ਕੈਨੇਡਾ : ਹਿਟ ਐਂਡ ਰਨ ਮਾਮਲੇ ’ਚ ਗਗਨਪ੍ਰੀਤ ਸਿੰਘ ਗ੍ਰਿਫ਼ਤਾਰ

ਕੈਨੇਡਾ ਵਿਚ ਇਕ ਜਾਨਲੇਵਾ ਸੜਕ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ।

Update: 2025-04-07 12:26 GMT

ਕੈਲਗਰੀ : ਕੈਨੇਡਾ ਵਿਚ ਇਕ ਜਾਨਲੇਵਾ ਸੜਕ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਕੈਲਗਰੀ ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀਂ ਸਟੋਨੀ ਟ੍ਰੇਲ ਇਲਾਕੇ ਵਿਚ ਹਿਟ ਐਂਡ ਮਾਮਲੇ ਦੌਰਾਨ 57 ਸਾਲ ਦੀ ਇਕ ਔਰਤ ਨੇ ਦਮ ਤੋੜ ਦਿਤਾ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤ ਦੀ ਗੱਡੀ ਨੂੰ ਇਕ ਟਰੱਕ ਨੇ ਟੱਕਰ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਕੈਲਗਰੀ ਦੇ ਉਤਰ-ਪੱਛਮ ਵੱਲ ਵਾਪਰੇ ਮਗਰੋਂ ਟਰੱਕ ਦੀ ਭਾਲ ਆਰੰਭੀ ਗਈ ਅਤੇ ਆਖਰਕਾਰ ਇਹ ਰੌਕੀ ਵਿਊ ਕੰਟਰੀ ਵਿਖੇ ਮਿਲ ਗਿਆ। ਟਰੱਕ ਦੀ ਪਛਾਣ ਯਕੀਨੀ ਬਣਾਉਂਦਿਆਂ ਸਸਕਾਟੂਨ ਨਾਲ ਸਬੰਧਤ 25 ਸਾਲਾ ਗਗਨਪ੍ਰੀਤ ਸਿੰਘ ਵਿਰੁੱਧ ਦੋ ਦੋਸ਼ ਆਇਦ ਕੀਤੇ ਗਏ। ਪੁਲਿਸ ਮੁਤਾਬਕ ਟੌਯੋਟਾ ਕੌਰੋਲਾ ਵਿਚ ਜਾ ਰਹੀ ਔਰਤ ਨੂੰ ਪਹਿਲਾਂ ਸੈਮੀ ਟਰੱਕ ਨੇ ਟੱਕਰ ਮਾਰੀ ਅਤੇ ਇਸੇ ਦੌਰਾਨ ਨੇੜਿਉਂ ਇਕ ਗੱਡੀ ਵਿਚੋਂ ਲੰਘ ਰਹੇ ਦੋ ਜਣੇ ਮਦਦ ਵਾਸਤੇ ਆਏ ਪਰ ਦੂੂਜੇ ਪਾਸੇ ਇਕ ਪਿਕਅੱਪ ਟਰੱਕ ਨੇ ਮੁੜ ਟੱਕਰ ਮਾਰ ਦਿਤੀ ਅਤੇ ਔਰਤ ਨੇ ਹਸਪਤਾਲ ਵਿਚ ਦਮ ਤੋੜ ਦਿਤਾ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਦੀ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਕੈਲਗਰੀ ਪੁਲਿਸ ਸਰਵਿਸ ਦੇ ਟ੍ਰੈਫਿਕ ਯੂਨਿਟ ਨਾਲ 403 266 1234 ’ਤੇ ਸੰਪਰਕ ਕੀਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕਿਊਬੈਕ ਨਾਲ ਸਬੰਧਤ ਹਿਟ ਐਂਡ ਰਨ ਮਾਮਲੇ ਵਿਚ 22 ਸਾਲ ਦੇ ਹਰਜੋਤ ਸਿੰਘ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਕੈਲਗਰੀ ਵਿਖੇ ਹਾਦਸੇ ਦੌਰਾਨ ਔਰਤ ਦੀ ਹੋਈ ਮੌਤ

ਕਿਊਬੈਕ ਦੇ ਸੇਂਟ ਹੈਲਨ ਡਾ ਬੈਗਟ ਇਲਾਕੇ ਵਿਚ ਜੁਲਾਈ 2023 ਦੌਰਾਨ ਵਾਪਰੇ ਹਾਦਸੇ ਮਗਰੋਂ ਬਰੈਂਪਟਨ ਦਾ ਹਰਜੋਤ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਪੁਲਿਸ ਨੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਜੋਤ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਹੀ ਕਮਰਸ਼ੀਅਲ ਡਰਾਈਵਰ ਦਾ ਲਾਇਸੰਸ ਮਿਲਿਆ ਸੀ ਅਤੇ ਮੌਂਟਰੀਅਲ ਤੋਂ ਕਿਊਬੈਕ ਸਿਟੀ ਦਰਮਿਆਨ ਹਾਦਸਾ ਵਾਪਰ ਗਿਆ। ਹਰਜੋਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਟਰੱਕ ਅਤੇ ਮਿੰਨੀਵੈਨ ਦੀ ਟੱਕਰ ਮਗਰੋਂ ਉਹ ਘਬਰਾਅ ਗਿਆ ਅਤੇ ਮੌਕੇ ਤੋਂ ਫਰਾਰ ਹੋਣ ਦਾ ਫੈਸਲਾ ਕੀਤਾ। ਹਾਦਸੇ ਦੌਰਾਨ ਮਿੰਨੀ ਵੈਨ ਵਿਚ ਸਵਾਰ ਤਿੰਨ ਬੱਚਿਆਂ ਦਾ ਪਿਤਾ ਅਤੇ ਉਨ੍ਹਾਂ ਦੀ ਮਾਂ ਗੰਭੀਰ ਜ਼ਖਮੀ ਹੋ ਗਏ। ਬੱਚਿਆਂ ਦੀ ਮਾਂ ਲੰਮਾ ਸਮਾਂ ਕੋਮਾ ਵਿਚ ਰਹੀ ਅਤੇ ਕਈ ਸਰੀਰਕ ਸਮੱਸਿਆਵਾਂ ਪੈਦਾ ਹੋ ਗਈਆਂ। ਦੂਜੇ ਪਾਸੇ ਚਾਰ ਸਾਲ ਦੀ ਬੱਚੀ ਦਾ ਗੁੱਟ ਟੁੱਟ ਗਿਆ ਜਦਕਿ 10 ਸਾਲ ਦੇ ਬੱਚੇ ਦਾ ਗੋਡਾ ਫਰੈਕਚਰ ਹੋਇਆ।

22 ਸਾਲ ਦੇ ਹਰਜੋਤ ਸਿੰਘ ਨੂੰ ਹੋ ਚੁੱਕੀ ਐ ਇਕ ਸਾਲ ਦੀ ਕੈਦ

ਹਰਜੋਤ ਸਿੰਘ ਨੂੰ ਹਾਦਸੇ ਵਾਲੀ ਥਾਂ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹਾਈਵੇਅ 20 ’ਤੇ ਰੋਕਿਆ ਗਿਆ ਜਿਸ ਦੇ ਟਰੱਕ ਦਾ ਪਿਛਲਾ ਐਕਸਲ ਨੁਕਸਾਨਿਆ ਹੋਇਆ ਸੀ ਅਤੇ ਧੂੰਆਂ ਨਿਕਲ ਰਿਹਾ ਸੀ। ਗ੍ਰਿਫ਼ਤਾਰੀ ਵੇਲੇ ਹਰਜੋਤ ਸਿੰਘ ਦੇ ਫੋਨ ਰਿਕਾਰਡ ਤੋਂ ਪਤਾ ਲੱਗਾ ਕਿ ਉਸ ਨੇ ਘੱਟੋ ਘੱਟ 26 ਮਿੰਟਨ ਵੀਡੀਓ ਕਾਲ ਰਾਹੀਂ ਗੱਲ ਕੀਤੀ। ਅਦਾਲਤ ਵਿਚ ਇਹ ਸਾਬਤ ਨਹੀਂ ਕੀਤਾ ਜਾ ਸਕਿਆ ਕਿ ਹਾਦਸੇ ਵੇਲੇ ਉਹ ਫੋਨ ਚਲਾ ਰਿਹਾ ਸੀ।

Tags:    

Similar News