ਕੈਨੇਡਾ ਨੇ ਡਿਪੋਰਟ ਕੀਤੇ 3 ਪੰਜਾਬੀ, 78 ਹੋਰ ਕਰਨ ਦੀ ਤਿਆਰੀ
ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਦੇ ਘਰਾਂ ਅਤੇ ਦਫ਼ਤਰਾਂ ’ਤੇ ਗੋਲੀਆਂ ਚਲਾਉਣ ਵਾਲੇ ਤਿੰਨ ਜਣਿਆਂ ਨੂੰ ਡਿਪੋਰਟ ਕਰ ਦਿਤਾ ਗਿਆ ਹੈ ਅਤੇ 78 ਹੋਰਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਚੱਲ ਰਹੀ ਹੈ
ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਦੇ ਘਰਾਂ ਅਤੇ ਦਫ਼ਤਰਾਂ ’ਤੇ ਗੋਲੀਆਂ ਚਲਾਉਣ ਵਾਲੇ ਤਿੰਨ ਜਣਿਆਂ ਨੂੰ ਡਿਪੋਰਟ ਕਰ ਦਿਤਾ ਗਿਆ ਹੈ ਅਤੇ 78 ਹੋਰਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਚੱਲ ਰਹੀ ਹੈ। ਜੀ ਹਾਂ, ਜਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਡਿਪੋਰਟ ਕੀਤੇ ਤਿੰਨ ਸ਼ੱਕੀ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ ਪਰ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਲਾਗੂ ਬੰਦਿਸ਼ਾਂ ਦੇ ਮੱਦੇਨਜ਼ਰ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਕੈਨੇਡਾ ਦੇ ਬੀ.ਸੀ., ਉਨਟਾਰੀਓ ਅਤੇ ਐਲਬਰਟਾ ਰਾਜਾਂ ਵਿਚ ਜਬਰੀ ਵਸੂਲੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਕੱਲੇ ਸਰੀ ਸ਼ਹਿਰ ਦਾ ਜ਼ਿਕਰ ਕੀਤਾ ਜਾਵੇ ਤਾਂ ਮੋਟੀ ਰਕਮ ਦੀ ਮੰਗ ਕਰਦਿਆਂ ਧਮਕੀ ਭਰੇ ਮੈਸੇਜ ਭੇਜਣ ਜਾਂ ਗੋਲੀਆਂ ਚਲਾਉਣ ਦੀਆਂ 74 ਵਾਰਦਾਤਾਂ ਮੌਜੂਦਾ ਵਰ੍ਹੇ ਦੌਰਾਨ ਵਾਪਰ ਚੁੱਕੀਆਂ ਹਨ।
ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿਚ ਕਾਰਵਾਈ
ਕਪਿਲ ਸ਼ਰਮਾ ਦੇ ਕੈਫੇ ’ਤੇ ਤਿੰਨ ਵਾਰ ਗੋਲੀਆਂ ਚੱਲੀਆਂ ਜਦਕਿ ਪਿਛਲੇ ਦਿਨੀਂ ਕਬੱਡੀ ਪ੍ਰਮੋਟਰ ਸੇਵਾ ਸਿੰਘ ਰਾਣਾ ਦੇ ਘਰ ’ਤੇ ਗੋਲੀਆਂ ਚੱਲਣ ਦੀ ਵਾਰਦਾਤ ਵੀ ਸਾਹਮਣੇ ਆਈ। ਸਰੀ ਪੁਲਿਸ ਗੋਲੀਬਾਰੀ ਦੇ ਮਾਮਲਿਆਂ ਵਿਚ ਕਈ ਗ੍ਰਿਫ਼ਤਾਰੀਆਂ ਵੀ ਕਰ ਚੁੱਕੀ ਹੈ ਅਤੇ ਸੰਭਾਵਤ ਤੌਰ ’ਤੇ ਇਹ ਮਾਮਲੇ ਬੀ.ਸੀ. ਟਾਸਕ ਫੋਰਸ ਦੇ ਸਪੁਰਦ ਕਰ ਦਿਤੇ ਗਏ। ਬ੍ਰਿਟਿਸ਼ ਕੋਲੰਬੀਆ ਟਾਸਕ ਫੋਰਸ ਦੇ 40 ਮੈਂਬਰਾਂ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਆਰ.ਸੀ.ਐਮ.ਪੀ., ਐਬਸਫੋਰਡ ਪੁਲਿਸ, ਡੈਲਟਾ ਪੁਲਿਸ, ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਅਤੇ ਸਰੀ ਪੁਲਿਸ ਦੇ ਅਫ਼ਸਰ ਸ਼ਾਮਲ ਹਨ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਸਤੰਬਰ ਦੇ ਅੰਤ ਵਿਚ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਤੋਂ ਬਾਅਦ ਇਹ ਕਾਰਵਾਈ ਸਾਹਮਣੇ ਆਈ ਹੈ ਅਤੇ ਧਮਕੀਆਂ ਭਰੀਆਂ ਐਕਸਟੌਰਸ਼ਨ ਕਾਲਜ਼ ਤੋਂ ਤੰਗ ਆ ਚੁੱਕੇ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਜਾਗੀ ਹੈ।
ਕਾਰੋਬਾਰੀਆਂ ’ਤੇ ਗੋਲੀਆਂ ਚਲਾ ਕੇ ਮੰਗੀਆਂ ਜਾ ਰਹੀਆਂ ਮੋਟੀਆਂ ਰਕਮਾਂ
ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਮੁਲਕ ਦੀਆਂ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਬਾਰਡਰ ਅਫ਼ਸਰਾਂ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਸੀ.ਬੀ.ਐਸ.ਏ. ਨੇ ਸਾਲ 2024 ਦੌਰਾਨ 184 ਅਪਰਾਧਕ ਮਾਮਲਿਆਂ ਵਿਚ ਪੜਤਾਲ ਆਰੰਭੀ ਅਤੇ ਦੋਸ਼ਾਂ ਦੇ ਘੇਰੇ ਵਿਚ ਆਏ ਪ੍ਰਵਾਸੀਆਂ ਨੂੰ ਪੜਾਅਵਾਰ ਤਰੀਕੇ ਨਾਲ ਡਿਪੋਰਟ ਕੀਤਾ ਜਾ ਰਿਹਾ ਹੈ। ਸੀ.ਬੀ.ਐਸ.ਏ. ਦੀ ਰੀਜਨਲ ਡਾਇਰੈਕਟਰ ਨੀਨਾ ਪਟੇਲ ਨੇ ਦੱਸਆ ਕਿ ਐਕਸਟੌਰਸ਼ਨ ਮਾਮਲਿਆਂ ਦੀ ਪੜਤਾਲ ਦਰਸਾਉਂਦੀ ਹੈ ਕਿ ਐਨਫ਼ੋਰਸਮੈਂਟ ਟੀਮਾਂ ਦਿਨ-ਰਾਤ ਜੁਟੀਆਂ ਹੋਈਆਂ ਹਨ ਅਤੇ ਵਿਦੇਸ਼ਾਂ ਵਿਚ ਸਰਗਰਮ ਗਿਰੋਹਾਂ ਦੇ ਮੈਂਬਰਾਂ ਕਾਬੂ ਕੀਤੇ ਜਾ ਰਹੇ ਹਨ। ਅਜਿਹੇ ਗੈਰਸਮਾਜੀ ਅਨਸਰਾਂ ਨੂੰ ਜਲਦ ਤੋਂ ਜਲਦ ਡਿਪੋਰਟ ਕੀਤਾ ਜਾਵੇਗਾ ਜੋ ਨਾ ਸਿਰਫ਼ ਕੈਨੇਡੀਅਨ ਇੰਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕਰ ਰਹੇ ਹਨ ਸਗੋਂ ਲੋਕਾਂ ਦੀ ਸੁਰੱਖਿਆ ਖਤਰੇ ਵਿਚ ਪਾਈ ਜਾ ਰਹੀ ਹੈ।