ਕੈਨੇਡਾ : ਭਾਰਤੀ ਦਾ ਜਨਮ ਦਿਨ ਬਣਿਆ ਅੰਤਮ ਦਿਨ

ਕੈਨੇਡਾ ਵਿਚ ਭਾਰਤੀ ਵਿਦਿਆਰਥੀ ਦਾ ਜਨਮ ਦਿਨ ਹੀ ਉਸ ਦੀ ਜ਼ਿੰਦਗੀ ਦਾ ਅੰਤਮ ਦਿਨ ਸਾਬਤ ਹੋਇਆ ਜਦੋਂ ਆਪਣੇ ਦੋਸਤਾਂ ਨਾਲ ਜਸ਼ਨ ਮਨਾ ਰਿਹਾ ਪ੍ਰਨੀਤ ਝੀਲ ਵਿਚ ਡੁੱਬ ਗਿਆ।

Update: 2024-09-17 11:51 GMT

ਟੋਰਾਂਟੋ : ਕੈਨੇਡਾ ਵਿਚ ਭਾਰਤੀ ਵਿਦਿਆਰਥੀ ਦਾ ਜਨਮ ਦਿਨ ਹੀ ਉਸ ਦੀ ਜ਼ਿੰਦਗੀ ਦਾ ਅੰਤਮ ਦਿਨ ਸਾਬਤ ਹੋਇਆ ਜਦੋਂ ਆਪਣੇ ਦੋਸਤਾਂ ਨਾਲ ਜਸ਼ਨ ਮਨਾ ਰਿਹਾ ਪ੍ਰਨੀਤ ਝੀਲ ਵਿਚ ਡੁੱਬ ਗਿਆ। ਮਾਸਟਰਜ਼ ਦੀ ਡਿਗਰੀ ਕਰਨ ਮਗਰੋਂ ਪ੍ਰਨੀਤ ਨੌਕਰੀ ਦੀ ਭਾਲ ਕਰ ਰਿਹਾ ਸੀ ਅਤੇ ਇਸੇ ਦੌਰਾਨ ਦੋਸਤਾਂ ਨਾਲ ਸੈਰ ਸਪਾਟੇ ਦਾ ਪ੍ਰੋਗਰਾਮ ਬਣਾਇਆ। ਸਾਰੇ ਜਣੇ ਕਲੀਰ ਲੇਕ ਨੇੜੇ ਇਕ ਕਟੌਜ ਵਿਚ ਠਹਿਰੇ ਅਤੇ ਝੀਲ ਵਿਚ ਤਾਰੀਆਂ ਲਾਉਣ ਲੱਗੇ। ਇਸੇ ਦੌਰਾਨ ਪ੍ਰਨੀਤ ਨੇ ਪਾਣੀ ਵਿਚ ਛਾਲ ਮਾਰੀ ਪਰ ਮੁੜ ਕੇ ਬਾਹਰ ਨਾ ਆਇਆ।

ਝੀਲ ਵਿਚ ਨਹਾਉਂਦਿਆਂ ਡੁੱਬ ਗਿਆ ਪ੍ਰਨੀਤ

ਐਮਰਜੰਸੀ ਕਾਮਿਆਂ ਨੇ 10 ਘੰਟੇ ਦੀ ਕਰੜੀ ਮੁਸ਼ੱਕਤ ਮਗਰੋਂ ਪ੍ਰਨੀਤ ਦੀ ਦੇਹ ਝੀਲ ਵਿਚੋਂ ਕੱਢੀ। ਹੈਦਾਰਬਾਦ ਦੇ ਰੰਗਾ ਰੈਡੀ ਜ਼ਿਲ੍ਹੇ ਨਾਲ ਸਬੰਧਤ ਪ੍ਰਨੀਤ ਦੀ ਬੇਵਕਤੀ ਮੌਤ ਦੀ ਖਬਰ ਉਸ ਦੇ ਘਰ ਪੁੱਜੀ ਤਾਂ ਮਾਤਮ ਛਾ ਗਿਆ। ਦੁੱਖ ਵਿਚ ਡੁੱਬੇ ਪ੍ਰਨੀਤ ਦੇ ਪਿਤਾ ਏ. ਰਵੀ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਦੇਹ ਵਾਪਸ ਲਿਆਉਣ ਦੇ ਉਪਰਾਲੇ ਕੀਤੇ ਜਾਣ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੀਆਂ ਝੀਲਾਂ ਜਾਂ ਨਦੀਆਂ ਵਿਚ ਭਾਰਤੀ ਨੌਜਵਾਨ ਦੇ ਡੁੱਬਣ ਦੀਆਂ ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਵੀ ਲਗਾਤਾਰ ਵਕਫੇ ’ਤੇ ਦੁਖਦ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਇਕ ਹਫ਼ਤਾ ਪਹਿਲਾਂ ਹੀ 23 ਸਾਲ ਦਾ ਪੰਜਾਬੀ ਨੌਜਵਾਨ ਓਂਕਾਰਦੀਪ ਸਿੰਘ ਐਡਮਿੰਟਨ ਨੇੜੇ ਦਰਿਆ ਵਿਚ ਰੁੜ੍ਹ ਗਿਆ ਸੀ। ਮੱਲਾਂਵਾਲਾ ਨਾਲ ਸਬੰਧਤ ਓਂਕਾਰਦੀਪ ਸਿੰਘ ਢਾਈ ਸਾਲ ਪਹਿਲਾਂ ਕੈਨੇਡਾ ਪੁੱਜਾ ਅਤੇ ਪੜ੍ਹਾਈ ਖਤਮ ਹੋਣ ਮਗਰੋਂ ਕੰਮ ਦੀ ਭਾਲ ਵਿਚ ਜੁਟ ਗਿਆ। ਓਂਕਾਰਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਆਖਰੀ ਉਨ੍ਹਾਂ ਦੀ ਬੇਟੇ ਨਾਲ ਗੱਲ 1 ਸਤੰਬਰ ਨੂੰ ਹੋਈ। ਇਸ ਮਗਰੋਂ ਉਸ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਬਲਵਿੰਦਰ ਸਿੰਘ ਵੱਲੋਂ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਕੇ ਓਂਕਾਰਦੀਪ ਸਿੰਘ ਦੀ ਉਘ ਸੁੱਘ ਲਾਉਣ ਦੀ ਗੁਜ਼ਾਰਿਸ਼ ਕੀਤੀ ਗਈ ਪਰ ਉਹ ਵੀ ਸਫਲ ਨਾ ਹੋ ਸਕੇ ਅਤੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿਤੀ ਗਈ।

