ਕੈਨੇਡਾ ਫੈਡਰਲ ਚੋਣਾਂ : ਰਾਜਵੀਰ ਸਿੰਘ ਢਿੱਲੋਂ ਨੇ ਚੋਣ ਮੁਹਿੰਮ ਨੂੰ ਮਘਾਇਆ
ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਮਘਾਉਂਦਿਆਂ ਆਪਣੇ ਸਮਰਥਕਾਂ ਸਮੇਤ ਹਲਕੇ ਦੇ ਵੋਟਰਾਂ ਨਾਲ ਡੋਰ ਟੂ ਡੋਰ ਸੰਪਰਕ ਕਰਕੇ ਸਹਿਯੋਗ ਦੀ ਮੰਗ ਕੀਤੀ ਗ਼ਈ|
ਵੈਨਕੂਵਰ (ਮਲਕੀਤ ਸਿੰਘ) : ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਵੱਡੀ ਪੱਧਰ ’ਤੇ ਹੁੰਗਾਰਾ ਮਿਲ ਰਿਹਾ ਏ, ਜਿਸ ਦੇ ਚਲਦਿਆਂ ਉਨ੍ਹਾਂ ਦੀ ਜਿੱਤ ਯਕੀਨੀ ਹੁੰਦੀ ਦਿਖਾਈ ਦੇ ਰਹੀ ਐ। ਦਰਅਸਲ ਰਾਜਵੀਰ ਢਿੱਲੋਂ ਆਪਣੇ ਸਮਰਥਕਾਂ ਸਮੇਤ ਡੋਰ ਟੂ ਡੋਰ ਜਾ ਕੇ ਵੋਟਰਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਏ ਅਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਐ, ਜਿਸ ’ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਏ।
ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਏ, ਓਵੇਂ ਓਵੇਂ ਸਾਰੇ ਉਮੀਦਵਾਰਾਂ ਵੱਲੋਂ ਆਪੋ ਆਪਣੀ ਚੋਣ ਮੁਹਿੰਮ ਤੇਜ਼ ਕੀਤੀ ਜਾ ਰਹੀ ਐ, ਜਿਸਦੇ ਚਲਦਿਆਂ ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਵੀ ਪੂਰੀ ਤਰ੍ਹਾਂ ਭਖ ਚੁੱਕੀ ਐ ਅਤੇ ਉਨ੍ਹਾਂ ਵੱਲੋਂ ਡੋਰ ਟੂ ਡੋਰ ਵੋਟਰਾਂ ਨਾਲ ਸੰਪਰਕ ਕਰਕੇ ਸਹਿਯੋਗ ਮੰਗਿਆ ਜਾ ਰਿਹਾ ਏ। ਇਸੇ ਸਬੰਧੀ ਸਰੀ ਪੈਨੋਰਮਾ ਤੋਂ ਕੰਸਰਵੇਟਿਵ ਪਾਰਟੀ ਦੇ ਵਿਧਾਇਕ ਬਰਾਇਨ ਟੈਪਰ ਅਤੇ ਉਨ੍ਹਾਂ ਦੀ ਪਤਨੀ ਐਰੋਨਾ ਟੈਪਰ ਵੱਲੋਂ ਆਪਣੇ ਸਾਥੀਆਂ ਸਮੇਤ ਰਾਜਵੀਰ ਸਿੰਘ ਢਿੱਲੋਂ ਦੇ ਕੰਗ ਜੌਰਜ਼ ਸਥਿਤ ਚੋਣ ਦਫ਼ਤਰ ਦਾ ਦੌਰਾ ਕਰਕੇ ਉਥੇ ਮੌਜੂਦ ਸਮਰਥਕਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਬੋਲਦਿਆਂ ਮਿਸਟਰ ਟੈਪਰ ਵੱਲੋਂ ਵਿਰੋਧੀਆਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੌਜੂਦਾ ਲਿਬਰਲ ਸਰਕਾਰ ਦੀਆਂ ਨੀਤੀਆਂ ਦੀ ਜਮ ਕੇ ਆਲੋਚਨਾ ਕੀਤੀ ਗਈ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਲੋਕ ਮਾਰੂ ਨੀਤੀਆਂ ਕਰਾਰ ਦਿੱਤਾ ਗਿਆ। ਉਨ੍ਹਾਂ ਫਿਰ ਤੋਂ ਸਮੂਹ ਕੈਨੈਡੀਅਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਨੇਡਾ ਦੇ ਭਲੇ ਲਈ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ।
ਦੱਸ ਦਈਏ ਕਿ ਇਸ ਮੌਕੇ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਿਲਾਸਪੁਰੀਆ, ਬੂਟਾ ਸਿੰਘ, ਜਗਦੀਪ ਸੰਧੂ, ਰਣਜੀਤ ਗਿੱਲ, ਗੈਰੀ ਪੁਰੇਵਾਲ, ਮਾਊਸਿਸ, ਇਕਬਾਲ ਸੰਧੂ, ਬਲਵੀਰ ਢੱਟ, ਜਤਿੰਦਰ ਬਰਾੜ, ਨਵਰੂਪ ਸਿੰਘ ਅਤੇ ਰਿੱਕੀ ਬਾਜਵਾ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਸਨ।