ਕੈਨੇਡਾ ਵੱਲੋਂ ਭਾਰਤੀਆਂ ਨੂੰ 1.89 ਲੱਖ ਸਟੱਡੀ ਵੀਜ਼ੇ
ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ 1 ਲੱਖ 89 ਹਜ਼ਾਰ ਸਟੱਡੀ ਵੀਜ਼ੇ ਜਾਰੀ ਕਰਦਿਆਂ ਕਿਹਾ ਕਿ ਉਹ ਕੈਨੇਡੀਅਨ ਐਜੁਕੇਸ਼ਨ ਸਿਸਟਮ ਦਾ ਅਟੁੱਟ ਹਿੱਸਾ ਬਣੇ ਰਹਿਣਗੇ।;
ਟੋਰਾਂਟੋ : ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ 1 ਲੱਖ 89 ਹਜ਼ਾਰ ਸਟੱਡੀ ਵੀਜ਼ੇ ਜਾਰੀ ਕਰਦਿਆਂ ਕਿਹਾ ਕਿ ਉਹ ਕੈਨੇਡੀਅਨ ਐਜੁਕੇਸ਼ਨ ਸਿਸਟਮ ਦਾ ਅਟੁੱਟ ਹਿੱਸਾ ਬਣੇ ਰਹਿਣਗੇ। ਇੰਮੀਗ੍ਰੇਸ਼ਨ ਮੰਤਰੀ ਮਾਰਕ ਵੱਲੋਂ ਕੈਨੇਡੀਅਨ ਵਿਦਿਅਕ ਅਦਾਰਿਆਂ ਨੂੰ ਅਫ਼ਰੀਕਾ, ਦੱਖਣੀ ਪੂਰਬੀ ਏਸ਼ੀਆ ਅਤੇ ਲੈਟਿਨ ਅਮੈਰਿਕਨ ਵਿਦਿਆਰਥੀਆਂ ਨੂੰ ਦਾਖਲਾ ਦੇਣ ਵੱਲ ਧਿਆਨ ਕੇਂਦਰਤ ਕਰਨ ਦਾ ਸੱਦਾ। 2024 ਦੌਰਾਨ ਕੈਨੇਡਾ ਵੱਲੋਂ 5 ਲੱਖ 18 ਹਜ਼ਾਰ ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜੋ 2023 ਦੇ ਮੁਕਾਬਲੇ ਮਾਮੂਲੀ ਤੌਰ ’ਤੇ ਘੱਟ ਬਣਦੇ ਹਨ। ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਤੇਜ਼ ਵਾਧਾ ਹੋਣ ਕਾਰਨ ਰਿਹਾਇਸ਼ ਦੀ ਸਮੱਸਿਆ ਪੈਦਾ ਹੋਣ ਲੱਗੀ ਅਤੇ ਕੰਮਕਾਜੀ ਥਾਵਾਂ ’ਤੇ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਵੀ ਹੋਣ ਲੱਗਾ।
ਇੰਮੀਗ੍ਰੇਸ਼ਨ ਮੰਤਰੀ ਵੱਲੋਂ ਭਾਰਤੀ ਵਿਦਿਆਰਥੀਆਂ ਬਾਰੇ ਅਹਿਮ ਐਲਾਨ
ਦੂਜੇ ਪਾਸੇ ਪ੍ਰਾਈਵੇਟ ਕਾਲਜਾਂ ਵੱਲੋਂ ਮੋਟੀਆਂ ਫੀਸਾਂ ਲੈ ਕੇ ਲੁੱਟ ਦਾ ਧੰਦਾ ਵੀ ਚਲਾਇਆ ਗਿਆ ਜਿਸ ਮਗਰੋਂ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲਿਆਂ ਨਾਲ ਸਬੰਧਤ ਨਿਯਮ ਬਦਲਣ ਲਈ ਮਜਬੂਰ ਹੋ ਗਈ ਅਤੇ ਗਿਣਤੀ ਸੀਮਤ ਕਰ ਦਿਤੀ ਗਈ। ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਵਿਦਿਅਕ ਅਦਾਰਿਆਂ ਨੂੰ ਸਿਰਫ਼ ਗਿਣਤੀ ਵੱਲ ਨਹੀਂ ਜਾਣਾ ਚਾਹੀਦਾ ਅਤੇ ਬਿਹਤਰੀਨ ਮਿਆਰ ਅਤੇ ਕਾਰਗੁਜ਼ਾਰੀ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਏ ਜਾਣ ਮਗਰੋਂ ਕਈ ਵਿਦਿਅਕ ਅਦਾਰਿਆਂ ਵੱਲੋਂ ਆਪਣੇ ਕੋਰਸ ਅਤੇ ਸਟਾਫ਼ ਵਿਚ ਕਟੌਤੀ ਕਰਨ ਲਈ ਮਜਬੂਰ ਹੋ ਗਏ। ਹੈਮਿਲਟਨ ਦੇ ਮੋਹੌਕ ਕਾਲਜ ਵੱਲੋਂ ਆਪਣਾ 20 ਫੀ ਸਦੀ ਸਟਾਫ਼ ਘਟਾ ਦਿਤਾ ਗਿਆ ਅਤੇ ਤਕਰੀਬਨ 16 ਕੋਰਸ ਬੰਦ ਕਰ ਦਿਤੇ ਗਏ।
ਕਿਹਾ, ਕੈਨੇਡੀਅਨ ਐਜੁਕੇਸ਼ਨ ਸਿਸਟਮ ਦਾ ਹਿੱਸਾ ਬਣੇ ਰਹਿਣਗੇ ਭਾਰਤੀ
ਸ਼ੈਰੀਡਨ ਕਾਲਜ ਵੱਲੋਂ 40 ਕੋਰਸ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਨਾਲ ਹੀ ਮਾਰਖਮ ਕੈਂਪਸ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿਤਾ। ਇਸੇ ਤਰ੍ਹਾਂ ਟਿਮਿਨਜ਼ ਦੇ ਨੌਰਦਨ ਕਾਲਜ ਨੇ ਸਾਲ 2025-26 ਦੌਰਾਨ 60 ਲੱਖ ਡਾਲਰ ਦਾ ਘਾਟਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਦਕਿ 2026-27 ਦੌਰਾਨ ਘਾਟਾ ਵਧ ਕੇ ਇਕ ਕਰੋੜ 20 ਲੱਖ ਡਾਲਰ ਤੱਕ ਜਾ ਸਕਦਾ ਹੈ। ਦੱਸ ਦੇਈਏ ਕਿ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੇ ਨਾਲ ਨਾਲ ਕੈਨੇਡਾ ਸਰਕਾਰ ਵੱਲੋਂ ਅੰਡਰ ਗ੍ਰੈਜੁਏਟ ਕੋਰਸਾਂ ਵਾਸਤੇ ਸਪਾਊਜ਼ ਵੀਜ਼ਾ ਪੂਰੀ ਤਰ੍ਹਾਂ ਬੰਦ ਕਰ ਦਿਤੇ ਗਏ ਜਦਕਿ ਪੋਸਟ ਗ੍ਰੈਜੁਏਟ ਵਾਲੇ ਵੀ ਚੋਣਵੇਂ ਕੋਰਸਾਂ ਵਿਚ ਹੀ ਸਪਾਊਜ਼ ਵੀਜ਼ਾ ਮਿਲਦਾ ਹੈ ਜਿਸ ਨਾਲ ਪੰਜਾਬ ਵਿਚ ਹੋਣ ਵਾਲੇ ਆਇਲੈਟਸ ਵਿਆਹ ਬੰਦ ਹੋ ਗਏ।