ਕੈਨੇਡਾ : ਮਕਾਨਾਂ ਦੀ ਵਿਕਰੀ ਅਤੇ ਕੀਮਤਾਂ ਹੋਰ ਡਿੱਗੀਆਂ
ਕੈਨੇਡਾ ਵਿਚ ਮਕਾਨਾਂ ਦੀ ਵਿਕਰੀ 2020 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਆ ਚੁੱਕੀ ਹੈ ਅਤੇ ਕੀਮਤਾਂ ਵੀ ਲਗਾਤਾਰ ਘਟ ਰਹੀਆਂ ਹਨ।
ਵੈਨਕੂਵਰ : ਕੈਨੇਡਾ ਵਿਚ ਮਕਾਨਾਂ ਦੀ ਵਿਕਰੀ 2020 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਆ ਚੁੱਕੀ ਹੈ ਅਤੇ ਕੀਮਤਾਂ ਵੀ ਲਗਾਤਾਰ ਘਟ ਰਹੀਆਂ ਹਨ। ਆਮ ਤੌਰ ’ਤੇ ਬਸੰਤ ਰੁੱਤ ਵਿਚ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਮੌਸਮ ਗਰਮ ਹੁੰਦਿਆਂ ਹੀ ਰੀਅਲ ਅਸਟੇਟ ਬਾਜ਼ਾਰ ਵੀ ਭਖ ਜਾਵੇਗਾ ਪਰ ਇਸ ਵਾਰ ਹਾਲਾਤ ਬਿਲਕੁਲ ਵੱਖਰੇ ਨਜ਼ਰ ਆ ਰਹੇ ਹਨ। ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਅਪ੍ਰੈਲ ਦੌਰਾਨ ਮਕਾਨਾਂ ਦੀ ਵਿਕਰੀ 10 ਫੀ ਸਦੀ ਘਟੀ। ਸੰਭਾਵਤ ਖਰੀਦਾਰਾਂ ਵੱਲੋਂ ਕੁਝ ਸਮਾਂ ਉਡੀਕ ਕਰਨਾ ਹੀ ਬਿਹਤਰ ਸਮਝਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੌਰਾਨ ਟਰੰਪ ਦੀਆਂ ਟੈਰਿਫ਼ਸ ਦਾ ਅਸਲ ਅਸਰ ਉਭਕ ਕੇ ਸਾਹਮਣੇ ਆ ਜਾਵੇਗਾ।
ਵੈਨਕੂਵਰ ਵਾਲੇ ਪਾਸੇ ਇਕ ਲੱਖ ਡਾਲਰ ਤੋਂ 2 ਲੱਖ ਡਾਲਰ ਤੱਕ ਆਈ ਕਮੀ
ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਮਕਾਨ ਵੇਚਣ ਦੇ ਇੱਛਕ ਲੋਕਾਂ ਨੂੰ ਸਮਝਾਉਣਾ ਔਖਾ ਹੋ ਰਿਹਾ ਹੈ ਕਿ ਪਿਛਲੇ ਸਾਲ ਵਾਲੀਆਂ ਕੀਮਤਾਂ ’ਤੇ ਪ੍ਰੌਪਰਟੀ ਸੇਲ ਨਹੀਂ ਹੋਣੀ। ਕੁਝ ਲੋਕ ਇਹ ਵੀ ਸਮਝਣ ਨੂੰ ਤਿਆਰ ਨਹੀਂ ਕਿ ਰੀਅਲ ਅਸਟੇਟ ਏਜੰਟ ਨੂੰ ਕੋਈ ਪ੍ਰੌਪਰਟੀ ਵੇਚਣ ਵਾਸਤੇ ਸਮਾਂ ਅਤੇ ਪੈਸਾ ਦੋਵੇਂ ਖਰਚ ਕਰਨੇ ਪੈਂਦੇ ਹਨ। ਇਕ ਪ੍ਰੌਪਰਟੀ ਨੂੰ ਸਹੀ ਤਰੀਕੇ ਨਾਲ ਸੂਚੀਬੱਧ ਕਰਨ ਅਤੇ ਇਸ ਦੇ ਇਸ਼ਤਿਹਾਰ ਵਗੈਰਾ ਜਾਰੀ ਕਰਨ ’ਤੇ 2 ਹਜ਼ਾਰ ਡਾਲਰ ਤੱਕ ਖਰਚ ਆ ਸਕਦਾ ਹੈ। ਹਾਲ ਹੀ ਵਿਚ ਇਕ ਰੀਅਲ ਅਸਟੇਟ ਏਜੰਟ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮਕਾਨ ਵੇਚਣ ਵਾਲਾ ਮੌਜੂਦ ਚੱਲ ਰਹੀ ਕੀਮਤ ਤੋਂ ਵੱਧ ਭਾਅ ’ਤੇ ਪ੍ਰੌਪਰਟੀ ਵੇਚਣ ਦਾ ਇੱਛਕ ਸੀ। ਮਿਸਾਲ ਵਜੋਂ ਵੈਨਕੂਵਰ ਇਲਾਕੇ ਵਿਚ ਕੁਆਡਰ ਆਇਲੈਂਡ ਵਿਖੇ ਇਕ ਮਕਾਨ ਦੀ ਕੀਮਤ 14 ਲੱਖ ਡਾਲਰ ਤੋਂ ਘਟ ਕੇ 13 ਲੱਖ ਡਾਲਰ ’ਤੇ ਆ ਗਈ। ਵੈਨਕੂਵਰ ਇਲਾਕੇ ਦੇ ਰੀਅਲ ਅਸਟੇਟ ਏਜੰਟਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲ ਦੌਰਾਨ ਇਸ ਤਰੀਕੇ ਨਾਲ ਕੀਮਤਾਂ ਡਿਗਦੀਆਂ ਨਹੀਂ ਦੇਖੀਆਂ।
2024 ਦੇ ਮੁਕਾਬਲੇ ਅਪ੍ਰੈਲ ਵਿਚ ਵਿਕਰੀ 10 ਫੀ ਸਦੀ ਘਟੀ
ਆਮ ਤੌਰ ’ਤੇ ਕੀਮਤਾਂ ਵਿਚ ਕਮੀ 10 ਹਜ਼ਾਰ, 20 ਹਜ਼ਾਰ ਜਾਂ 30 ਹਜ਼ਾਰ ਡਾਲਰ ਦੇ ਰੂਪ ਵਿਚ ਆਉਂਦੀ ਹੈ ਪਰ ਇਸ ਵਾਰ ਇਕ ਲੱਖ ਡਾਲਰ, ਡੇਢ ਲੱਖ ਡਾਲਰ ਜਾਂ 2 ਲੱਖ ਡਾਲਰ ਤੱਕ ਦੀ ਨਿਵਾਣ ਦੇਖਣ ਨੂੰ ਮਿਲ ਰਹੀ ਹੈ। ਰੀਅਨ ਅਸਟੇਟ ਦੇ ਮਾਹਰਾਂ ਨੂੰ ਵੀ ਇਹ ਰੁਝਾਨ ਸਮਝ ਨਹੀਂ ਆ ਰਿਹਾ ਜਦਕਿ ਦੂਜੇ ਪਾਸੇ ਕੁਝ ਰੀਅਲ ਅਸਟੇਟ ਏਜੰਟ ਬਗੈਰ ਫੀਸ ਜਾਂ ਕਮਿਸ਼ਨ ਤੋਂ ਵੀ ਸੌਦੇ ਕਰਵਾਉਣ ਨੂੰ ਤਿਆਰ ਹਨ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਵਿਆਜ ਦਰਾਂ ਵਿਚ ਕਟੌਤੀ ਨਾਲ ਵੀ ਬਹੁਤਾ ਫਰਕ ਨਹੀਂ ਪੈਣਾ ਅਤੇ ਕੁਝ ਲੋਕ ਹੀ ਘਟੀਆਂ ਵਿਆਜ ਦਰਾਂ ਦੇ ਆਧਾਰ ’ਤੇ ਕਰਜ਼ਾ ਲੈ ਕੇ ਮਕਾਨ ਖਰੀਦਣਾ ਚਾਹੁਣਗੇ।