ਸੈਂਕੜੇ ਪੰਜਾਬੀਆਂ ਨੂੰ ਗੁਲਾਮ ਬਣਾ ਰਿਹੈ ਕੈਨੇਡਾ

ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਕਿਰਤੀਆਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ।

Update: 2024-08-14 05:38 GMT

ਟੋਰਾਂਟੋ : ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਕਿਰਤੀਆਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਇਹ ਹੈਰਾਨਕੁੰਨ ਟਿੱਪਣੀ ਸੰਯੁਕਤ ਰਾਸ਼ਟਰ ਵੱਲੋਂ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਬਾਰੇ ਕੀਤੀ ਹੈ ਜਿਨ੍ਹਾਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਬਰਦਾਸ਼ਤ ਕਰਨੇ ਪੈ ਰਹੇ ਹਨ ਸਗੋਂ ਇੰਪਲੌਇਰ ਤਨਖਾਹਾਂ ਦੇਣ ਤੋਂ ਵੀ ਸਾਫ ਮੁੱਕਰ ਜਾਂਦੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਸੰਭਾਵਤ ਤੌਰ ’ਤੇ ਇਸ ਕੰਮ ਵਿਚ ਅਣਗਹਿਲੀ ਵਰਤੀ ਜਾ ਰਹੀ ਹੈ। ਰਿਪੋਰਟ ਕਹਿੰਦੀ ਹੈ ਕਿ ਵਿਦੇਸ਼ੀ ਕਾਮਿਆਂ ਨਾਲ ਬੇਹੱਦ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੁਅਲ ਹੈਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ।

ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਬਾਰੇ ਸੰਯੁਕਤ ਰਾਸ਼ਟਰ ਦੀ ਹੈਰਾਨਕੁੰਨ ਟਿੱਪਣੀ

ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਟੌਮੋਯਾ ਓਬੋਕਾਤਾ ਨੇ ਰਿਪੋਰਟ ਵਿਚ ਲਿਖਿਆ ਕਿਹਾ ਕਿ ਕਿਰਤੀਆਂ ਨੂੰ ਸਿਹਤ ਸਹੂਲਤਾਂ ਵਾਸਤੇ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਜਾਨ ਜੋਖਮ ਵਿਚ ਪੈਣਾ ਆਮ ਗੱਲ ਹੋ ਚੁੱਕੀ ਹੈ। ਸਿਰਫ ਇਥੇ ਹੀ ਬੱਸ ਨਹੀਂ ਕਈ ਇੰਪਲੌਇਰਜ਼ ਵੱਲੋਂ ਆਪਣੇ ਕਿਰਤੀਆਂ ਲਈ ਰਿਹਾਇਸ਼ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਰਿਹਾ ਜਿਸ ਦੇ ਸਿੱਟੇ ਵਜੋਂ ਇਕ ਕਮਰੇ ਵਿਚ 20 ਤੋਂ 30 ਜਣੇ ਰਹਿਣ ਲਈ ਮਜਬੂਰ ਹਨ ਅਤੇ ਸਿਰਫ ਇਕ ਵਾਸ਼ਰੂਮ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਆਉਣ ਵਾਲੇ ਹਰ 10 ਆਰਜ਼ੀ ਵਿਦੇਸ਼ੀ ਕਾਮਿਆਂ ਵਿਚੋਂ ਇਕ ਦੀ ਸਾਲਾਨਾ ਕਮਾਈ 7500 ਡਾਲਰ ਤੋਂ ਵੀ ਘੱਟ ਹੁੰਦੀ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਕਿੰਨਾ ਜ਼ਿਆਦਾ ਲੁੱਟਿਆ ਜਾਂਦਾ ਹੈ। ਰਿਪੋਰਟ ਵਿਚ ਕੈਨੇਡਾ ਸਰਕਾਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਨਿਯਮਾਂ ਵਿਚ ਵੱਡੀ ਤਬਦੀਲੀ ਕਰਨ ਦਾ ਸੱਦਾ ਦਿਤਾ ਗਿਆ ਹੈ ਤਾਂਕਿ ਕਿਰਤੀਆਂ ਦੀ ਰਿਹਾਇਸ਼, ਹੈਲਥ ਕੇਅਰ ਅਤੇ ਇੰਮੀਗ੍ਰੇਸ਼ਨ ਸਟੇਟਸ ਦਾ ਮਸਲਾ ਰੁਜ਼ਗਾਰਦਾਤਾਵਾਂ ਦੇ ਕੰਟਰੋਲ ਤੋਂ ਬਾਹਰ ਹੋ ਸਕੇ। ਸੰਯੁਕਤ ਰਾਸ਼ਟਰ ਦੀ ਰਿਪੋਰਟ ’ਤੇ ਟਿੱਪਣੀ ਕਰਦਿਆਂ ਇੰਮੀਗ੍ਰੇਸ਼ਨ ਮਾਹਰਾਂ ਨੇ ਕਿਹਾ ਕਿ ਇਹ ਗੱਲਾਂ ਕਿਸੇ ਤੋਂ ਲੁਕੀਆਂ ਨਹੀਂ ਪਰ ਕੌਮਾਂਤਰੀ ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ਵਿਚ ਇਸ ਸਮੱਸਿਆ ਨੂੰ ਸਾਹਮਣੇ ਲਿਆਂਦਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕੈਨੇਡਾ ਸਰਕਾਰ ਵੱਲੋਂ ਐਲ.ਐਮ.ਆਈ.ਏ. ਦੇ ਨਾਂ ’ਤੇ ਹੁੰਦੀਆਂ ਠੱਗੀਆਂ ਰੋਕਣ ਲਈ ਨਵੀਂ ਨੀਤੀ ਲਿਆਉਣ ਦਾ ਐਲਾਨ ਕੀਤਾ ਗਿਆ।

