ਲਿਬਰਲ ਪਾਰਟੀ ਕਾਰਨ ਮੁੜ ਬੇਇੱਜ਼ਤ ਹੋਇਆ ਕੈਨੇਡਾ : ਪੌਇਲੀਐਵ
ਕੈਨੇਡਾ ਵਿਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ ਅਤੇ ਟਰੰਪ ਦੀਆਂ ਟੈਰਿਫਸ ਤੋਂ ਲੈ ਕੇ ਕੈਨੇਡੀਅਨ ਸਮਾਜ ਵਿਚ ਵਧ ਰਹੇ ਅਪਰਾਧ ਵਰਗੇ ਮੁੱਦੇ ਸਿਆਸੀ ਭਾਸ਼ਣਾਂ ਦਾ ਕੇਂਦਰ ਬਿੰਦੂ ਬਣੇ ਹੋਏ ਹਨ।
ਬਰੈਂਪਟਨ : ਕੈਨੇਡਾ ਵਿਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ ਅਤੇ ਟਰੰਪ ਦੀਆਂ ਟੈਰਿਫਸ ਤੋਂ ਲੈ ਕੇ ਕੈਨੇਡੀਅਨ ਸਮਾਜ ਵਿਚ ਵਧ ਰਹੇ ਅਪਰਾਧ ਵਰਗੇ ਮੁੱਦੇ ਸਿਆਸੀ ਭਾਸ਼ਣਾਂ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਬੁੱਧਵਾਰ ਨੂੰ ਉਨਟਾਰੀਓ ਫੇਰੀ ਦੌਰਾਨ ਬਰੈਂਪਟਨ ਸਣੇ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਪ੍ਰਚਾਰ ਕਰਨ ਪੁੱਜੇ ਅਤੇ ਲਿਬਰਲ ਪਾਰਟੀ ਨੂੰ ਕਰੜੇ ਹੱਥੀਂ ਲਿਆ। ਬੌਬ ਦੁਸਾਂਝ, ਅਮਰਜੀਤ ਗਿੱਲ, ਤਰਨ ਚਹਿਲ, ਟਿਮ ਇਕਬਾਲ, ਸੁਖਦੀਪ ਕੰਗ ਅਤੇ ਅਮਨਦੀਪ ਜੱਜ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਕ ਵਾਰ ਫਿਰ ਕੈਨੇਡਾ ਨੂੰ ਬੇਇੱਜ਼ਤ ਕੀਤਾ ਗਿਆ ਹੈ।
ਬਰੈਂਪਟਨ ਵਿਖੇ ਕੰਜ਼ਰਵੇਟਿਵ ਪਾਰਟੀ ਦੀ ਵੱਡੀ ਚੋਣ ਰੈਲੀ
ਦਰਜਨਾਂ ਮੁਲਕਾਂ ਵਿਰੁੱਧ ਲਾਈਆਂ ਟੈਰਿਫਸ ਉਤੇ ਟਰੰਪ 90 ਦਿਨ ਦੀ ਰੋਕ ਲਾ ਚੁੱਕੇ ਹਨ ਪਰ ਕੈਨੇਡਾ ਵਿਰੁੱਧ ਲੱਗੀਆਂ ਟੈਰਿਫਸ ਵਾਪਸ ਲੈਣ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋਸ਼ਲ ਮੀਡੀਆ ’ਤੇ ਟਿੱਪਣੀ ਕਰ ਰਹੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਨਾਲ ਟੈਲੀਫੋਨ ’ਤੇ ਹਾਂਪੱਖੀ ਮਾਹੌਲ ਵਿਚ ਗੱਲਬਾਤ ਹੋਈ। ਖਚਾਖਚ ਭਰੇ ਬੈਂਕੁਇਟ ਹਾਲ ਵਿਚ ਪਿਅਰੇ ਪੌਇਲੀਐਵ ਨੇ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ’ਤੇ ਅਪਰਾਧ ਅਤੇ ਅਪਰਾਧੀਆਂ ਵਿਰੁੱਧ ਮੁਲਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਜਾਵੇਗੀ। ਚੋਣ ਰੈਲੀ ਦੌਰਾਨ ਪਿਅਰੇ ਪੌਇਲੀਐਵ ਦੀ ਪਤਨੀ ਅਨਾਇਡਾ ਨੇ ਵੀ ਸੰਬੋਧਨ ਕੀਤਾ ਜਦਕਿ ਰੈਲੀ ਵਿਚ ਸ਼ਾਮਲ ਲੋਕਾਂ ਵੱਲੋਂ ਆਪੋ ਆਪਣੇ ਹਲਕੇ ਦੇ ਉਮੀਦਵਾਰਾਂ ਦੀ ਹਮਾਇਤ ਵਾਲੇ ਸਾਈਨ ਚੁੱਕੇ ਹੋਏ ਸਨ। ਇਸੇ ਦੌਰਾਨ ਲਿਬਰਲ ਆਗੂ ਮਾਰਕ ਕਾਰਨੀ ਐਲਬਰਟਾ ਵਿਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਅਤੇ ਕੈਨੇਡਾ ਨੂੰ ਦੁਨੀਆਂ ਦੀ ਐਨਰਜੀ ਸੁਪਰ ਪਾਵਰ ਬਣਾਉਣ ਦਾ ਐਲਾਨ ਕੀਤਾ।
ਕਿਹਾ, ਸਰਕਾਰ ਆਉਣ ’ਤੇ ਅਪਰਾਧ ਅਤੇ ਅਪਰਾਧੀਆਂ ਦਾ ਖਾਤਮਾ ਕਰ ਦਿਆਂਗੇ
ਉਨ੍ਹਾਂ ਕਿਹਾ ਕਿ ਕੈਨੇਡਾ ਕੋਲ ਕੁਦਰਤੀ ਸਰਮਾਏ ਦੀ ਕੋਈ ਕਮੀ ਨਹੀਂ ਅਤੇ ਇਸ ਦੀ ਸੁਚੱਜੀ ਵਰਤੋਂ ਨਾਲ ਸਾਡਾ ਮੁਲਕ ਵਧੇਰੇ ਖੁਸ਼ਹਾਲ ਬਣ ਸਕਦਾ ਹੈ। ਵੈਨਕੂਵਰ ਵਿਖੇ ਚੋਣ ਪ੍ਰਚਾਰ ਕਰ ਰਹੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਪਬਲਿਕ ਫਾਰਮਾਕੇਅਰ ਸਿਸਟਮ ਲਿਆਂਦਾ ਜਾਵੇਗੀ। ਉਧਰ ਔਟਵਾ ਵਿਖੇ ਗਰੀਨ ਪਾਰਟੀ ਵੱਲੋਂ ਰੈਲੀ ਕੀਤੀ ਗਈ ਅਤੇ ਐਲਿਜ਼ਾਬੈਥ ਮੇਅ ਵੱਲੋਂ ਮੌਂਕਟਨ ਦਾ ਚੋਣ ਦੌਰਾ ਵੀ ਕੀਤਾ ਗਿਆ।