ਕੈਨੇਡਾ : ਸ਼ਰਾਬੀ ਡਰਾਈਵਰ ਨੇ ਮਾਰੇ 3 ਬੱਚੇ
ਕੈਨੇਡਾ ਵਿਚ ਇਕ ਸ਼ਰਾਬੀ ਡਰਾਈਵਰ ਨੇ ਹਸਦਾ-ਵਸਦਾ ਪਰਵਾਰ ਉਜਾੜ ਦਿਤਾ।
ਟੋਰਾਂਟੋ : ਕੈਨੇਡਾ ਵਿਚ ਇਕ ਸ਼ਰਾਬੀ ਡਰਾਈਵਰ ਨੇ ਹਸਦਾ-ਵਸਦਾ ਪਰਵਾਰ ਉਜਾੜ ਦਿਤਾ। ਤਿੰਨ ਬੱਚੇ ਇਸ ਦੁਨੀਆਂ ਵਿਚ ਨਹੀਂ ਰਹੇ ਅਤੇ ਪਰਵਾਰ ਦੇ ਤਿੰਨ ਜੀਅ ਹਸਪਤਾਲ ਵਿਚ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੇ ਹਨ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਈਟੋਬੀਕੋ ਵਿਖੇ ਹਾਈਵੇਅ 401 ’ਤੇ ਐਤਵਾਰ ਵੱਡੇ ਤੜਕੇ ਅੰਨ੍ਹੇਵਾਹ ਰਫ਼ਤਾਰ ’ਤੇ ਜਾ ਰਹੀ ਇਕ ਸਿਲਵਰ ਕਲਰ ਡੌਜ ਕੈਰਾਵੈਨ ਬੇਕਾਬੂ ਹੋ ਗਈ ਅਤੇ ਲਾਲ ਬੱਤੀ ’ਤੇ ਖੜੀ ਕ੍ਰਾਈਸਲਰ ਮਿੰਨੀ ਵੈਨ ਵਿਚ ਜਾ ਵੱਜੀ। ਡਿਊਟੀ ਇੰਸਪੈਕਟਰ ਬਹੀਰ ਸਰਵਾਨੰਦਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ 15 ਸਾਲ ਅਤੇ 13 ਸਾਲ ਦੀ ਬੱਚਿਆਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਛੇ ਸਾਲ ਦੀ ਬੱਚੀ ਨੇ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ।
ਪਰਵਾਰ ਦੇ 3 ਜੀਅ ਗੰਭੀਰ ਜ਼ਖਮੀ
ਜ਼ਖਮੀਆਂ ਵਿਚ 10 ਸਾਲ ਦਾ ਇਕ ਬੱਚਾ, 35 ਸਾਲ ਦੀ ਮਾਂ ਅਤੇ 40 ਸਾਲ ਦਾ ਪਿਤਾ ਸ਼ਾਮਲ ਹਨ। ਪੁਲਿਸ ਵੱਲੋਂ ਹਾਦਸੇ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਡਰਾਈਵਰ ਦੀ ਸ਼ਨਾਖ਼ਤ ਉਨਟਾਰੀਓ ਦੇ ਜਾਰਜਟਾਊਨ ਨਾਲ ਸਬੰਧਤ 19 ਸਾਲ ਦੇ ਈਥਨ ਲੈਹੋਈਲੀਅਰ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਸਣੇ ਤਕਰੀਬਨ 6 ਦੋਸ਼ ਆਇਦ ਕੀਤੇ ਗਏ ਹਨ। ਉਧਰ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਤਿੰਨ ਬੱਚਿਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ। ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਈਟੋਬੀਕੋ ਵਿਖੇ ਵਾਪਰਿਆ ਹਾਦਸਾ ਕਿਸੇ ਤਰਾਸਦੀ ਤੋਂ ਘੱਟ ਨਹੀਂ। ਤਿੰਨ ਬੱਚਿਆਂ ਦੀ ਮੌਤ ਬਾਰੇ ਸੁਣ ਕੇ ਦਿਲ ਨੂੰ ਡੂੰਘੀ ਸੱਟ ਵੱਜੀ। ਅਜਿਹੇ ਖਤਰਨਾਕ ਹਾਦਸਿਆਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸੇ ਦੌਰਾਨ ਐਤਵਾਰ ਨੂੰ ਬੱਚਿਆਂ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ ਦੀ ਕਤਾਰ ਲੱਗ ਗਈ। ਪਰਵਾਰ ਤੋਂ ਬਿਲਕੁਲ ਅਣਜਾਣ ਲੋਕ ਵੀ ਹਾਦਸੇ ਵਾਲੀ ਥਾਂ ’ਤੇ ਪੁੱਜੇ ਅਤੇ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਇਕ ਸ਼ਖਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਖਮਿਆਜ਼ਾ ਪੂਰੇ ਪਰਵਾਰ ਨੂੰ ਭੁਗਤਣਾ ਪਿਆ ਜਿਸ ਦੇ ਮੈਂਬਰ ਇਕ ਟ੍ਰੈਫਿਕ ਲਾਈਟ ’ਤੇ ਹਰੀ ਬੱਤੀ ਹੋਣ ਦੀ ਉਡੀਕ ਕਰ ਰਹੇ ਸਨ।
ਇਟੋਬੀਕੋ ਵਿਖੇ ਹਾਈਵੇਅ 401 ’ਤੇ ਵਾਪਰਿਆ ਹਾਦਸਾ
ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਟ੍ਰੈਫਿਕ ਸਰਵਿਸਿਜ਼ ਨਾਲ 416 808 1900 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਗਾਰਡਨਰ ਐਕਸਪ੍ਰੈਸ ਵੇਅ ’ਤੇ ਚਲਦੀ ਗੱਡੀ ਵਿਚੋਂ ਡਿੱਗੀ ਇਕ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟੋਰਾਂਟੋ ਪੁਲਿਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਔਰਤ ਨੇ ਚਲਦੀ ਗੱਡੀ ਵਿਚੋਂ ਛਾਲ ਮਾਰੀ ਅਤੇ ਹਾਦਸੇ ਦੇ ਕਾਰਨਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈਕਿ 29 ਸਾਲ ਦੀ ਔਰਤ ਪੁਲਿਸ ਨੂੰ ਜ਼ਖਮੀ ਹਾਲਤ ਵਿਚ ਮਿਲੀ ਅਤੇ ਉਸ ਦੇ ਨੇੜੇ ਤੇੜੇ ਕੋਈ ਗੱਡੀ ਨਹੀਂ ਸੀ। ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਟ੍ਰੈਫਿਕ ਸਰਵਿਸਿਜ਼ ਦੇ ਅਫ਼ਸਰਾਂ ਨਾਲ ਸੰਪਰਕ ਕਰੇ।