ਤਨਖਾਹਾਂ ਨੱਪੀਆਂ ਜਾ ਰਹੀਆਂ, ਸਰੀਰਕ ਤਸੀਹੇ ਵੀ ਦਿਤੇ ਜਾ ਰਹੇ

ਕੈਨੇਡਾ ਪੁੱਜਣ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਜਦਕਿ ਇਸ ਦੇ ਨਾਲ ਹੀ ਵਿਦੇਸ਼ੀ ਕਾਮਿਆਂ ਨਾਲ ਠੱਗੀਆਂ ਰੋਕਣ ਵਾਸਤੇ ਯੋਜਨਾ ਵਿਚ ਸੁਧਾਰ ਕੀਤੇ ਜਾਣਗੇ। ਸਭ ਤੋਂ ਪਹਿਲਾਂ ਐਲ.ਐਮ.ਆਈ.ਏ. ਫੀਸ ਵਿਚ ਵਾਧਾ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਛਾਪਿਆਂ ਦੀ ਗਿਣਤੀ ਵਧਾਉਣ ’ਤੇ ਜ਼ੋਰ ਦਿਤਾ ਜਾਵੇਗਾ। ਸਿਰਫ ਐਨਾ ਹੀ ਆਰਜ਼ੀ ਵਿਦੇਸ਼ੀ ਕਾਮੇ ਰੱਖਣ ਵਾਲੇ ਇੰਪਲੌਇਰਜ਼ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਜਾਣਗੀਆਂ। ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਅਧੀਨ ਸਾਲ 2023-24 ਦੌਰਾਨ 20 ਲੱਖ ਡਾਲਰ ਦੇ ਜੁਰਮਾਨੇ ਇੰਪਲੌਇਰਜ਼ ਨੂੰ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਵਰ੍ਹੇ ਦੇ ਮੁਕਾਬਲੇ 36 ਫ਼ੀ ਸਦੀ ਵੱਧ ਬਣਦਾ ਹੈ। ਵੱਡੀ ਗਿਣਤੀ ਵਿਚ ਜੁਰਮਾਨੇ ਹੋਣ ਦੇ ਬਾਵਜੂਦ ਫਰਜ਼ੀ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਦੇ ਨਾਂ ’ਤੇ ਪ੍ਰਵਾਸੀਆਂ ਤੋਂ 50-50 ਹਜ਼ਾਰ ਡਾਲਰ ਮੰਗੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਿਭਾਗ ਦੇ ਨਿਯਮਾਂ ਤੋੜਨ ਵਾਲੇ ਇੰਪਲੌਇਰਜ਼ ਨੂੰ 100 ਡਾਲਰ ਤੋਂ ਇਕ ਲੱਖ ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਸਾਲਾਨਾ ਆਧਾਰ ’ਤੇ ਇਹ ਰਕਮ 10 ਲੱਖ ਡਾਲਰ ਤੱਕ ਵੀ ਜਾ ਸਕਦੀ ਹੈ। ਇਸ ਵੇਲੇ ਸਭ ਤੋਂ ਵੱਧ ਆਰਜ਼ੀ ਵਿਦੇਸ਼ੀ ਕਾਮੇ ਐਗਰੀਕਲਚਰ ਸੈਕਟਰ ਵਿਚ ਕੰਮ ਕਰ ਰਹੇ ਹਨ। 2023 ਵਿਚ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ 2 ਲੱਖ 39 ਹਜ਼ਾਰ ਤੋਂ ਵੱਧ ਵਰਕ ਪਰਮਿਟ ਪ੍ਰਵਾਨ ਕੀਤੇ ਗਏ ਅਤੇ ਇਹ ਅੰਕੜਾ 2018 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਬਣਦਾ ਹੈ ਜਦੋਂ ਇਕ ਲੱਖ 9 ਹਜ਼ਾਰ ਵਰਕ ਪਰਮਿਟ ਜਾਰੀ ਕੀਤੇ ਗਏ ਸਨ।

Tags:    

Similar News