ਕੈਨੇਡਾ : ਭਾਰਤੀ ਪਰਵਾਰ ਨੂੰ ਮੌਤ ਦੇ ਮੂੰਹ ਵਿਚ ਭੇਜਣ ਵਾਲਾ ਕਾਬੂ
ਕੈਨੇਡਾ ਵਿਚ ਭਾਰਤੀ ਪਰਵਾਰ ਦੀ ਦਰਦਨਾਕ ਮੌਤ ਦੇ ਕਥਿਤ ਜ਼ਿੰਮੇਵਾਰ ਲੋਕਾਂ ਵਿਚੋਂ ਇਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ
ਔਟਵਾ : ਕੈਨੇਡਾ ਵਿਚ ਭਾਰਤੀ ਪਰਵਾਰ ਦੀ ਦਰਦਨਾਕ ਮੌਤ ਦੇ ਕਥਿਤ ਜ਼ਿੰਮੇਵਾਰ ਲੋਕਾਂ ਵਿਚੋਂ ਇਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੀ ਹਾਂ, ਬਰੈਂਪਟਨ ਦੇ ਫੈਨਿਲ ਪਟੇਲ ਨੂੰ ਅਮਰੀਕਾ ਵੱਲੋਂ ਜਾਰੀ ਹਵਾਲਗੀ ਵਾਰੰਟਾਂ ਦੇ ਆਧਾਰ ’ਤੇ ਹਿਰਾਸਤ ਵਿਚ ਲਿਆ ਗਿਆ ਹੈ ਜਦਕਿ ਭਾਰਤੀ ਪੁਲਿਸ ਵੀ ਉਸ ਦੀ ਹਵਾਲਗੀ ਮੰਗ ਚੁੱਕੀ ਹੈ। ਦੱਸ ਦੇਈਏ ਕਿ ਮੈਨੀਟੋਬਾ ਦੇ ਐਮਰਸਨ ਕਸਬੇ ਨੇੜੇ 19 ਜਨਵਰੀ 2022 ਨੂੰ ਬੇਹੱਦ ਬਰਫ਼ੀਲੇ ਮੌਸਮ ਦੌਰਾਨ ਤਾਪਮਾਨ ਮਾਇਨਸ 35 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਸੀ ਪਰ ਇਸ ਦੇ ਬਾਵਜੂਦ ਜਗਦੀਸ਼ ਪਟੇਲ, ਉਸ ਦੀ ਪਤਨੀ ਵੈਸ਼ਾਲੀਬੇਨ ਪਟੇਲ, 11 ਸਾਲ ਦੀ ਬੇਟੀ ਵਿਹਾਂਗੀ ਅਤੇ ਤਿੰਨ ਸਾਲ ਦੇ ਬੇਟੇ ਧਾਰਮਿਕ ਨੂੰ ਬਗੈਰ ਮੋਟੇ ਕੱਪੜਿਆਂ ਤੋਂ ਖੁੱਲ੍ਹੇ ਅਸਮਾਨ ਹੇਠ ਛੱਡ ਦਿਤਾ ਗਿਆ। ਮਾਮਲੇ ਦਾ ਗਵਾਹ ਰਜਿੰਦਰ ਪਾਲ ਸਿੰਘ ਅਦਾਲਤ ਵਿਚ ਗਵਾਹੀ ਦੇ ਚੁੱਕਾ ਹੈ ਕਿ ਪਟੇਲ ਪਰਵਾਰ ਨੇ ਆਪਣੀ ਜਾਨ ਬਚਾਉਣ ਲਈ ਫੈਨਿਲ ਪਟੇਲ ਨੂੰ ਕਈ ਫੋਨ ਕੀਤੇ ਪਰ ਕੋਈ ਹੁੰਗਾਰਾ ਨਾ ਆਇਆ।
ਅਮਰੀਕਾ ਦੇ ਹਵਾਲਗੀ ਵਾਰੰਟਾਂ ਦੇ ਆਧਾਰ ’ਤੇ ਹੋਈ ਕਾਰਵਾਈ
ਪਟੇਲ ਪਰਵਾਰ ਉਨ੍ਹਾਂ 11 ਜਣਿਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਰਾਤ ਦੇ ਹਨੇਰੇ ਵਿਚ ਬਾਰਡਰ ਪਾਰ ਕਰਨ ਦੀ ਯੋਜਨਾ ਬਣਾਈ ਪਰ ਅਮਰੀਕਾ ਦੇ ਬਾਰਡਰ ਏਜੰਟਾਂ ਨੇ ਸਾਜ਼ਿਸ਼ ਦਾ ਪਰਦਾ ਫਾਸ਼ ਕਰ ਦਿਤਾ। 