Canada: ਘੱਟ ਆਮਦਨ ਵਾਲੇ ਪਰਵਾਰਾਂ ਨੂੰ 800 dollar ਦਾ ਤੋਹਫ਼ਾ

ਕੈਨੇਡਾ ਵਿਚ ਘੱਟ ਆਮਦਨ ਵਾਲੇ ਤਕਰੀਬਨ 12 ਮਿਲੀਅਨ ਲੋਕਾਂ ਲਈ ਗਰੌਸਰੀ ਰਿਆਇਤ ਵਿਚ ਅੱਜ ਤੋਂ ਵਾਧਾ ਕੀਤਾ ਜਾ ਰਿਹਾ ਹੈ

Update: 2026-01-26 13:47 GMT

ਔਟਵਾ : ਕੈਨੇਡਾ ਵਿਚ ਘੱਟ ਆਮਦਨ ਵਾਲੇ ਤਕਰੀਬਨ 12 ਮਿਲੀਅਨ ਲੋਕਾਂ ਲਈ ਗਰੌਸਰੀ ਰਿਆਇਤ ਵਿਚ ਅੱਜ ਤੋਂ ਵਾਧਾ ਕੀਤਾ ਜਾ ਰਿਹਾ ਹੈ। ਜੀ ਹਾਂ, ਪ੍ਰਧਾਨ ਮੰਤਰੀ ਮਾਰਕ ਕਾਰਨੀ ਜੀ.ਐਸ.ਟੀ. ਕ੍ਰੈਡਿਟ ਟੌਪ-ਅੱਪ ਸਣੇ ਮਹਿੰਗਾਈ ਤੋਂ ਰਾਹਤ ਵਾਲੇ ਕਈ ਉਪਰਾਲਿਆਂ ਦਾ ਐਲਾਨ ਕਰ ਸਕਦੇ ਹਨ। ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਗਰੌਸਰੀ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ‘ਕੈਨੇਡਾ ਗਰੌਸਰੀਜ਼ ਐਂਡ ਐਸੈਂਸ਼ਲਜ਼ ਬੈਨੇਫ਼ਿਟ’ ਯੋਜਨਾ ਆਰੰਭੀ ਜਾ ਰਹੀ ਹੈ ਜਿਸ ਤਹਿਤ ਇਕ ਕੈਲੰਡਰ ਵਰ੍ਹੇ ਦੌਰਾਨ ਇਕੱਲੇ ਸ਼ਖਸ ਨੂੰ 400 ਡਾਲਰ ਦਾ ਫ਼ਾਇਦਾ ਹੋਵੇਗਾ ਜਦਕਿ ਦੋ ਬੱਚਿਆਂ ਵਾਲੇ ਪਤੀ-ਪਤਨੀ ਨੂੰ 800 ਡਾਲਰ ਦਾ ਲਾਭ ਮਿਲ ਸਕਦਾ ਹੈ। ਫ਼ੈਡਰਲ ਸਰਕਾਰ ਵੱਲੋਂ ਤਿਮਾਈ ਜੀ.ਐਸ.ਟੀ. ਅਦਾਇਗੀਆਂ ਵਿਚ ਆਉਂਦੇ ਪੰਜ ਸਾਲ ਦੌਰਾਨ 25 ਫ਼ੀ ਸਦੀ ਵਾਧਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਆਉਂਦੇ ਜੂਨ ਮਹੀਨੇ ਦੌਰਾਨ 50 ਫ਼ੀ ਸਦੀ ਇਕਮੁਸ਼ਤ ਟੌਪ-ਅੱਪ ਮਿਲੇਗਾ।

ਪ੍ਰਧਾਨ ਮੰਤਰੀ ਕਰਨਗੇ 12 ਮਿਲੀਅਨ ਲੋਕਾਂ ਨੂੰ ਗਰੌਸਰੀ ਰਾਹਤ ਦਾ ਐਲਾਨ

ਵਿਰੋਧੀ ਧਿਰ ਵੱਲੋਂ ਗਰੌਸਰੀ ਕੀਮਤਾਂ ਸਣੇ ਹੋਰ ਖੇਤਰ ਵਿਚ ਵਧ ਰਹੀ ਮਹਿੰਗਾਈ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਏ ਜਾਣ ਮਗਰੋਂ ਕਾਰਨੀ ਸਰਕਾਰ ਦਬਾਅ ਹੇਠ ਆ ਗਈ ਅਤੇ ਘੱਟ ਆਮਦਨ ਵਾਲਿਆਂ ਨੂੰ ਰਾਹਤ ਦੇਣ ਦੀ ਯੋਜਨਾ ਤਿਆਰ ਕੀਤੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਕੀਤੇ ਜਾਣ ਵਾਲੇ ਐਲਾਨ ਵਿਚ ਸਿਰਫ਼ ਜੀ.ਐਸ.ਟੀ. ਰਿਆਇਤ ਸ਼ਾਮਲ ਨਹੀਂ ਹੋਵੇਗੀ ਸਗੋਂ ਅਫ਼ੌਰਡੇਬੀਲਿਟੀ ਨਾਲ ਸਬੰਧਤ ਕਈ ਹੋਰ ਵੱਡੇ ਕਦਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨਾਲ ਮੁਲਾਕਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਫੂਡ ਸਪਲਾਈ ਚੇਨ ਦੀਆਂ ਸਮੱਸਿਆਵਾਂ ਖ਼ਤਮ ਕਰਨ ਅਤੇ ਮੁਕਾਬਲੇਬਾਜ਼ੀ ਵਧਾਉਣ ਵਰਗੇ ਕਈ ਐਲਾਨ ਕੀਤੇ ਜਾਣ ਦੇ ਆਸਾਰ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਪਿਛਲੇ ਵਰ੍ਹੇ 6.2 ਫ਼ੀ ਸਦੀ ਵਧ ਗਈਆਂ ਅਤੇ 2023 ਤੋਂ ਬਾਅਦ ਇਹ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ।

ਮਹਿੰਗਾਈ ਦੇ ਟਾਕਰੇ ਲਈ ਲਿਬਰਲ ਸਰਕਾਰ ਕਰ ਰਹੀ ਵੱਖ-ਵੱਖ ਉਪਰਾਲੇ

ਜੀ 7 ਮੁਲਕਾਂ ਵਿਚੋਂ ਕੈਨੇਡਾ ਵਿਚ ਮਹਿੰਗਾਈ ਦਰ ਸਭ ਤੋਂ ਉਤੇ ਚੱਲ ਰਹੀ ਹੈ। ਦੂਜੇ ਪਾਸੇ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਗਰੌਸਰੀ ਕੀਮਤਾਂ ਵਿਚ 5 ਫ਼ੀ ਸਦੀ ਵਾਧਾ ਹੋਇਆ ਜਦਕਿ ਰੈਸਟੋਰੈਂਟਾਂ ਵਿਚ ਖਾਣਾ 8.5 ਫ਼ੀ ਸਦੀ ਮਹਿੰਗਾ ਹੋ ਗਿਆ। ਫੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਘੱਟ ਆਮਦਨ ਵਾਲੇ ਪਰਵਾਰ ਆਪਣੀਆਂ ਜ਼ਰੂਰਤਾਂ ਨੂੰ ਸੀਮਤ ਕਰਨ ਲਈ ਮਜਬੂਰ ਹੋ ਚੁੱਕੇ ਹਨ। ਮਹਿੰਗਾਈ ਵਧਣ ਪਿੱਛੇ ਕਈ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਵਿਚ ਢੋਆ-ਢੁਆਈ ਦੌਰਾਨ ਲੱਗਣ ਵਾਲਾ ਵਾਧੂ ਸਮਾਂ ਅਤੇ ਕੌਮਾਂਤਰੀ ਪੱਧਰ ’ਤੇ ਫਸਲਾਂ ਦੀ ਪੈਦਾਵਾਰ ਵਿਚ ਆਈ ਕਮੀ ਪ੍ਰਮੁੱਖ ਮੰਨੇ ਜਾ ਰਹੇ ਹਨ। ਇਸ ਤੋਂ ਇਲਾਵਾ ਯੂਕਰੇਨ ਜੰਗ ਵਰਗੀਆਂ ਘਟਨਾਵਾਂ ਕਰ ਕੇ ਖਾਦਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਡੌਨਲਡ ਟਰੰਪ ਵੱਲੋਂ ਲਾਗੂ ਟੈਰਿਫ਼ਸ ਵੀ ਯੋਗਦਾਨ ਪਾ ਰਹੀਆਂ ਹਨ।

Tags:    

Similar News