Canada ਨੇ international students ਨੂੰ ਪਾਈਆਂ ਭਾਜੜਾਂ

ਕੈਨੇਡੀਅਨ ਇੰਮੀਗ੍ਰੇਸ਼ਨ ਵਾਲਿਆਂ ਦੀ ਕੋਤਾਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ, ਇਸ ਦੀ ਮਿਸਾਲ ਹੈਲੀਫ਼ੈਕਸ ਦੀ ਡਲਹਾਊਜ਼ੀ ਯੂਨੀਵਰਸਿਟੀ ਵਿਚ ਪੜ੍ਹ ਰਹੀ ਮੁਟਿਆਰ ਤੋਂ ਮਿਲਦੀ ਹੈ

Update: 2026-01-06 13:51 GMT

ਹੈਲੀਫ਼ੈਕਸ : ਕੈਨੇਡੀਅਨ ਇੰਮੀਗ੍ਰੇਸ਼ਨ ਵਾਲਿਆਂ ਦੀ ਕੋਤਾਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ, ਇਸ ਦੀ ਮਿਸਾਲ ਹੈਲੀਫ਼ੈਕਸ ਦੀ ਡਲਹਾਊਜ਼ੀ ਯੂਨੀਵਰਸਿਟੀ ਵਿਚ ਪੜ੍ਹ ਰਹੀ ਮੁਟਿਆਰ ਤੋਂ ਮਿਲਦੀ ਹੈ ਜਿਸ ਨੂੰ ਡਿਪੋਰਟ ਕਰਨ ਤੱਕ ਦੀ ਨੌਬਤ ਆ ਗਈ। ਜੀ ਹਾਂ, ਫ਼ੀਮੇਲ ਸਟੂਡੈਂਟ ਨੂੰ ਕੰਮ ਕਰਨ ਤੋਂ ਵੀ ਰੋਕ ਦਿਤਾ ਗਿਆ ਅਤੇ ਦਲੀਲ ਇਹ ਦਿਤੀ ਗਈ ਕਿ ਸਟੱਡੀ ਵੀਜ਼ਾ ਦੀ ਮਿਆਦ ਵਧਾਉਣ ਲਈ ਦਾਇਰ ਅਰਜ਼ੀ ਨਾਲ ਪ੍ਰੋਵਿਨਸ਼ੀਅਲ ਅਟੈਸਟੇਸ਼ਨ ਲੈਟਰ ਸ਼ਾਮਲ ਨਹੀਂ ਸੀ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ 25 ਸਾਲਾ ਚਿਹੋਰੋ ਕੌਂਡੋ ਨੇ ਦਾਅਵਾ ਕੀਤਾ ਕਿ ਉਸ ਵੱਲੋਂ ਹਰ ਦਸਤਾਵੇਜ਼ ਅਰਜ਼ੀ ਵਿਚ ਸ਼ਾਮਲ ਕੀਤਾ ਗਿਆ ਅਤੇ ਕੋਈ ਖਾਮੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਲਿਖੇ ਪੱਤਰ ਮੁਤਾਬਕ ਪ੍ਰੋਵਿਨਸ਼ੀਅਲ ਅਟੈਸਟੇਸ਼ਨ ਲੈਟਰ ਉਨ੍ਹਾਂ ਨੂੰ ਮਿਲਿਆ ਹੀ ਨਹੀਂ। ਇੰਮੀਗ੍ਰੇਸ਼ਨ ਵਿਭਾਗ ਨੇ ਚਿਹੋਰੋ ਨੂੰ ਹੁਕਮ ਜਾਰੀ ਕਰ ਦਿਤੇ ਕਿ ਹਾਲਾਤ ਦੀ ਸਮੀਖਿਆ ਮਗਰੋਂ ਹੁਣ ਉਸ ਕੋਲ ਕੈਨੇਡਾ ਵਿਚ ਪੜ੍ਹਨ ਅਤੇ ਕੰਮ ਕਰਨ ਦਾ ਹੱਕ ਨਹੀਂ ਰਹਿ ਗਿਆ ਕਿਉਂਕਿ ਉਸ ਦਾ ਪੁਰਾਣਾ ਵੀਜ਼ਾ ਖ਼ਤਮ ਹੋ ਚੁੱਕਾ ਹੈ। ਇੰਮੀਗ੍ਰੇਸ਼ਨ ਵਾਲਿਆਂ ਦੀ ਚਿੱਠੀ ਨੇ ਚਿਹੋਰੋ ਨੂੰ ਵੱਡੀ ਮੁਸ਼ਕਲ ਵਿਚ ਫਸਾ ਦਿਤਾ ਜਿਸ ਵਿਚੋਂ ਬਾਹਰ ਆਉਣਾ ਸੌਖਾ ਮਹਿਸੂਸ ਨਹੀਂ ਸੀ ਹੋ ਰਿਹਾ।

