ਕੈਨੇਡਾ : ਹਿੰਦੂ ਮੰਦਰ ਨੂੰ ਭੇਤਭਰੇ ਹਾਲਾਤ ਵਿਚ ਲੱਗੀ ਅੱਗ

ਕੈਨੇਡਾ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਯਤਨਾਂ ਦਰਮਿਆਨ ਐਡਮਿੰਟਨ ਦੇ ਮੰਦਰ ਵਿਚ ਲੱਗੀ ਅੱਗ ਨੇ ਭਾਈਚਾਰੇ ਨੂੰ ਹੱਕਾ-ਬੱਕਾ ਕਰ ਦਿਤਾ।

Update: 2025-04-25 12:29 GMT

ਐਡਮਿੰਟਨ : ਕੈਨੇਡਾ ਵਿਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਯਤਨਾਂ ਦਰਮਿਆਨ ਐਡਮਿੰਟਨ ਦੇ ਮੰਦਰ ਵਿਚ ਲੱਗੀ ਅੱਗ ਨੇ ਭਾਈਚਾਰੇ ਨੂੰ ਹੱਕਾ-ਬੱਕਾ ਕਰ ਦਿਤਾ। ਐਡਮਿੰਟਨ ਫਾਇਰ ਰੈਸਕਿਊ ਸਰਵਿਸਿਜ਼ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕੋਈ ਸਿੱਟਾ ਨਹੀਂ ਕੱਢਿਆ ਗਿਆ। ਈ.ਐਫ਼.ਆਰ.ਸੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਸਵੇਰੇ ਤਕਰੀਬਨ ਸਾਢੇ ਤਿੰਨ ਵਜੇ ਮੰਦਰ ਵਿਚ ਅੱਗ ਲੱਗਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਫਾਇਰ ਫਾਈਟਰਜ਼ ਅੱਗ ਬੁਝਾਉਣ ਵਿਚ ਜੁਟ ਗਏ। ਸਾਢੇ ਛੇ ਵਜੇ ਤੋਂ ਬਾਅਦ ਅੱਗ ਕਾਬੂ ਹੇਠ ਆ ਗਈ ਅਤੇ ਬਾਅਦ ਦੁਪਹਿਰ ਤੱਕ ਪੂਰੀ ਤਰ੍ਹਾਂ ਬੁਝਾ ਦਿਤੀ ਗਈ।

