ਕੈਨੇਡਾ : ਇਕ ਹੋਰ ਭਾਰਤੀ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਗ੍ਰਿਫ਼ਤਾਰ
ਉਨਟਾਰੀਓ ਦੇ ਹੈਮਿਲਟਨ ਨਾਲ ਸਬੰਧਤ 71 ਸਾਲਾ ਅਸ਼ੋਕ ਦੁਆ ਨੂੰ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੈਮਿਲਟਨ : ਉਨਟਾਰੀਓ ਦੇ ਹੈਮਿਲਟਨ ਨਾਲ ਸਬੰਧਤ 71 ਸਾਲਾ ਅਸ਼ੋਕ ਦੁਆ ਨੂੰ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਇਕ ਧਾਰਮਿਕ ਸਥਾਨ ’ਤੇ ਸੈਕਸ਼ੁਅਲ ਅਸਾਲਟ ਦੇ ਸ਼ਿਕਾਰ ਬਣੇ ਦੋ ਨਾਬਾਲਗਾਂ ਵੱਲੋਂ ਆਈ ਸ਼ਿਕਾਇਤ ਦੀ ਪੜਤਾਲ ਕਰਦਿਆਂ ਇਹ ਗ੍ਰਿਫ਼ਤਾਰੀ ਕੀਤੀ ਗਈ। ਪੁਲਿਸ ਵੱਲੋਂ ਅਸ਼ੋਕ ਦੁਆ ਵਿਰੁੱਧ ਸੈਕਸ਼ੁਅਲ ਅਸਾਲਟ, ਸੈਕਸ਼ੁਅਲ ਇੰਟਰਫੇਰਰੈਂਸ ਅਤੇ ਰਿਹਾਈ ਸ਼ਰਤਾਂ ਦੀ ਪਾਲਣਾ ਕਰਨ ਦੇ 2-2 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵੱਲੋਂ ਅਸ਼ੋਕ ਦੁਆ ਦੀ ਜ਼ਮਾਨਤ ਦੇ ਵਿਰੋਧ ਕੀਤੇ ਜਾਣ ਕਾਰਨ ਜ਼ਮਾਨਤ ਨਾ ਮਿਲ ਸਕੀ ਅਤੇ ਫਿਲਹਾਲ ਉਹ ਜੇਲ ਵਿਚ ਹੈ।
71 ਸਾਲ ਦੇ ਅਸ਼ੋਕ ਦੁਆ ਵਜੋਂ ਕੀਤੀ ਗਈ ਸ਼ਨਾਖਤ
ਹੈਮਿਲਟਨ ਪੁਲਿਸ ਦਾ ਮੰਨਣਾ ੲੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਦੂਜੇ ਪਾਸੇ ਟੋਰਾਂਟੋ ਦੇ ਡੈਨਫਰਥ ਇਲਾਕੇ ਵਿਚ ਕਈ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਭਾਲ ਕਰ ਰਹੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਬੁੱਧਵਾਰ ਵੱਡੇ ਤੜਕੇ ਡੈਨਫਰਕ ਐਵੇਨਿਊ ਅਤੇ ਜੋਨਜ਼ ਐਵੇਨਿਊ ਇਲਾਕੇ ਵਿਚ ਇਕ ਕਾਰੋਬਾਰੀ ਅਦਾਰੇ ਨੂੰ ਨਿਸ਼ਾਨਾ ਬਣਾਇਆ। ਸ਼ੱਕੀ ਉਥੋਂ ਕੁਝ ਚੀਜ਼ਾਂ ਅਤੇ ਅਣਦੱਸੀ ਮਾਤਰਾ ਵਿਚ ਕੈਸ਼ ਲੈ ਗਿਆ। ਉਸੇ ਸ਼ੱਕੀ ਨੇ ਕੁਝ ਘੰਟੇ ਬਾਅਦ ਇਕ ਹੋਰ ਕਾਰੋਬਾਰੀ ਅਦਾਰੇ ਵਿਚ ਵਾਰਦਾਤ ਨੂੰ ਅੰਜਾਮ ਦਿਤਾ। ਪੁਲਿਸ ਨੇ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਹੈ ਕਿ ਵਾਰਦਾਤ ਵੇਲੇ ਉਸ ਨੇ ਹਲਕੇ ਰੰਗ ਦੀ ਜੈਕਟ, ਗੂੜ੍ਹੇ ਨੀਲੇ ਰੰਗ ਦੀ ਜੀਨਜ਼ ਅਤੇ ਗੂੜ੍ਹੇ ਰੰਗ ਦੇ ਬੂਟ ਪਾਏ ਹੋਏ ਸਨ। ਇਸ ਇਲਾਵਾ ਐਨਕਾਂ ਅਤੇ ਫੇਸਮਾਸਕ ਵੀ ਲੱਗਾ ਹੋਇਆ ਸੀ।