11 ਵਿਚੋਂ ਦੋ ਜਣੇ ਸਟੀਵ ਸ਼ੈਂਡ ਦੀ ਵੈਨ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਏ ਅਤੇ ਇਸੇ ਦੌਰਾਨ ਪੰਜ ਹੋਰ ਵੈਨ ਵੱਲ ਵਧਦੇ ਨਜ਼ਰ ਆਏ। ਇਨ੍ਹਾਂ ਵਿਚੋਂ ਇਕ ਦੀ ਹਾਲਤ ਠੰਢ ਕਾਰਨ ਬੇਹੱਦ ਨਾਜ਼ੁਕ ਹੋ ਚੁੱਕੀ ਸੀ ਜੋ ਕਦੇ ਬੇਹੋਸ਼ ਹੋ ਜਾਂਦਾ ਅਤੇ ਕਦੇ ਹੋਸ਼ ਵਿਚ ਆ ਜਾਂਦਾ। ਜਨਵਰੀ 2023 ਵਿਚ ਭਾਰਤ ਦੇ ਗੁਜਰਾਤ ਸੂਬੇ ਵਿਚ ਫੈਨਿਲ ਪਟੇਲ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਚੱਲ ਰਹੇ ਮੁਕੱਦਮੇ ਤਹਿਤ ਹਰਸ਼ ਕੁਮਾਰ ਪਟੇਲ ਨੂੰ 10 ਸਾਲ ਅਤੇ ਸਟੀਵ ਸ਼ੈਂਡ ਨੂੰ ਸਾਢੇ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਫਰਗਸ ਫਾਲਜ਼ ਦੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਵੱਲੋਂ ਇਕ ਦੂਜੇ ਨੂੰ ਭੇਜੇ ਟੈਕਸਟ ਮੈਸੇਜ ਸਬੂਤ ਵਜੋਂ ਵਰਤੇ ਗਏ ਜਿਨ੍ਹਾਂ ਵਿਚ ਖਰਾਬ ਮੌਸਮ ਅਤੇ ਪ੍ਰਵਾਸੀਆਂ ਨੂੰ ਗੱਡੀ ਵਿਚ ਬਿਠਾਉਣ ਦੇ ਯਤਨਾਂ ਦਾ ਜ਼ਿਕਰ ਮਿਲਦਾ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਸ਼ ਕੁਮਾਰ ਪਟੇਲ ਨੇ ਕੈਨੇਡਾ ਵਿਚ ਮੌਜੂਦ ਮਨੁੱਖੀ ਤਸਕਰਾਂ ਨਾਲ ਤਾਲਮੇਲ ਅਧੀਨ ਕੰਮ ਕਰਦਿਆਂ ਪ੍ਰਵਾਸੀਆਂ ਨੂੰ ਕੌਮਾਂਤਰੀ ਬਾਰਡਰ ਨੇੜੇ ਮੰਗਵਾਇਆ ਜਿਨ੍ਹਾਂ ਨੂੰ ਅਮਰੀਕਾ ਦੇ ਸ਼ਿਕਾਗੋ ਇਲਾਕੇ ਵਿਚ ਪਹੁੰਚਾਇਆ ਜਾਣਾ ਸੀ।
ਬਰੈਂਪਟਨ ਵਿਖੇ ਰਹਿ ਰਿਹਾ ਸੀ ਫੈਨਿਲ ਪਟੇਲ
ਗੁਜਰਾਤੀ ਪਰਵਾਰ ਦੇ ਚਾਰ ਜੀਆਂ ਨੇ ਪੈਦਲ ਬਾਰਡਰ ਪਾਰ ਕਰਨਾ ਸੀ ਅਤੇ ਅਮਰੀਕਾ ਵਾਲੇ ਪਾਸੇ ਮੌਜੂਦ ਸਟੀਵ ਸ਼ੈਂਡ ਕਥਿਤ ਤੌਰ ’ਤੇ ਇਨ੍ਹਾਂ ਨੂੰ ਅੱਗੇ ਲੈ ਕੇ ਜਾਂਦਾ ਪਰ ਇਸ ਤੋਂ ਪਹਿਲਾਂ ਹੀ ਪਰਵਾਰ ਨਾਲ ਭਾਣਾ ਵਰਤ ਗਿਆ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਫੈਨਿਲ ਪਟੇਲ ਨੇ ਹੀ ਭਾਰਤੀ ਪਰਵਾਰ ਦੇ ਚਾਰ ਨੂੰ ਟੋਰਾਂਟੋ ਤੋਂ ਵਿੰਨੀਪੈਗ ਭੇਜਣ ਲਈ 17 ਜਨਵਰੀ ਨੂੰ ਕਿਰਾਏ ਦੀ ਗੱਡੀ ਦਾ ਪ੍ਰਬੰਧ ਕੀਤਾ। ਭਾਰਤੀ ਪਰਵਾਰ ਗੁਜਰਾਤ ਦੇ ਦਿਨਗੁਚਾ ਪਿੰਡ ਨਾਲ ਸਬੰਧਤ ਸੀ ਅਤੇ ਜਗਦੀਸ਼ ਪਟੇਲ ਦੇ ਪਿਤਾ ਬਲਦੇਵ ਪਟੇਲ ਨੂੰ ਅੱਜ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ ਉਨ੍ਹਾਂ ਦੇ ਬੇਟੇ ਨੇ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦਾ ਰਾਹ ਕਿਉਂ ਚੁਣਿਆ।