Canada : ਮਕਾਨਾਂ ਦੀ ਵਿਕਰੀ ਅਤੇ prices ਡਿੱਗੀਆਂ
ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਉਤੇ ਮੰਦੀ ਸ਼ਿਕੰਜਾ ਕਸਦੀ ਜਾ ਰਹੀ ਹੈ ਅਤੇ ਲੰਘੇ 45 ਸਾਲ ਦੌਰਾਨ ਕਦੇ ਵੀ ਐਨੇ ਮਾੜੇ ਹਾਲਾਤ ਨਜ਼ਰ ਨਹੀਂ ਆਏ
ਟੋਰਾਂਟੋ : ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਉਤੇ ਮੰਦੀ ਸ਼ਿਕੰਜਾ ਕਸਦੀ ਜਾ ਰਹੀ ਹੈ ਅਤੇ ਲੰਘੇ 45 ਸਾਲ ਦੌਰਾਨ ਕਦੇ ਵੀ ਐਨੇ ਮਾੜੇ ਹਾਲਾਤ ਨਜ਼ਰ ਨਹੀਂ ਆਏ। ਬਿਲਡਿੰਗ ਇੰਡਸਟਰੀ ਐਂਡ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਮੁਤਾਬਕ ਸਾਲ 2025 ਦੌਰਾਨ ਉਨਟਾਰੀਓ ਦੇ ਗਰੇਟਰ ਟੋਰਾਂਟੋ ਐਂਡ ਹੈਮਿਲਟਨ ਏਰੀਆ ਵਿਚ ਨਵੇਂ ਮਕਾਨਾਂ ਦੀ ਵਿਕਰੀ ਹੇਠਲੇ ਪੱਧਰ ’ਤੇ ਆ ਗਈ। ਦਸੰਬਰ ਮਹੀਨੇ ਦੌਰਾਨ ਸਿਰਫ਼ 240 ਨਵੇਂ ਮਕਾਨ ਵਿਕੇ ਅਤੇ ਦਸੰਬਰ 2024 ਦੇ ਮੁਕਾਬਲੇ ਇਹ ਅੰਕੜਾ 24 ਫੀ ਸਦੀ ਘੱਟ ਬਣਦਾ ਹੈ। ਦੂਜੇ ਪਾਸੇ ਪਿਛਲੇ 10 ਵਰਿ੍ਹਆਂ ਦੀ ਔਸਤ ਵਿਕਰੀ ਦੇ ਮੁਕਾਬਲੇ ਇਹ ਅੰਕੜਾ 82 ਫੀ ਸਦੀ ਘੱਟ ਬਣਦਾ ਹੈ। ਜੀ.ਟੀ.ਐਚ. ਏ. ਵਿਚ ਪਿਛਲੇ 10 ਸਾਲ ਦੌਰਾਨ ਦਸੰਬਰ ਮਹੀਨੇ ਵਿਚ ਔਸਤਨ 1,327 ਮਕਾਨ ਵਿਕੇ। ਐਲਟਿਸ ਗਰੁੱਪ ਦੇ ਰੀਸਰਚ ਮੈਨੇਜਰ ਐਡਵਰਡ ਜੈਗ ਨੇ ਦੱਸਿਆ ਕਿ ਜੀ.ਟੀ.ਏ. ਵਿਚ ਨਵੇਂ ਮਕਾਨਾਂ ਦੀ ਸਾਲਾਨਾ ਔਸਤ ਵਿਕਰੀ 5,300 ਦਰਜ ਕੀਤੀ ਗਈ ਅਤੇ ਬੀਤੇ 45 ਵਰਿ੍ਹਆਂ ਦੌਰਾਨ ਐਨਾ ਹੇਠਲਾ ਅੰਕੜਾ ਕਦੇ ਵੀ ਸਾਹਮਣੇ ਨਹੀਂ ਆਇਆ।
45 ਸਾਲ ਦੇ ਹੇਠਲੇ ਪੱਧਰ ’ਤੇ ਆਈ ਵਿਕਰੀ
ਪੂਰੇ ਸਾਲ ਦੌਰਾਨ ਵਿਕੇ ਮਕਾਨਾਂ ਨੂੰ ਸ਼੍ਰੇਣੀਆਂ ਵਿਚ ਵੰਡਿਆ ਜਾਵੇ ਤਾਂ ਸਿੰਗਲ ਫੈਮਿਲੀ ਹੋਮਜ਼ ਦੀ ਗਿਣਤੀ 3,247 ਬਣਦੀ ਹੈ ਜੋ ਬੀਤੇ 10 ਸਾਲ ਦੀ ਔਸਤ ਦੇ ਮੁਕਾਬਲੇ 63 ਫੀ ਸਦੀ ਘੱਟ ਹੈ। ਇਸੇ ਤਰ੍ਹਾਂ ਕੌਂਡੋਜ਼ ਦੀ ਵਿਕਰੀ 89 ਫ਼ੀ ਸਦੀ ਹੇਠਾਂ ਚਲੀ ਗਈ ਅਤੇ ਇਹ ਗੱਲ ਰੀਅਲ ਅਸਟੇਟ ਦੇ ਮਾਹਰਾਂ ਦੀ ਸਮਝ ਤੋਂ ਵੀ ਬਾਹਰ ਹੈ। ਐਡਵਰਡ ਜੈਗ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਪੂਰੇ ਉਨਟਾਰੀਓ ਵਿਚ ਨਵੇਂ ਮਕਾਨਾਂ ਦੀ ਵਿਕਰੀ ਦੂਹਰੇ ਅੰਕੜੇ ਵਿਚ ਹੇਠਾਂ ਆਈ ਜਿਸ ਦੇ ਸਿੱਟੇ ਵਜੋਂ ਇਕ ਲੱਖ ਨੌਕਰੀਆਂ ਖਤਰੇ ਵਿਚ ਨਜ਼ਰ ਆ ਰਹੀਆਂ ਹਨ। ਨਵੇਂ ਮਕਾਨਾਂ ਦੀ ਉਸਾਰੀ ਨੂੰ ਕਿਸੇ ਵੀ ਮੁਲਕ ਦੇ ਅਰਥਚਾਰੇ ਵਿਚ ਬੇਹੱਦ ਅਹਿਮ ਮੰਨਿਆ ਜਾਂਦਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਨਵੇਂ ਮਕਾਨਾਂ ਉਤੇ ਲਗਦਾ ਐਚ.ਐਸ.ਟੀ. ਹਟਾ ਦਿਤਾ ਜਾਵੇ। ਇਸ ਤੋਂ ਪਹਿਲਾਂ ਜਨਵਰੀ ਦੇ ਆਰੰਭ ਵਿਚ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਵੱਲੋਂ ਜੀ.ਟੀ.ਏ. ਵਿਚ ਪੁਰਾਣੇ ਮੁਕਾਨਾਂ ਦੀ ਵਿਕਰੀ 8.9 ਫ਼ੀ ਸਦੀ ਘਟਣ ਦੇ ਅੰਕੜੇ ਪੇਸ਼ ਕੀਤੇ ਗਏ।
ਇਕ ਲੱਖ ਨੌਕਰੀਆਂ ’ਤੇ ਮੰਡਰਾਇਆ ਖ਼ਤਰਾ
ਰੀਅਲ ਅਸਟੇਟ ਦੇ ਮਾਹਰਾਂ ਨੇ ਕਈ ਮਹੀਨੇ ਪਹਿਲਾਂ ਹੀ ਸੁਚੇਤ ਕਰ ਦਿਤਾ ਸੀ ਕਿ ਉਨਟਾਰੀਓ ਦਾ ਹਾਊਸਿੰਗ ਸੈਕਟਰ 2026 ਬਦਹਾਲੀ ਦੀ ਹਾਲਤ ਵਿਚ ਜਾ ਸਕਦਾ ਹੈ। ਉਨਟਾਰੀਓ ਦੇ ਮੌਰਗੇਜ ਬ੍ਰੋਕਰ ਰੌਨ ਬਟਲਰ ਨੇ ਸੀ.ਟੀ.ਵੀ. ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੇੜ ਭਵਿੱਖ ਵਿਚ ਹਾਲਾਤ ਸੁਧਰਨ ਦੇ ਆਸਾਰ ਨਹੀਂ। ਇਸੇ ਦੌਰਾਨ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਸਹਾਇਕ ਪ੍ਰੋਫੈਸਰ ਵਿਕਟਰ ਕਚੂਅਰ ਦਾ ਕਹਿਣਾ ਸੀ ਕਿ ਮਕਾਨਾਂ ਦੀਆਂ ਕੀਮਤਾਂ ਘਟਣ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਇਹ ਰੁਝਾਨ ਅਗਲੇ ਸਾਲ ਤੱਕ ਵੀ ਜਾਰੀ ਰਹਿ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਹਾਲਾਤ ਨੂੰ ਹਾਊਸਿੰਗ ਕ੍ਰੈਸ਼ ਨਹੀਂ ਮੰਨਿਆ ਜਾ ਸਕਦਾ ਪਰ ਵਸੋਂ ਵਿਚ ਵਾਧੇ ਅਤੇ ਵਿਆਜ ਦਰਾਂ ਵਿਚ ਵਧੇਰੇ ਕਟੌਤੀ ਤੋਂ ਬਗੈਰ ਮਕਾਨਾਂ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਮੁਸ਼ਕਲ ਹੈ।