ਕੋਤਾਹੀ ਇੰਮੀਗ੍ਰੇਸ਼ਨ ਵਾਲਿਆਂ ਦੀ ਅਤੇ ਡਿਪੋਰਟ ਹੋਣ ਲੱਗੀ ਸੀ ਵਿਦਿਆਰਥਣ

ਇਥੇ ਦਸਣਾ ਬਣਦਾ ਹੈ ਕਿ ਚਿਹੋਰੋ 2021 ਵਿਚ ਸਟੱਡੀ ਵੀਜ਼ਾ ’ਤੇ ਨੋਵਾ ਸਕੋਸ਼ੀਆ ਪੁੱਜੀ ਅਤੇ ਇਸ ਵੇਲੇ ਹੈਲਥ ਪ੍ਰਮੋਸ਼ਨ ਦੀ ਮਾਸਟਰਜ਼ ਡਿਗਰੀ ਕਰ ਰਹੀ ਹੈ ਪਰ ਇੰਮੀਗ੍ਰੇਸ਼ਨ ਵਿਭਾਗ ਦੀ ਆਪਣੀ ਕੋਤਾਹੀ ਨੇ ਉਸ ਦੇ ਸੁਪਨੇ ਖੇਰੂੰ ਖੇਰੂੰ ਕਰ ਦਿਤੇ। ਡਲਹਾਊਜ਼ੀ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਸਾਰਾ ਕਰਕ ਨੇ ਚਿਹੋਰੋ ਨੂੰ ਇਕ ਹੁਸ਼ਿਆਰ ਵਿਦਿਆਰਥਣ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਉਹ ਉਨ੍ਹਾਂ ਦੇ ਦਫ਼ਤਰ ਵਿਚ ਆਈ ਤਾਂ ਲਗਾਤਾਰ ਹੰਝੂ ਵਗ ਰਹੇ ਸਨ। ਬਿਨਾਂ ਸ਼ੱਕ ਅਜਿਹਾ ਕੋਈ ਵੀ ਹੁਕਮ ਕਿਸੇ ਇਨਸਾਨ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਸਕਦਾ ਹੈ। ਪ੍ਰੋ. ਕਰਕ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਕੀਤੀ ਜਾ ਰਹੀ ਰਿਸਰਚ ਵਿਚ ਚਿਹੋਰੋ ਵੱਡਾ ਯੋਗਦਾਨ ਪਾ ਰਹੀ ਸੀ ਅਤੇ ਉਸ ਦੀ ਵਾਪਸੀ ਨਾਲ ਸਟਾਫ਼ ਦਾ ਇਕ ਅਹਿਮ ਮੈਂਬਰ ਘਟ ਜਾਂਦਾ ਹੈ। ਸਿਰਫ਼ ਐਨਾ ਹੀ ਨਹੀਂ, ਰਿਸਰਚ ਪ੍ਰੋਜੈਕਟਾਂ ਵਿਚ ਕੋਈ ਵੀ ਗ੍ਰਾਂਟ ਸਮਾਂ ਹੱਦ ਨਾਲ ਆਉਂਦੀ ਹੈ ਅਤੇ ਪ੍ਰੌਜੈਕਟ ਵਿਚ ਹੋਣ ਵਾਲੀ ਦੇਰ ਕਰ ਕੇ ਗ੍ਰਾਂਟ ਵਾਪਸ ਜਾਣ ਦਾ ਖਦਸ਼ਾ ਵਧ ਜਾਂਦਾ ਹੈ। ਪ੍ਰੋ. ਸਾਰਾ ਕਰਕ ਨੇ ਬਗੈਰ ਦੇਰ ਕੀਤਿਆਂ ਐਮ.ਐਲ.ਏ. ਕ੍ਰਿਸਟਾ ਗੈਲਾਗਰ ਅਤੇ ਹੈਲੀਫ਼ੈਕਸ ਤੋਂ ਐਮ.ਪੀ. ਸ਼ੈਨਨ ਮੀਅਡੀਮਾ ਨਾਲ ਸੰਪਰਕ ਕਰਦਿਆਂ ਮਦਦ ਮੰਗੀ।