2019 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ ਭਾਰਤੀ ਨੌਜਵਾਨ

9 ਸਤੰਬਰ ਨੂੰ ਓਂਕਾਰਦੀਪ ਸਿੰਘ ਦੀ ਦੇਹ ਗਲੀ ਸੜੀ ਹਾਲਤ ਵਿਚ ਦਰਿਆ ਵਿਚੋਂ ਬਰਾਮਦ ਹੋਈ। ਦੂਜੇ ਪਾਸੇ ਜਲੰਧਰ ਦਾ ਸ਼ਿਵਮ ਅਰੋੜਾ ਕੁਝ ਹਫ਼ਤੇ ਪਹਿਲਾਂ ਝੀਲ ਵਿਚ ਡੁੱਬ ਗਿਆ। ਸ਼ਿਵਮ ਅਰੋੜ ਜਨਵਰੀ 2023 ਵਿਚ ਕੈਨੇਡਾ ਪੁੱਜਾ ਸੀ ਅਤੇ 85 ਫੀ ਸਦੀ ਅੰਕਾਂ ਨਾਲ ਆਪਣਾ ਕੋਰਸ ਮੁਕੰਮਲ ਕਰ ਲਿਆ। ਕੈਨੇਡਾ ਵਿਚ ਆਪਣੇ ਸੁਨਹਿਰੀ ਭਵਿੱਖ ਪ੍ਰਤੀ ਉਹ ਬੇਹੱਦ ਆਸਵੰਦ ਸੀ ਪਰ ਅਣਹੋਣੀ ਨਾਲ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਦੱਸ ਦੇਈਏ ਕਿ ਕੈਨੇਡੀਅਨ ਝੀਲਾਂ ਜਾਂ ਦਰਿਆਵਾਂ ਦੇ ਜ਼ਮੀਨੀ ਹਾਲਾਤ ਤੋਂ ਅਣਜਾਣ ਭਾਰਤੀ ਨੌਜਵਾਨ ਤੈਰਾਕੀ ਕਰਨ ਉਤਰ ਜਾਂਦੇ ਹਨ ਪਰ ਪਾਣੀ ਦੀਆਂ ਛੱਲਾਂ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਦਿੰਦੀਆਂ। ਗੁਆਂਢੀ ਮੁਲਕ ਅਮਰੀਕਾ ਵਿਚ ਵੀ ਭਾਰਤੀ ਨੌਜਵਾਨਾਂ ਨਾਲ ਕਈ ਅਣਸੁਖਾਵੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਨਿਊ ਯਾਰਕ ਦੇ ਐਲਬਨੀ ਵਿਖੇ ਝਰਨੇ ’ਤੇ ਨਹਾਉਣ ਗਿਆ ਸਾਈ ਸੂਰਿਆ ਅਵੀਨਾਸ਼ ਪਾਣੀ ਵਿਚ ਡੁੱਬ ਗਿਆ ਅਤੇ ਇਥੇ ਹੀ ਉਹੀ ਕਾਰਨ ਜ਼ਿੰਮੇਵਾਰ ਰਿਹਾ ਜੋ ਬਾਕੀ ਭਾਰਤੀ ਵਿਦਿਆਰਥੀਆਂ ਦੀ ਜਾਨ ਦਾ ਖੌਅ ਬਣਿਆ। ਝੀਲਾਂ ਜਾਂ ਦਰਿਆਵਾਂ ਕੰਢੇ ਚਿਤਾਵਨੀ ਵਾਲੇ ਸਾਈਨ ਲੱਗੇ ਹੋਣ ਦੇ ਬਾਵਜੂਦ ਭਾਰਤੀ ਨੌਜਵਾਨਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਉਨ੍ਹਾਂ ਦੇ ਪਰਵਾਰਾਂ ਨੂੰ ਕੱਖੋਂ ਹੌਲੇ ਕਰ ਦਿੰਦੀ ਹੈ।

Tags:    

Similar News