ਕੈਨੇਡਾ ਨੇ ਮਾਪਿਆਂ ਦੀ ਪੀ.ਆਰ. ਲਈ ਆਮਦਨ ਹੱਦ ਵਧਾਈ
ਮਾਪਿਆਂ ਨੂੰ ਕੈਨੇਡਾ ਸੱਦਣ ਦੇ ਇੱਛਕ ਪ੍ਰਵਾਸੀਆਂ ਲਈ ਘੱਟੋ-ਘੱਟ ਆਮਦਨ ਦੀ ਸ਼ਰਤ ਚੁੱਪ-ਚਪੀਤੇ ਵਧਾ ਦਿਤੀ ਗਈ ਹੈ।
ਟੋਰਾਂਟੋ : ਮਾਪਿਆਂ ਨੂੰ ਕੈਨੇਡਾ ਸੱਦਣ ਦੇ ਇੱਛਕ ਪ੍ਰਵਾਸੀਆਂ ਲਈ ਘੱਟੋ-ਘੱਟ ਆਮਦਨ ਦੀ ਸ਼ਰਤ ਚੁੱਪ-ਚਪੀਤੇ ਵਧਾ ਦਿਤੀ ਗਈ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਮੁਤਾਬਕ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਸਪੌਂਸਰਸ਼ਿਪ ਵਾਸਤੇ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਘੱਟੋ ਘੱਟ ਆਮਦਨ 47,549 ਡਾਲਰ ਸਾਲਾਨਾ ਹੋਣੀ ਚਾਹੀਦੀ ਹੈ। ਇਹ ਰਕਮ ਪਿਛਲੇ ਸਾਲ ਲਾਗੂ ਸ਼ਰਤ ਤੋਂ ਤਿੰਨ ਹਜ਼ਾਰ ਡਾਲਰ ਵੱਧ ਬਣਦੀ ਹੈ ਅਤੇ ਪਰਵਾਰ ਵਿਚ ਸਿਰਫ਼ ਦੋ ਮੈਂਬਰ ਹੋਣ ’ਤੇ ਹੀ ਲਾਗੂ ਹੋਵੇਗੀ। ਪਰਵਾਰ ਵਿਚ ਤਿੰਨ ਮੈਂਬਰ ਹੋਣ ’ਤੇ ਸਾਲਾਨਾ ਆਮਦਨ ਦੀ ਸ਼ਰਤ 58,456 ਡਾਲਰ ਹੋ ਜਾਂਦੀ ਹੈ ਅਤੇ ਇਹ ਰਕਮ 2024 ਵਿਚ ਲਾਗੂ ਸ਼ਰਤ ਤੋਂ ਚਾਰ ਹਜ਼ਾਰ ਡਾਲਰ ਵੱਧ ਬਣਦੀ ਹੈ।
4 ਜੀਆਂ ਵਾਲੇ ਪਰਵਾਰ ਦੀ ਸਾਲਾਨਾ ਆਮਦਨ 71 ਹਜ਼ਾਰ ਡਾਲਰ ਲਾਜ਼ਮੀ
ਕੈਨੇਡਾ ਰਹਿੰਦੇ ਪਰਵਾਰ ਵਿਚ ਚਾਰ ਮੈਂਬਰ ਹੋਣ ’ਤੇ ਘੱਟੋ ਘੱਟ ਆਮਦਨ 70,972 ਡਾਲਰ ਹੋਣੀ ਚਾਹੀਦੀ ਹੈ ਤਾਂ ਹੀ ਮਾਪਿਆਂ, ਦਾਦੀ-ਦਾਦੀ ਜਾਂ ਨਾਨ-ਨਾਨੀ ਨੂੰ ਸਪੌਂਸਰ ਕਰਨ ਦੀ ਇਜਾਜ਼ਤ ਮਿਲਦੀ ਹੈ। ਇਥੇ ਦਸਣਾ ਬਣਦਾ ਹੈਕਿ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ 10 ਹਜ਼ਾਰ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ 17 ਹਜ਼ਾਰ ਤੋਂ ਵੱਧ ਸੰਭਾਵਤ ਸਪੌਂਸਰਾਂ ਨੂੰ 28 ਜੁਲਾਈ ਤੋਂ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜਣ ਦਾ ਸਿਲਸਿਲਾ ਆਰੰਭਿਆ ਜਾ ਰਿਹਾ ਹੈ। ਦਿਲਚਸਪੀ ਦਾ ਪ੍ਰਗਟਾਵਾ ਦਾਖਲ ਕਰਨ ਦੇ ਬਾਵਜੂਦ 28 ਜੁਲਾਈ ਤੋਂ ਬਾਅਦ ਸਪੌਂਸਰਸ਼ਿਪ ਦਾਖਲ ਕਰਨ ਦਾ ਪੱਕਾ ਸੱਦਾ ਹਾਸਲ ਕਰਨ ਤੋਂ ਖੁੰਝੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਔਪਸ਼ਨ ਲੈ ਸਕਦੇ ਹਨ। ਸੁਪਰ ਵੀਜ਼ਾ ਰਾਹੀਂ ਪ੍ਰਵਾਸੀਆਂ ਦੇ ਮਾਪੇ, ਦਾਦ-ਦਾਦੀ ਜਾਂ ਨਾਨਾ-ਨਾਨੀ ਪੰਜ ਸਾਲ ਤੱਕ ਕੈਨੇਡਾ ਵਿਚ ਰਹਿ ਸਕਦੇ ਹਨ।
28 ਜੁਲਾਈ ਤੋਂ ਭੇਜੇ ਜਾਣਗੇ ਸਪੌਂਸਰਸ਼ਿਪ ਦਾਖਲ ਕਰਨ ਦੇ ਸੱਦੇ
ਇਸ ਤੋਂ ਇਲਾਵਾ ਕੈਨੇਡਾ ਵਿਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ। ਸਾਲ 2024 ਦੌਰਾਨ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਇੰਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗਰੈਂਡਪੇਰੈਂਟਸ ਨੂੰ ਪੀ.ਆਰ. ਵਾਲੀ ਸ਼੍ਰੇਣੀ ਅਧੀਨ 40 ਹਜ਼ਾਰ ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ ਅਤੇ ਪ੍ਰੋਸੈਸਿੰਗ ਦਾ ਸਮਾਂ ਦੋ ਸਾਲ ਮੰਨਿਆ ਜਾਂਦਾ ਹੈ।