ਐਡਮਿੰਟਨ ਦੀ ਵਾਰਦਾਤ ਕਾਰਨ ਭਾਈਚਾਰੇ ਨੂੰ ਵੱਡਾ ਝਟਕਾ

ਦੂਜੇ ਪਾਸੇ ਐਲਬਰਟਾ ਦੀ ਹਿੰਦੂ ਸੋਸਾਇਟੀ ਦੇ ਪ੍ਰਧਾਨ ਰਾਜੀਵ ਅਰੋੜਾ ਨੇ ਦੱਸਿਆ ਕਿ ਮੰਦਰ ਵਿਚ ਅੱਗ ਲੱਗਣ ਦੀ ਖਬਰ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਐਡਮਿੰਟਨ ਦੇ 133 ਐਵੇਨਿਊ ਵਿਖੇ ਬਣੇ ਮੰਦਰ ਦਾ ਲੰਮਾ ਇਤਿਹਾਸ ਹੈ ਅਤੇ ਐਲਬਰਟਾ ਵਿਚ ਇਹ ਸਭ ਤੋਂ ਪਹਿਲਾਂ ਉਸਾਰੇ ਗਏ ਮੰਦਰਾਂ ਵਿਚੋਂ ਇਕ ਹੈ। ਰਾਜੀਵ ਅਰੋੜਾ ਸਵੇਰੇ ਪੰਜ ਵਜੇ ਮੰਦਰ ਪੁੱਜੇ ਅਤੇ ਮਾਮਲੇ ਦੀ ਪੜਤਾਲ ਵਿਚ ਐਡਮਿੰਟਨ ਫਾਇਰ ਰੈਸਕਿਊ ਸਰਵਿਸਿਜ਼ ਦੀ ਮਦਦ ਕਰਨ ਲੱਗੇ। ਉਨ੍ਹਾਂ ਕਿਹਾ ਕਿ ਬਾਹਰੋਂ ਦੇਖਿਆਂ ਬਹੁਤਾ ਨੁਕਸਾਨ ਨਜ਼ਰ ਨਹੀਂ ਆਉਂਦਾ ਪਰ ਅੰਦਰ ਕਾਫੀ ਕੁਝ ਸੜ ਕੇ ਸੁਆਹ ਹੋ ਗਿਆ। ਇਸੇ ਦੌਰਾਨ ਮੰਦਰ ਦੇ ਪੁਜਾਰੀ ਸ਼ਿਵ ਸ਼ੰਕਰ ਦਿਵੇਦੀ ਨੇ ਕਿਹਾ ਕਿ ਹਿੰਦੂ ਭਾਈਚਾਰਾ ਬੇਹੱਦ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਇਕਜੁਟ ਹਨ। 35 ਸਾਲ ਤੋਂ ਮੰਦਰ ਵਿਚ ਪੁਜਾਰੀ ਦੀਆਂ ਸੇਵਾਵਾਂ ਨਿਭਾਅ ਰਹੇ ਸ਼ਿਵ ਸ਼ੰਕਰ ਦਿਵੇਦੀ ਦਾ ਕਹਿਣਾ ਸੀ ਕਿ ਇਥੇ ਸਿਰਫ ਧਾਰਮਿਕ ਸਰਗਰਮੀਆਂ ਨਹੀਂ ਹੁੰਦੀਆਂ ਸਗੋਂ ਲੈਂਗੁਏਜ ਕਲਾਸਾਂ ਅਤੇ ਡਾਂਸ ਕਲਾਸਾਂ ਸਣੇ ਹੋਰ ਕਈ ਕਿਸਮ ਦੀਆਂ ਸਰਗਰਮੀਆਂ ਦਾ ਇਹ ਕੇਂਦਰ ਹੈ।

ਅੱਗ ਬੁਝਾਊ ਮਹਿਕਮਾ ਕਰ ਰਿਹੈ ਮਾਮਲੇ ਦੀ ਪੜਤਾਲ

ਉਨ੍ਹਾਂ ਕਿਹਾ ਕਿ ਜਿਥੇ ਮੰਦਰ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਇਸ ਘਟਨਾ ਨੇ ਭਾਈਚਾਰੇ ਦੇ ਹਿਰਦੇ ਵਲੂੰਧਰ ਦਿਤੇ। ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਦੀ ਹਿੰਦੂ ਸੋਸਾਇਟੀ ਦੇ ਤਕਰੀਬਨ ਡੇਢ ਹਜ਼ਾਰ ਮੈਂਬਰ ਹਨ ਅਤੇ ਸਭਨਾਂ ਵੱਲੋਂ ਮੰਦਰ ਦੀ ਮੁੜ ਉਸਾਰੀ ਲਈ ਯੋਗਦਾਨ ਦਿਤਾ ਜਾ ਰਿਹਾ ਹੈ। ਐਲਬਰਟਾ ਦੇ ਐਡਮਿੰਟਨ ਸ਼ਹਿਰ ਦੀ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦਵਾਰਾ ਅਤੇ ਸਰੀ ਦੇ ਮੰਦਰ ਦੀਆਂ ਕੰਧਾਂ ’ਤੇ ਕਾਲਖ ਪੋਤਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਖਾਲਸਾ ਦੀਵਾਨ ਸੋਸਾਇਟੀ ਗੁਰਦਵਾਰਾ ਸਾਹਿਬ ਵਿਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੱਕੀਆਂ ਦੀਆਂ ਤਸਵੀਰਾਂ ਵੈਨਕੂਵਰ ਪੁਲਿਸ ਜਾਰੀ ਕਰ ਚੁੱਕੀ ਹੈ।

Tags:    

Similar News