ਕੈਨੇਡਾ : 10 ਹਜ਼ਾਰ ਪੀ.ਆਰ. ਅਰਜ਼ੀਆਂ ਲਈ ਸੱਦੇ ਭੇਜਣੇ ਆਰੰਭ
ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਲਾਟਰੀ ਸਿਸਟਮ ਦੀ ਵਰਤੋਂ ਕਰਦਿਆਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਸੱਦੇ ਭੇਜਣ ਦਾ ਸਿਲਸਿਲਾ ਆਰੰਭ ਦਿਤਾ ਹੈ
ਔਟਵਾ : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਲਾਟਰੀ ਸਿਸਟਮ ਦੀ ਵਰਤੋਂ ਕਰਦਿਆਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਸੱਦੇ ਭੇਜਣ ਦਾ ਸਿਲਸਿਲਾ ਆਰੰਭ ਦਿਤਾ ਹੈ। ਮਾਪਿਆਂ, ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੀਆਂ 10 ਹਜ਼ਾਰ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦੇ ਇਰਾਦੇ ਨਾਲ 17,860 ਪ੍ਰਵਾਸੀਆਂ ਨੂੰ ਸਪੌਂਸਰਸ਼ਿਪ ਦਾਖਲ ਕਰਨ ਦੇ ਸੱਦੇ ਭੇਜੇ ਜਾ ਰਹੇ ਹਨ ਪਰ ਦੂਜੇ ਪਾਸੇ ਆਮਦਨ ਹੱਦ ਦੀ ਸ਼ਰਤ ਵਿਚ ਚੁੱਪ ਚਪੀਤੇ ਵਾਧਾ ਵੀ ਕੀਤਾ ਜਾ ਚੁੱਕਾ ਹੈ। ਹੁਣ ਚਾਰ ਮੈਂਬਰਾਂ ਵਾਲੇ ਕੈਨੇਡੀਅਨ ਪਰਵਾਰ ਲਈ ਘੱਟੋ ਘੱਟ ਸਾਲਾਨਾ ਆਮਦਨ ਦੀ ਸ਼ਰਤ 70,972 ਡਾਲਰ ਕਰ ਦਿਤੀ ਗਈ ਹੈ।
ਮਾਪਿਆਂ ਨੂੰ ਪੱਕੇ ਤੌਰ ’ਤੇ ਕੈਨੇਡਾ ਆਉਣਾ ਦਾ ਮਿਲੇਗਾ ਮੌਕਾ
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਮੰਤਰਾਲੇ ਵੱਲੋਂ ਸਾਲ 2020 ਦੌਰਾਨ ਦਿਲਚਸਪੀ ਦੇ ਪ੍ਰਗਟਾਵੇ ਦਾਖਲ ਕਰਨ ਵਾਲੇ ਪ੍ਰਵਾਸੀਆਂ ਨੂੰ ਹੀ ਸਪੌਂਸਰਸ਼ਿਪ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜੇ ਜਾ ਰਹੇ ਹਨ। ਦਿਲਚਸਪੀ ਦਾ ਪ੍ਰਗਟਾਵਾ ਦਾਖਲ ਕਰਨ ਦੇ ਬਾਵਜੂਦ ਆਉਂਦੇ ਦੋ ਹਫ਼ਤੇ ਤੱਕ ਸੱਦਾ ਹਾਸਲ ਕਰਨ ਤੋਂ ਖੁੰਝੇ ਪ੍ਰਵਾਸੀਆਂ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਔਪਸ਼ਨ ਲੈ ਸਕਦੇ ਹਨ। ਸੁਪਰ ਵੀਜ਼ਾ ਰਾਹੀਂ ਪ੍ਰਵਾਸੀਆਂ ਦੇ ਮਾਪੇ, ਦਾਦ-ਦਾਦੀ ਜਾਂ ਨਾਨਾ-ਨਾਨੀ ਪੰਜ ਸਾਲ ਤੱਕ ਕੈਨੇਡਾ ਵਿਚ ਰਹਿ ਸਕਦੇ ਹਨ।
ਪ੍ਰਵਾਸੀਆਂ ਨੂੰ ਈਮੇਲ ਲਗਾਤਾਰ ਚੈੱਕ ਕਰਨ ਦੀ ਹਦਾਇਤ
ਇਸ ਤੋਂ ਇਨਾਵਾ ਕੈਨੇਡਾ ਵਿਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈਕਿ ਫੈਡਰਲ ਸਰਕਾਰ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਯੋਜਨਾ ਅਧੀਨ ਮੌਜੂਦਾ ਵਰ੍ਹੇ ਦੌਰਾਨ 25 ਹਜ਼ਾਰ ਸਪੌਂਸਰਸ਼ਿਪ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕਰ ਚੁੱਕੀ ਹੈ। ਸਾਲ 2024 ਦੌਰਾਨ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਕੁਲ ਅਰਜ਼ੀਆਂ ਦਾ ਬੈਕਲਾਗ 8 ਲੱਖ 42 ਹਜ਼ਾਰ ਹੋਣ ਦੀ ਰਿਪੋਰਟ ਹੈ ਜੋ ਕੁਝ ਸਮਾਂ ਪਹਿਲਾਂ 10 ਲੱਖ ਦੇ ਨੇੜੇ ਚੱਲ ਰਿਹਾ ਸੀ।