Canada ਨੇ ਪੱਕੇ ਕੀਤੇ 1.77 ਲੱਖ temporary residents
ਕੈਨੇਡਾ ਵਿਚ 40 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਦੇ ਵੀਜ਼ਾ ਜਾਂ ਵਰਕ ਪਰਮਿਟ ਖ਼ਤਮ ਹੋਣ ਦੀਆਂ ਰਿਪੋਰਟਾਂ ਦਰਮਿਆਨ 1 ਲੱਖ 77 ਹਜ਼ਾਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਪੀ.ਆਰ. ਮਿਲ ਗਈ
ਟੋਰਾਂਟੋ : ਕੈਨੇਡਾ ਵਿਚ 40 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਦੇ ਵੀਜ਼ਾ ਜਾਂ ਵਰਕ ਪਰਮਿਟ ਖ਼ਤਮ ਹੋਣ ਦੀਆਂ ਰਿਪੋਰਟਾਂ ਦਰਮਿਆਨ 1 ਲੱਖ 77 ਹਜ਼ਾਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਪੀ.ਆਰ. ਮਿਲ ਗਈ ਪਰ ਦੂਜੇ ਪਾਸੇ ਰੋਟੀ ਤੋਂ ਮੋਹਤਾਜ ਪੰਜਾਬੀਆਂ ਦਾ ਅੰਕੜਾ ਹਜ਼ਾਰਾਂ ਤੋਂ ਵੀ ਅੱਗੇ ਲੰਘ ਗਿਆ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਹੈ ਅਤੇ ਕਾਨੂੰਨੀ ਤੌਰ ’ਤੇ ਕੰਮ ਨਹੀਂ ਕਰ ਸਕਦੇ। ਟੋਰਾਂਟੋ ਰਹਿੰਦਾ ਅਰਸ਼ਦੀਪ ਇਨ੍ਹਾਂ ਵਿਚੋਂ ਇਕ ਹੈ ਅਤੇ ਮਹਿੰਗੇ ਸ਼ਹਿਰ ਦੇ ਮੋਟੇ ਖਰਚੇ ਬਰਦਾਸ਼ਤ ਕਰਨੇ ਉਸ ਦੇ ਵਸ ਵਿਚ ਨਹੀਂ ਰਹੇ। ਅਰਸ਼ਦੀਪ ਦਾ ਕਹਿਣਾ ਹੈ ਕਿ ਫਰੌਡ ਹੋਣ ਦਾ ਦੋਸ਼ ਲਾ ਕੇ ਉਸ ਦੀ ਅਰਜ਼ੀ ਰੱਦ ਕੀਤੀ ਗਈ। ਉਨਟਾਰੀਓ ਸਰਕਾਰ ਇਹ ਦੋਸ਼ ਸਾਬਤ ਕਰ ਦੇਵੇ ਤਾਂ ਉਹ ਬਗੈਰ ਦੇਰ ਕੀਤਿਆਂ ਕੈਨੇਡਾ ਛੱਡ ਕੇ ਚਲਾ ਜਾਵੇਗਾ ਪਰ ਦਸਤਾਵੇਜ਼ਾਂ ਦੀ ਨਜ਼ਰਸਾਨੀ ਨਿਰਪੱਖ ਤਰੀਕੇ ਨਾਲ ਹੋਵੇ। ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਤਹਿਤ ਰੱਦ ਉਮੀਦਵਾਰਾਂ ਵਿਚ ਸ਼ਾਮਲ ਅਰਮਿੰਦਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਜਿਸ ਦਾ ਵਰਕ ਪਰਮਿਟ ਜਲਦ ਖ਼ਤਮ ਹੋਣ ਵਾਲਾ ਹੈ। ਉਧਰ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇੰਮੀਗ੍ਰੇਸ਼ਨ ਸਟੇਟਸ ਬਹਾਲ ਰੱਖਣਾ ਬੇਹੱਦ ਲਾਜ਼ਮੀ ਹੈ ਜੇ ਤੁਸੀਂ ਕੈਨੇਡਾ ਵਿਚ ਪੱਕੇ ਤੌਰ ’ਤੇ ਵਸਣਾ ਚਾਹੁੰਦੇ ਹੋ।
38 ਲੱਖ ਲੋਕਾਂ ਦਾ ਭਵਿੱਖ ਹਨੇਰੇ ਵਿਚ
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਅੰਕੜਿਆਂ ਮੁਤਾਬਕ 2025 ਦੌਰਾਨ 21 ਲੱਖ ਟੈਂਪਰੇਰੀ ਰੈਜ਼ੀਡੈਂਟਸ ਦੇ ਪਰਮਿਟ ਐਕਸਪਾਇਰ ਹੋਏ ਅਤੇ ਇਸ ਸਾਲ 18 ਲੱਖ ਲੋਕਾਂ ਦੇ ਵੀਜ਼ਾ ਖ਼ਤਮ ਹੋ ਜਾਣਗੇ। ਸਭ ਤੋਂ ਵੱਡਾ ਖ਼ਤਰਾ ਕੌਮਾਂਤਰੀ ਵਿਦਿਆਰਥੀਆਂ ’ਤੇ ਮੰਡਰਾਅ ਰਿਹਾ ਹੈ ਅਤੇ 2 ਲੱਖ 65 ਹਜ਼ਾਰ ਵੀਜ਼ੇ ਮੌਜੂਦਾ ਵਰ੍ਹੇ ਦੌਰਾਨ ਖ਼ਤਮ ਹੋ ਰਹੇ ਹਨ। ਇੰਮੀਗ੍ਰੇਸ਼ਨ ਵਕੀਲ ਮਾਰੀਓ ਬੈਲਿਜ਼ਮੋ ਦਾ ਕਹਿਣਾ ਹੈ ਕਿ ਵੀਜ਼ਾ ਜਾਂ ਵਰਕ ਪਰਮਿਟ ਐਕਸਪਾਇਰ ਹੋਣ ਦਾ ਅੰਕੜਾ ਬਹੁਤਾ ਹੈਰਾਨਕੁੰਨ ਨਹੀਂ ਕਿਉਂਕਿ ਕੈਨੇਡਾ ਸਰਕਾਰ ਚੰਗੀ ਤਰ੍ਹਾਂ ਜਾਣਦੀ ਸੀ ਕਿ ਧੜਾ ਧੜ ਜਾਰੀ ਵੀਜ਼ੇ ਜਾਂ ਵਰਕ ਇਕ ਨਾ ਦਿਨ ਖ਼ਤਮ ਵੀ ਹੋਣਗੇ। 