ਕੈਨੇਡਾ ਚੋਣਾਂ : ਲਿਬਰਲਾਂ ਨੂੰ 189 ਸੀਟਾਂ ਮਿਲਣ ਦੇ ਆਸਾਰ
ਕੈਨੇਡਾ ਵਿਚ ਅੱਜ ਵੋਟਾਂ ਪੈ ਜਾਣ ਤਾਂ 189 ਸੀਟਾਂ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਝੋਲੀ ਵਿਚ ਜਾਣਗੀਆਂ ਅਤੇ ਪੂਰਨ ਬਹੁਮਤ ਵਾਲੀ ਸਰਕਾਰ ਹੋਂਦ ਵਿਚ ਆਵੇਗੀ।
ਟੋਰਾਂਟੋ : ਕੈਨੇਡਾ ਵਿਚ ਅੱਜ ਵੋਟਾਂ ਪੈ ਜਾਣ ਤਾਂ 189 ਸੀਟਾਂ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਝੋਲੀ ਵਿਚ ਜਾਣਗੀਆਂ ਅਤੇ ਪੂਰਨ ਬਹੁਮਤ ਵਾਲੀ ਸਰਕਾਰ ਹੋਂਦ ਵਿਚ ਆਵੇਗੀ। 338 ਕੈਨੇਡਾ ਦੇ ਤਾਜ਼ਾ ਚੋਣ ਸਰਵੇਖਣ ਮੁਤਾਬਕ 343 ਮੈਂਬਰਾਂ ਵਾਲੇ ਹਾਊਸ ਆਫ਼ ਕਾਮਨਜ਼ ਵਿਚ ਪਿਅਰੇ ਪੌਇਲੀਐਵ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ 123 ਸੀਟਾਂ ਮਿਲ ਸਕਦੀਆਂ ਹਨ ਜਦਕਿ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਸਿਰਫ਼ 8 ਸੀਟਾਂ ਤੱਕ ਸੀਮਤ ਹੋ ਜਾਵੇਗੀ। ਖੇਤਰੀ ਪਾਰਟੀ ਬਲੌਕ ਕਿਊਬੈਕਵਾ ਨੂੰ 22 ਸੀਟਾਂ ਮਿਲਣ ਦੇ ਆਸਾਰ ਹਨ। ਦੂਜੇ ਪਾਸੇ ਗਰੀਨ ਪਾਰਟੀ ਇਕ ਸੀਟ ਨਾਲ ਹਾਊਸ ਆਫ਼ ਕਾਮਨਜ਼ ਵਿਚ ਆਪਣੀ ਹਾਜ਼ਰੀ ਯਕੀਨੀ ਬਣਾ ਸਕਦੀ ਹੈ।
ਕੰਜ਼ਰਵੇਟਿਵ ਪਾਰਟੀ ਨੂੰ ਮਿਲ ਸਕਦੀਆਂ ਨੇ 123 ਸੀਟਾਂ
ਲਿਬਰਲ ਆਗੂ ਮਾਰਕ ਕਾਰਨੀ ਅੱਜ ਇਲੈਕਸ਼ਨ ਪਲੈਟਫਾਰਮ ਪੇਸ਼ ਕਰਨਗੇ ਜਿਸ ਵਿਚ ਕਈ ਵੱਡੇ ਵਾਅਦੇ ਕੀਤੇ ਜਾ ਸਕਦੇ ਹਨ। ਨਿਆਗਰਾ ਫਾਲਜ਼ ਬਾਰਡਰ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਤੋਂ ਕੈਨੇਡੀਅਨ ਖੁਦਮੁਖਤਿਆਰੀ ਨੂੰ ਪੈਦਾ ਹੋ ਰਹੇ ਖਤਰੇ ਨਾਲ ਨਜਿੱਠਣ ਲਈ ਇਲੈਕਸ਼ਨ ਪਲੈਟਫਾਰਮ ਤਿਆਰ ਕੀਤਾ ਗਿਆ ਹੈ। 338 ਦਾ ਸਰਵੇਖਣ ਕਹਿੰਦਾ ਹੈ ਕਿ ਲਿਬਰਲ ਪਾਰਟੀ ਨੂੰ 43 ਫੀ ਸਦੀ ਵੋਟਾਂ ਮਿਲ ਸਕਦੀਆਂ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਖਾਤੇ ਵਿਚ 38 ਫੀ ਸਦੀ ਵੋਟਾਂ ਜਾਣ ਦੇ ਆਸਾਰ ਹਨ। ਐਨ.ਡੀ.ਪੀ. ਨੂੰ 9 ਫੀ ਸਦੀ ਵੋਟਾਂ ਮਿਲ ਸਕਦੀਆਂ ਹਨ ਜਦਕਿ ਬਲੌਕ ਕਿਊਬੈਕਵਾ ਨੂੰ 8 ਫੀ ਸਦੀ ਵੋਟਾਂ ਮਿਲ ਸਕਦੀਆਂ ਹਨ। ਇਸੇ ਦੌਰਾਨ ਸੀ.ਟੀ.ਵੀ. ਨਿਊਜ਼ ਅਤੇ ਦਾ ਗਲੋਬ ਐਂਡ ਮੇਲ ਵਾਸਤੇ ਨੈਨੋਜ਼ ਰਿਸਰਚ ਵੱਲੋਂ ਕੀਤੇ ਚੋਣ ਸਰਵੇਖਣ ਮੁਤਾਬਕ ਰਾਜਾਂ ਦੇ ਆਧਾਰ ’ਤੇ ਲਿਬਰਲ ਪਾਰਟੀ ਉਨਟਾਰੀਓ, ਕਿਊਬੈਕ, ਐਟਲਾਂਟਿਕ ਕੈਨੇਡਾ ਅਤੇ ਬੀ.