ਕੈਨੇਡਾ : ਜਬਰੀ ਵਸੂਲੀ ਦੇ ਮਾਮਲੇ ਵਿਚ ਦਵਿੰਦਰ ਸਿੰਘ ਗ੍ਰਿਫ਼ਤਾਰ
ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 42 ਸਾਲ ਦੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
ਐਡਮਿੰਟਨ : ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 42 ਸਾਲ ਦੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਡਮਿੰਟਨ ਪੁਲਿਸ ਨੇ ਦੱਸਿਆ ਕਿ 27 ਅਗਸਤ ਨੂੰ ਇਕ ਕਾਰੋਬਾਰੀ ਨੇ ਧਮਕੀਆਂ ਆਉਣ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਧਮਕੀਆਂ ਦੇਣ ਵਾਲਾ ਇਕ ਲੱਖ ਡਾਲਰ ਤੋਂ ਵੱਧ ਰਕਮ ਦੀ ਮੰਗ ਕਰ ਰਿਹਾ ਸੀ। ਫੋਨ ਕਰਨ ਵਾਲੇ ਨੇ ਕਾਰੋਬਾਰੀ ਨੂੰ ਡਰਾਇਆ ਕਿ ਉਸ ਉਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੰਗ ਪੂਰੀ ਨਾ ਕੀਤੀ ਗਈ ਤਾਂ ਉਸ ਦੇ ਪਰਵਾਰ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਐਡਮਿੰਟਨ ਦੇ ਕਾਰੋਬਾਰੀ ਤੋਂ ਮੰਗੀ ਸੀ ਇਕ ਲੱਖ ਡਾਲਰ ਦੀ ਰਕਮ
ਐਡਮਿੰਟਨ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਕੋਲੋਂ ਦੋ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਜਿਨ੍ਹਾਂ ਰਾਹੀਂ ਧਮਕੀ ਭਰੀਆਂ ਕਾਲਜ਼ ਕੀਤੀਆਂ ਗਈਆਂ। ਸਟਾਫ਼ ਸਾਰਜੈਂਟ ਐਰਿਕ ਸਟੀਵਰਟ ਨੇ ਕਿਹਾ ਕਿ ਜਦੋਂ ਕੋਈ ਤੁਹਾਡੇ ਨਿਜੀ ਵੇਰਵੇ ਪੇਸ਼ ਕਰਦਿਆਂ ਰਕਮ ਦੀ ਮੰਗ ਕਰੇ ਤਾਂ ਮਨ ਅੰਦਰ ਡਰ ਪੈਦਾ ਹੋ ਜਾਂਦਾ ਹੈ ਅਤੇ ਇਹੀ ਰਣਨੀਤੀ ਐਕਸਟੌਰਸ਼ਨ ਕਾਲ ਕਰਨ ਵਾਲਿਆਂ ਵੱਲੋਂ ਅਪਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਲੋਕ ਇਕੱਲੇ ਨਹੀਂ ਅਤੇ ਅਜਿਹੀ ਕੋਈ ਵੀ ਕਾਲ ਆਉਣ ’ਤੇ ਪੁਲਿਸ ਨੂੰ ਇਤਲਾਹ ਦਿਤੀ ਜਾਵੇ। ਐਡਮਿੰਟਨ ਪੁਲਿਸ ਨੇ ਲੋਕਾਂ ਸੁਚੇਤ ਰਹਿਣ ਵਾਸਤੇ ਵਖੀ ਆਖਿਆ, ਖਾਸ ਤੌਰ ’ਤੇ ਜਦੋਂ ਅਣਪਛਾਤੇ ਨੰਬਰਾਂ ਨੂੰ ਮੈਸੇਜ ਆਉਣ ਲੱਗਣ। ਪੁਲਿਸ ਨੇ ਕਿਹਾ ਕਿ ਕਿਸੇ ਮੈਸੇਜ ਦਾ ਜਵਾਬ ਨਾ ਦਿਤਾ ਜਾਵੇ ਅਤੇ ਮਨ ਵਿਚ ਕਿਸੇ ਵੀ ਕਿਸਮ ਦਾ ਸ਼ੱਕ ਹੋਣ ਦੀ ਸੂਰਤ ਵਿਚ ਪੁਲਿਸ ਨਾਲ ਸੰਪਰਕ ਕੀਤਾ ਜਾਵੇ।