40 ਲੱਖ ਵਿਚੋਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਕੈਨੇਡਾ ਵਿਚ ਪੱਕਾ ਹੋਣ ਦੇ ਇਰਾਦੇ ਨਾਲ ਆਏ। ਇਨ੍ਹਾਂ ਵਿਚੋਂ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੱਢ ਦਿਤਾ ਜਾਵੇ ਤਾਂ ਵੀ ਅੰਕੜਾ 2 ਮਿਲੀਅਨ ਦੇ ਨੇੜੇ ਬਣਦਾ ਹੈ ਅਤੇ 2026 ਵਿਚ ਸਿਰਫ਼ 3 ਲੱਖ 80 ਹਜ਼ਾਰ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲਣੀ ਹੈ। ਲੱਖਾਂ ਦੀ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਪਹਿਲਾਂ ਹੀ ਕੈਨੇਡਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਹਨ ਅਤੇ ਹੁਣ ਅਜਿਹੇ ਪ੍ਰਵਾਸੀਆਂ ਦਾ ਅੰਕੜਾ ਵਧ ਕੇ ਦੁੱਗਣਾ ਹੋ ਸਕਦਾ ਹੈ।
ਹਜ਼ਾਰਾਂ ਪੰਜਾਬੀ ਹੋਏ ਰੋਟੀ ਤੋਂ ਮੋਹਤਾਜ
ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਵੰਬਰ 2025 ਦੌਰਾਨ ਕੈਨੇਡਾ ਵੱਲੋਂ ਸਿਰਫ਼ 2,485 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜਦਕਿ ਦੋ ਸਾਲ ਪਹਿਲਾਂ ਇਹ ਅੰਕੜਾ 90 ਹਜ਼ਾਰ ਤੋਂ ਉਤੇ ਦਰਜ ਕੀਤਾ ਗਿਆ। ਇੰਮੀਗ੍ਰੇਸ਼ਨ ਵਕੀਲਾਂ ਦੇ ਦਫ਼ਤਰਾਂ ਵਿਚ ਆਵਾਜਾਈ ਘਟ ਚੁੱਕੀ ਹੈ ਅਤੇ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਦੇ ਇੱਛਕ ਲੋਕਾਂ ਦੀ ਗਿਣਤੀ ਵੀ ਅੱਧੀ ਤੋਂ ਹੇਠਾਂ ਆ ਚੁੱਕੀ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਉਤੇ ਝਾਤ ਮਾਰੀ ਜਾਵੇ ਤਾਂ ਦਸੰਬਰ 2024 ਵਿਚ 5 ਲੱਖ 98 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਵਿਚ ਮੌਜੂਦ ਸਨ ਪਰ ਪਿਛਲੇ ਸਾਲ ਇਹ ਅੰਕੜਾ 4 ਲੱਖ 76 ਹਜ਼ਾਰ ਰਹਿ ਗਿਆ ਅਤੇ ਮੋਟੇ ਤੌਰ ’ਤੇ ਸਵਾ ਲੱਖ ਦੀ ਕਮੀ ਦੇਖੀ ਜਾ ਸਕਦੀ ਹੈ। ਉਧਰ ਵਰਕ ਪਰਮਿਟ ’ਤੇ ਮੌਜੂਦ ਲੋਕਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਦਸੰਬਰ 2024 ਵਿਚ 14 ਲੱਖ 61 ਹਜ਼ਾਰ ਪ੍ਰਵਾਸੀ ਵਰਕ ਪਰਮਿਟ ’ਤੇ ਸਨ ਅਤੇ ਪਿਛਲੇ ਸਾਲ ਇਹ ਅੰਕੜਾ 14 ਲੱਖ 91 ਹਜ਼ਾਰ ਹੋ ਗਿਆ।