ਆਖਰਕਾਰ ਇੰਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤਾ ਸਟੱਡੀ ਵੀਜ਼ਾ

ਆਖਰਕਾਰ ਯਤਨ ਰੰਗ ਲਿਆਏ ਅਤੇ ਇੰਮੀਗ੍ਰੇਸ਼ਨ ਵਿਭਾਗ ਨੇ ਸੀ.ਬੀ.ਸੀ. ਨੂੰ ਭੇਜੀ ਈਮੇਲ ਵਿਚ ਸਪੱਸ਼ਟ ਕਰ ਦਿਤੀ ਕਿ ਪ੍ਰੋਵਿਨਸ਼ੀਅਲ ਅਟੈਸਟੇਸ਼ਨ ਲੈਟਰ ਫ਼ਾਈਲ ਜਮ੍ਹਾਂ ਕਰਵਾਏ ਜਾਣ ਮੌਕੇ ਮੌਜੂਦ ਸੀ। ਇੰਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਮਨੁੱਖੀ ਗਲਤੀ ਕਰ ਕੇ ਅਟੈਸਟੇਸ਼ਨ ਲੈਟਰ ਨਜ਼ਰਾਂ ਤੋਂ ਓਹਲੇ ਹੋ ਗਿਆ। ਜ਼ਿਆਦਾਤਰ ਮੌਕਿਆਂ ’ਤੇ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਹੀ ਅਰਜ਼ੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਪਰ ਫਿਰ ਕੋਤਾਹੀ ਦੀ ਗੁੰਜਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਚਿਹੋਰੋ ਨੂੰ ਆਪਣੀ ਅਰਜ਼ੀ ਉਤੇ ਮੁੜ ਗੌਰ ਕਰਨ ਦੀ ਗੁਜ਼ਾਰਿਸ਼ ਦਾਇਰ ਕਰਨ ਮੌਕਾ ਦਿਤਾ ਗਿਆ ਅਤੇ ਆਖਰਕਾਰ ਸਟੱਡੀ ਵੀਜ਼ਾ ਦੀ ਮਿਆਦ ਵਿਚ ਵਾਧੇ ਨੂੰ ਹਰ ਝੰਡੀ ਮਿਲ ਗਈ। ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਰਾਂ ਨੇ ਸਵਾਲ ਉਠਾਇਆ ਕਿ ਹੋਰ ਕਿੰਨੀਆਂ ਸਟੱਡੀ ਵੀਜ਼ਾ ਅਰਜ਼ੀਆਂ ਇਸ ਤਰੀਕੇ ਨਾਲ ਰੱਦ ਹੋਈਆਂ ਜਿਥੇ ਵਿਦਿਆਰਥੀ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਮਿਆਦ ਵਿਚ ਵਾਧਾ ਨਾ ਮਿਲ ਸਕਿਆ।

Tags:    

Similar News