀ ਅਧੀਨ ਉਸ ਨੂੰ ਕੈਨੇਡਾ ਲਿਆਉਣ ਵਿਚ ਸਮਾਂ ਲੱਗ ਸਕਦਾ ਹੈ। ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਹਰਪ੍ਰੀਤ ਉਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ। ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾਂਹ ਕਰਦੇ ਉਨ੍ਹਾਂ ਵੱਲੋਂ ਉਸਾਰੇ ਜਾ ਰਹੇ ਘਰ ਸਾੜ ਦਿਤੇ ਜਾਂਦੇ ਜਾਂ ਰਿਹਾਇਸ਼ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ।
ਪੁਲਿਸ ਨੇ ਪਤੀ ਅਤੇ ਜੇਠ ਕੀਤੇ ਗ੍ਰਿਫ਼ਤਾਰ
ਉਨਟਾਰੀਓ ਅਤੇ ਬੀ.ਸੀ. ਵਿਚ ਵੀ 2023 ਦੌਰਾਨ ਹੀ ਇਹ ਰੁਝਾਨ ਸ਼ੁਰੂ ਹੋਇਆ। ਆਰ.ਸੀ.ਐਮ.ਪੀ. ਵੱਲੋਂ ਇਸ ਮੁੱਦੇ ’ਤੇ ਇਕ ਕੌਮੀ ਟੀਮ ਬਣਾਈ ਗਈ ਹੈ। ਦਸਤਾਵੇਜ਼ ਕਹਿੰਦੇ ਹਨ ਕਿ ਦਿਵਨੂਰ ਸਿੰਘ ਆਸ਼ਟ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਵਿਚੋਲੇ ਦਾ ਰੋਲ ਅਦਾ ਕਰਦਾ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਅਤੇ ਹੇਠਲੇ ਪੱਧਰ ਦੀ ਟੀਮ ਤੋਂ ਉਹ ਵਾਰਦਾਤਾਂ ਕਰਵਾਉਂਦਾ। ਆਸ਼ਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੋਰਨਾਂ ਦੀ ਸ਼ਮੂਲੀਅਤ ਵਿਚ ਉਸ ਦੀ ਭੂਮਿਕਾ ਅਕਸਰ ਸਾਹਮਣੇ ਆਈ। ਅਕਤੂਬਰ 2023 ਵਿਚ ਇਸ ਗਿਰੋਹ ਨੇ ਦੋ ਹੋਮ ਬਿਲਡਰਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਇਸ ਮਗਰੋਂ ਦਸੰਬਰ 2023 ਅਤੇ 2024 ਦੇ ਆਰੰਭ ਵਿਚ ਦੋ ਹੋਰ ਡਿਵੈਲਪਰ ਨਿਸ਼ਾਨੇ ’ਤੇ ਆ ਗਏ ਪਰ ਇਸ ਮਾਮਲੇ ਵਿਚ ਆਸ਼ਟ ਨੇ ਸ਼ਮੂਲੀਅਤ ਤੋਂ ਨਾਂਹ ਕਰ ਦਿਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਕਤੂਬਰ ਅਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਅਤੇ ਕੁਲ ਨੁਕਸਾਨ 40 ਲੱਖ ਡਾਲਰ ਰਿਹਾ। ਦਸੰਬਰ 2023 ਵਿਚ ਅਗਜ਼ਨੀ ਦੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਰਨ ਸਿੰਘ ਦੇ ਰੂਪ ਵਿਚ ਉਭਰਿਆ।