ਸੀ. ਵਿਚ ਮਜ਼ਬੂਤ ਨਜ਼ਰ ਆ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਐਲਬਰਟਾ ਅਤੇ ਸਸਕੈਚਵਨ ਤੋਂ ਇਲਾਵਾ ਕਿਸੇ ਵੀ ਸੂਬੇ ਵਿਚ ਪਾਰਟੀ ਨੂੰ ਹੋਰਨਾਂ ਦੇ ਮੁਕਾਬਲੇ ਵੱਧ ਸੀਟਾਂ ਮਿਲਣ ਦੇ ਆਸਾਰ ਨਹੀਂ। ਫਰੈਂਚ ਭਾਸ਼ਾ ਵਿਚ ਹੋਈ ਬਹਿਸ ਮਗਰੋਂ ਕਿਊਬੈਕ ਵਿਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧ ਕੇ 48 ਫੀ ਸਦੀ ਹੋ ਗਈ ਜਦਕਿ ਕੰਜ਼ਰਵੇਟਿਵ ਪਾਰਟੀ 19 ਫੀ ਸਦੀ ’ਤੇ ਖੜ੍ਹੀ ਨਜ਼ਰ ਆ ਰਹੀ ਹੈ।
ਐਨ.ਡੀ.ਪੀ. ਸਿਰਫ 8 ਸੀਟਾਂ ਤੱਕ ਸੀਮਤ ਰਹੇਗੀ : ਸਰਵੇਖਣ
ਐਲਬਰਟਾ ਅਤੇ ਸਸਕੈਚਵਨ ਵਿਖੇ ਕੰਜ਼ਰਵੇਟਿਵ ਪਾਰਟੀ ਨੂੰ ਸਾਂਝੇ ਤੌਰ ’ਤੇ 56 ਫੀ ਸਦੀ ਲੋਕਾਂ ਦੀ ਹਮਾਇਤ ਹਾਸਲ ਹੈ ਜਦਕਿ ਲਿਬਰਲ ਪਾਰਟੀ ਸਿਰਫ਼ 30 ਫੀ ਸਦੀ ਦੇ ਅੰਕੜੇ ’ਤੇ ਖੜ੍ਹੀ ਨਜ਼ਰ ਆਈ। ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇ, ਇਸ ਮਾਮਲੇ ਵਿਚ ਮਾਰਕ ਕਾਰਨੀ 48 ਫੀ ਸਦੀ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਜਦਕਿ ਪਿਅਰੇ ਪੌਇਲੀਐਵ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 34 ਫੀ ਸਦੀ ਦਰਜ ਕੀਤੀ ਗਈ। ਔਰਤਾਂ ਅਤੇ ਮਰਦਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 50 ਫੀ ਸਦੀ ਔਰਤਾਂ ਨੇ ਕਿਹਾ ਕਿ ਉਹ ਲਿਬਰਲ ਪਾਰਟੀ ਨੂੰ ਵੋਟ ਪਾਉਣਗੀਆਂ। ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿਚ ਨਿਤਰਨ ਵਾਲੀਆਂ ਔਰਤਾਂ ਦੀ ਗਿਣਤੀ 30 ਫੀ ਸਦੀ ਦਰਜ ਕੀਤੀ ਗਈ। ਦੂਜੇ ਪਾਸੇ 44 ਫੀ ਸਦੀ ਮਰਦਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਆਖੀ ਅਤੇ 41 ਫੀ ਸਦੀ ਮਰਦਾਂ ਵੱਲੋਂ ਲਿਬਰਲ ਪਾਰਟੀ ਨੂੰ ਵੋਟ ਪਾਉਣ ਦਾ ਜ਼ਿਕਰ ਕੀਤਾ ਗਿਆ। ਉਮਰ ਵਰਗ ਦੇ ਹਿਸਾਬ ਨਾਲ 35 ਸਾਲ ਤੋਂ ਘੱਟ ਉਮਰ ਵਾਲਿਆਂ ਵਿਚ ਕੰਜ਼ਰਵੇਟਿਵ ਪਾਰਟੀ ਪਹਿਲੀ ਪਸੰਦ ਬਣੀ ਹੋਈ ਹੈ। ਸਰਵੇਖਣ ਵਿਚ ਸ਼ਾਮਲ 41 ਫੀ ਸਦੀ ਲੋਕਾਂ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣਗੇ ਜਦਕਿ 39 ਫੀ ਸਦੀ ਲਿਬਰਲ ਪਾਰਟੀ ਦੀ ਹਮਾਇਤ ਵਿਚ ਨਿਤਰੇ। ਇਥੇ ਦਸਣਾ ਬਣਦਾ ਹੈ ਕਿ ਫੈਡਰਲ ਚੋਣਾਂ ਵਿਚ ਇਸ ਵਾਰ 65 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ 18 ਸੀਟਾਂ ’ਤੇ ਇਨ੍ਹਾਂ ਦੀ ਆਪਸ ਵਿਚ ਸਿੱਧੀ ਟੱਕਰ ਹੋ ਰਹੀ ਹੈ।